ਬੱਸ ਅੱਡਿਆਂ, ਉਸਾਰੀ ਵਾਲੀਆਂ ਥਾਵਾਂ ਅਤੇ ਝੁੱਗੀ-ਝੌਪੜੀ ਵਾਲੇ ਖੇਤਰਾਂ ਵਿੱਚ ਵੀ ਹੋਵੇਗੀ ਟੈਸਟਿੰਗ*
ਐਸ.ਏ.ਐਸ ਨਗਰ, 22 ਸਤੰਬਰ : ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲੇ ਦੇ ਫੂਡ ਬਿਜ਼ਨੈਸ ਆਪ੍ਰੇਟਰਾਂ (ਐਫ.ਬੀ.ਓਜ਼) ਲਈ ਕੋਵਿਡ ਟੈਸਟਿੰਗ ਕੈਂਪ ਲਗਾਏ ਜਾਣਗੇ, ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ ।
ਉਨਾਂ ਦੱਸਿਆ ਕਿ ਜ਼ਿਲੇ ਵਿੱਚ ਸੈਂਪਲਿੰਗ / ਟੈਸਟਿੰਗ ਦੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਸੈਂਪਲਿੰਗ ਵਿੱਚ ਹੋਰ ਤੇਜ਼ੀ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਲਈ ਇਲਾਕਾ /ਮਾਰਕੀਟ ਪੱਧਰ ’ਤੇ ਹਫਤਾਵਾਰੀ ਕੈਂਪ ਆਯੋਜਿਤ ਕੀਤੇ ਜਾਣਗੇ ਜਿਥੇ ਸਾਰੇ ਐਫ.ਬੀ.ਓ ਅਤੇ ਉਨਾਂ ਦੇ ਸਟਾਫ ਦੇ ਨਮੂਨੇ ਲਏ ਜਾਣਗੇ। ਸੈਂਪਲਿੰਗ ਦੌਰਾਨ ਹੋਟਲ / ਰੈਸਟੋਰੈਂਟ ਸਟਾਫ, ਡੇਅਰੀਆਂ, ਕਰਿਆਨਾ / ਗ੍ਰਾਸਰੀ ਸਟੋਰਾਂ, ਸਬਜੀਆਂ / ਫਲ ਵੇਚਣ ਵਾਲਿਆਂ ਦੇ ਸਮੇਤ ਛੋਟੇ ਦੁਕਾਨਦਾਰਾਂ / ਰੇਹੜੀ ਵਾਲਿਆਂ ਆਦਿ ਦੇ ਨਮੂਨੇ ਲਏ ਜਾਣਗੇ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਕੋਵਿਡ -19 ਨੂੰ ਹਰਾਉਣ ਦਾ ਇਕੋ ਇਕ ਰਸਤਾ ਵੱਡੇ ਪੱਧਰ ’ਤੇ ਟੈਸਟਿੰਗ ਕਰਨਾ ਹੈ। ਅਸੀਂ ਕੰਟੇਨਮੈਂਟ ਜੋਨ, ਪਾਜ਼ੇਟਿਵ ਮਰੀਜਾਂ ਦੇ ਸੰਪਰਕ, ਆਪਣੇ ਆਪ ਅੱਗੇ ਆ ਰਹੇ ਲੋਕਾਂ, ਸ਼ੱਕੀ ਮਰੀਜਾਂ, ਅੰਤਰ-ਰਾਸ਼ਟਰੀ ਯਾਤਰੀਆਂ, ਘਰੇਲੂ ਯਾਤਰੀਆਂ, ਜਨਤਕ ਲੈਣ-ਦੇਣ ਵਿੱਚ ਸ਼ਾਮਲ ਸਰਕਾਰੀ ਦਫਤਰਾਂ ਵਿੱਚ ਟੈਸਟਿੰਗ ਕਰਵਾ ਰਹੇ ਹਾਂ । ਸ਼ਹਿਰ ਅਤੇ ਰਾਜ ਵਲੋਂ ਹੌਲੀ ਹੌਲੀ ਲਾਕਡਾਊਨ ਦੀਆਂ ਪਾਬੰਦੀਆਂ ਵਿੱਚ ਢਿੱਲ ਦੇਣ ਸਦਕਾ ਵੱਧ ਤੋਂ ਵੱਧ ਆਬਾਦੀ ਦਾ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਸਭ ਤੋਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਵਿੱਚੋਂ ਇੱਕ ਹੋਣ ਕਰਕੇ ਫੂਡ ਸੈਕਟਰ ਦਾ ਹਰੇਕ ਘਰ ਵਿੱਚ ਪੈਰ-ਪਸਾਰਾ ਹੋ ਜਾਂਦਾ ਹੈ। ਇਸ ਲਈ, ਸਥਾਨਕ ਤੌਰ ’ਤੇ ਕੋਵਿਡ ਦੇ ਪਸਾਰ ਨੂੰ ਰੋਕਣ ਲਈ ਅਸੀਂ ਇਸ ਖੇਤਰ ਵਿਚ ਨਮੂਨੇ / ਟੈਸਟਿੰਗ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ। ਜਲਦ ਹੀ ਸੇਵਾਵਾਂ ਦੇ ਹੋਰ ਖੇਤਰਾਂ ਜਿਵੇਂ ਬੈਂਕ, ਟ੍ਰਾਂਸਪੋਰਟ ਕੰਪਨੀਆਂ, ਸੰਚਾਰ / ਕੰਸਲਟੈਂਸੀ, ਬੀਮਾ ਆਦਿ ਨੂੰ ਟੈਸਟਿੰਗ ਦੇ ਘੇਰੇ ਵਿਚ ਲਿਆਂਦਾ ਜਾਵੇਗਾ।
ਉਨਾਂ ਕਿਹਾ ਕਿ ਬੱਸ ਅੱਡੇ, ਉਸਾਰੀ ਵਾਲੀਆਂ ਥਾਵਾਂ ਅਤੇ ਝੁੱਗੀਆਂ ਵਿਖੇ ਵੀ ਇਕ ਸਮਾਨ ਮੁਹਿੰਮ ਤਹਿਤ ਟੈਸਟਿੰਗ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਅਸੀਂ ਬਹੁ-ਗਿਣਤੀ ਕਰਮਚਾਰੀਆਂ ਵਾਲੇ ਅਦਾਰਿਆਂ / ਸੰਸਥਾਵਾਂ ਲਈ ਮੌਕੇ ’ਤੇ ਟੈਸਟਿੰਗ ਦੀ ਸਹੂਲਤ ਉਪਲਬਧ ਕਰਵਾਉਣ ਜਾ ਰਹੇ ਹਾਂ । ਉਨਾਂ ਕਿਹਾ ਕਿ ਸਬੰਧਤ ਸੰਸਥਾ ਆਪਣੇ ਸਥਾਨਕ ਐਸ.ਡੀ.ਐਮ ਨਾਲ ਤਾਲਮੇਲ ਕਰਕੇ ਆਪਣੀ ਸੰਸਥਾ ਜਾਂ ਅਦਾਰੇ ਵਿੱਚ ਨਮੂਨੇ ਲੈਣ ਲਈ ਟੀਮ ਦੀ ਤਾਇਨਾਤੀ ਕਰਵਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਸਾਰੇ ਐਫ.ਬੀ.ਓਜ ਨੂੰ ਅਪੀਲ ਕੀਤੀ ਕਿ ਉਹ ਟੈਸਟਿੰਗ ਮੁਹਿੰਮ ਦਾ ਲਾਭ ਲੈਣ। ਉਨਾਂ ਕਿਹਾ ਕਿ ਕੋਵਿਡ ਨੇਗੇਟਿਵ ਸਟਾਫ ਨਾ ਸਿਰਫ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ ਸਗੋਂ ਗਾਹਕਾਂ ਦਾ ਭਰੋਸਾ ਵੀ ਬੱਝੇਗਾ ਜਿਸ ਨਾਲ ਵਿਕਰੀ ਵਧੇਗੀ।
ਹੁਣ ਤੱਕ ਜ਼ਿਲੇ ਵਿਚ ਲਗਭਗ 67,000 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ।
No comments:
Post a Comment