ਐਸ ਏ ਐਸ ਨਗਰ, 2 ਅਕਤੂਬਰ : ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਢੰਗ ਨਾਲ ਸੇਧ ਦੇਣ ਦੇ ਉਦੇਸ਼ ਅਤੇ ਰਾਜ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ।
ਪੇਂਡੂ ਖੇਡ ਮੈਦਾਨਾਂ ਦੀ ਜਿਲ੍ਹਾ ਪੱਧਰੀ ਡਿਜੀਟਲ ਲਾਂਚ ਦੀ ਪ੍ਰਧਾਨਗੀ ਕਰਦਿਆਂ ਸ: ਸਿੱਧੂ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਰਾਜ ਦੇ ਪੇਂਡੂ ਖੇਤਰਾਂ ਵਿੱਚ 105 ਕਰੋੜ ਰੁਪਏ ਦੀ ਲਾਗਤ ਨਾਲ 750 ਖੇਡ ਸਟੇਡੀਅਮ ਅਤੇ ਮੈਦਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਉਕਤ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਆਗਾਜ਼ ਕਰ ਦਿੱਤਾ ਹੈ ਜਿਸ ਤਹਿਤ ਪ੍ਰਤੀ ਬਲਾਕ ਇੱਕ ਖੇਡ ਸਟੇਡੀਅਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐਸ.ਏ.ਐਸ.ਨਗਰ ਵਿਖੇ ਤਿੰਨ ਖੇਡ ਮੈਦਾਨ ਵਿਕਸਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਖਰੜ ਦੇ ਦਾਊਂ ਮਾਜਰਾ, ਮਾਜਰੀ ਦੇ ਬਰਸਾਲਪੁਰ ਤੱਪੜੀਆਂ ਅਤੇ ਡੇਰਾਬਸੀ ਬਲਾਕ ਵਿੱਚ ਚਡਿਆਲਾ ਦੇ ਖੇਡ ਮੈਦਾਨ ਸ਼ਾਮਲ ਹਨ।
ਦਾਊਂ ਮਾਜਰਾ ਵਿਖੇ 12 ਲੱਖ ਦੀ ਲਾਗਤ ਨਾਲ 1 ਏਕੜ ਵਿੱਚ, ਬਰਸਲਪੁਰ ਤੱਪੜੀਆਂ ਵਿਖੇ 37 ਲੱਖ ਦੀ ਲਾਗਤ ਨਾਲ 2 ਏਕੜ ਵਿੱਚ ਅਤੇ ਚਡਿਆਲਾ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਚਾਰ ਏਕੜ ਦੇ ਰਕਬੇ ਵਿਚ ਖੇਡ ਮੈਦਾਨ ਵਿਕਸਤ ਕੀਤੇ ਜਾਣਗੇ।
ਇਹ ਖੇਡ ਮੈਦਾਨ ਵੱਖ ਵੱਖ ਖੇਡਾਂ ਸਬੰਧੀ ਲੋੜਾਂ ਨੂੰ ਵਿਸ਼ੇਸ਼ ਧਿਆਨ ਵਿੱਚ ਰੱਖਦਿਆਂ ਬਣਾਏ ਜਾ ਰਹੇ ਹਨ। ਆਮ ਤੌਰ 'ਤੇ ਇਨ੍ਹਾਂ ਵਿਚ ਕਬੱਡੀ, ਹਾਕੀ / ਫੁਟਬਾਲ, ਵਾਲੀਬਾਲ ਅਤੇ ਕ੍ਰਿਕਟ ਤੋਂ ਇਲਾਵਾ ਇਕ ਓਪਨ ਜਿੰਮ ਅਤੇ 400 ਮੀਟਰ ਦੌੜ ਦਾ ਟ੍ਰੈਕ ਸ਼ਾਮਲ ਹੈ। ਹਰੇ-ਭਰੇ ਤੇ ਸੁਹਾਵਣੇ ਵਾਤਾਵਰਣ ਲਈ ਮੈਦਾਨ ਦੇ ਨਾਲ-ਨਾਲ ਸੰਘਣੇ ਬੂਟੇ ਲਗਾਉਣ ਦੀ ਤਜਵੀਜ਼ ਕੀਤੀ ਗਈ ਹੈ।
ਬਲਬੀਰ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਖੇਡਾਂ ਵਿੱਚ ਰੁਝੇਵਿਆਂ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇਗਾ ਅਤੇ ਉਨ੍ਹਾਂ ਨੂੰ ਪੁਲਿਸ / ਫੌਜ ਵਿੱਚ ਭਰਤੀ ਹੋਣ ਲਈ ਰਾਹ ਪੱਧਰੇ ਹੋਣਗੇ।
No comments:
Post a Comment