ਐਸ.ਏ.ਐਸ.ਨਗਰ, 17 ਸਤੰਬਰ : ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਆਰਟੀਫੀਸ਼ਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ (ਐਲੀਮਕੋ) ਦੇ ਸਹਿਯੋਗ ਨਾਲ ਦਿਵਿਆਂਗਾਂ ਦੀ ਸਹਾਇਤਾ ਲਈ ਇੱਕ ਵਿਸ਼ੇਸ਼ ਕੈਂਪ (ਏਡੀਆਈਪੀ) ਲਗਾਇਆ ਗਿਆ।
ਇਸ ਕੈਂਪ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਦੱਸਿਆ ਕਿ ਇਹ ਆਪਣੇ ਕਿਸਮ ਦਾ ਪਹਿਲਾ ਕੈਂਪ ਹੈ ਜਿਸ ਵਿੱਚ ਸਰੀਰਕ ਤੌਰ ’ਤੇ ਅਪਾਹਜ ਲੋਕਾਂ ਨੂੰ ਮੁਫ਼ਤ ਸਹਾਇਕ ਉਪਕਰਣ ਪ੍ਰਦਾਨ ਕੀਤੇ ਗਏ। ਜ਼ਿਲ੍ਹੇ ਦੇ ਕੁੱਲ 38 ਲਾਭਪਾਤਰੀਆਂ ਨੂੰ 60 ਵੱਖ-ਵੱਖ ਸਹਾਇਕ ਉਪਕਰਣ ਪ੍ਰਦਾਨ ਕੀਤੇ ਗਏ ਜਿਨ੍ਹਾਂ ਦੀ ਕੀਮਤ 2.88 ਲੱਖ ਰੁਪਏ ਹੈ। ਵੰਡੇ ਗਏ ਉਪਕਰਣਾਂ ਵਿੱਚ 12 ਟ੍ਰਾਈਸਾਈਕਲ, 6 ਵ੍ਹੀਲ ਚੇਅਰ, 1 ਸੇਰੇਬਲ ਪਲਸੀ (ਸੀਪੀ) ਚੇਅਰ, 10 ਫੌੜ੍ਹੀਆਂ, 2 ਵਾਕਿੰਗ ਸਟਿਕਸ, 156 ਵਾਧੂ ਬੈਟਰੀਆਂ ਸਮੇਤ 26 ਸੁਣਨ ਵਾਲੀਆਂ ਮਸ਼ੀਨਾ, 01 ਸਮਾਰਟ ਕੇਨ ਅਤੇ 02 ਵੱਡੀ ਕੂਹਣੀ ਫੌੜ੍ਹੀਆਂ ਸ਼ਾਮਲ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦਿਵਿਆਂਗਾਂ ਨੂੰ ਅਪਾਹਜਤਾ ਤੋਂ ਉਪਰ ਉਠਣ, ਸਕਾਰਾਤਮਕ ਰਵੱਈਆ ਆਪਣਾਉਣ ਅਤੇ ਖੁਸ਼ਮਿਜ਼ਾਜ ਜ਼ਿੰਦਗੀ ਜੀਉਣ ਲਈ ਪ੍ਰੇਰਿਆ। ਉਹਨਾਂ ਇਹ ਆਸ ਜਤਾਈ ਕਿ ਸਹਾਇਕ ਉਪਕਰਣ ਉਨ੍ਹਾਂ ਦੀਆਂ ਸਰੀਰਕ ਔਕੜਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਵਿੱਚ ਸਹਾਇਤਾ ਕਰਨਗੇ । ਏਡੀਸੀ ਨੇ ਕਿਹਾ ਕਿ ਭਵਿੱਖ ਵਿਚ ਸਹਾਇਕ ਉਪਕਰਣਾਂ ਦੀ ਵੰਡ ਲਈ ਅਜਿਹੇ ਹੋਰ ਕੈਂਪ ਲਗਾਏ ਜਾਣਗੇ ਅਤੇ ਉਨ੍ਹਾਂ ਨੇ ਸਾਰਿਆਂ ਲਈ ਬਿਹਤਰ ਜ਼ਿੰਦਗੀ ਦੀ ਕਾਮਨਾ ਕੀਤੀ।
ਉਹਨਾਂ ਨੇ ਦਿਵਿਆਂਗਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿਵਿਆਂਗਾਂ ਲਈ ਵਿਲੱਖਣ ਆਈਡੀ ਕਾਰਡਾਂ ਲਈ ਆਪਣਾ ਨਾਂ ਦਰਜ ਕਰਵਾਉਣ ਲਈ ਕਿਹਾ ਜੋ ਸਾਰੇ ਭਾਰਤ ਵਿਚ ਪ੍ਰਮਾਣਿਕ ਹਨ।
ਇਸ ਮੌਕੇ ਸ੍ਰੀ ਯਸ਼ਪਾਲ ਸ਼ਰਮਾ ਸਹਾਇਕ ਕਮਿਸ਼ਨਰ (ਜਨਰਲ) ਵੀ ਹਾਜ਼ਰ ਸਨ।
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਕਮਲੇਸ਼ ਕੌਸ਼ਲ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਰਸਮੀ ਤੌਰ ਤੇ ਸਿਰਫ਼ 5 ਵਿਅਕਤੀਆਂ ਨੂੰ ਸਹਾਇਕ ਉਪਕਰਣ ਮੁਹੱਈਆ ਕਰਵਾਏ ਗਏ ਸਨ ਜਦੋਂ ਕਿ ਬਾਕੀ ਵਿਅਕਤੀਆਂ ਨੂੰ ਇਹ ਉਪਕਰਣ ਪੜਾਅਵਾਰ ਢੰਗ ਨਾਲ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਸਮਾਜਿਕ ਦੂਰੀ ਸਬੰਧੀ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਣ ਕੀਤਾ ਗਿਆ।
ਐਲੀਮਕੋ ਤੋਂ ਅਸ਼ੋਕ ਕੁਮਾਰ ਸਾਹੂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਸ਼ਵਵਿਆਪੀ ਕੋਵਿਡ-19 ਮਹਾਂਮਾਰੀ ਕਾਰਨ ਮੌਜੂਦਾ ਸਥਿਤੀ ਦੌਰਾਨ ਦਿਵਿਆਂਗਾਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਨੇ ਭਵਿੱਖ ਦੇ ਉੱਦਮਾਂ ਵਿੱਚ ਏਲਮਕੋ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
No comments:
Post a Comment