SBP GROUP

SBP GROUP

Search This Blog

Total Pageviews

1 ਜਨਵਰੀ ਤੋਂ ਮੁਹਾਲੀ ਵਿਚ ਇਕੋ ਜਿਹੇ ਪਾਣੀ ਅਤੇ ਸੀਵਰੇਜ ਉਪਭੋਗਤਾ ਚਾਰਜ ਲਾਗੂ ਹੋਣਗੇ -ਬਲਬੀਰ ਸਿੰਘ ਸਿੱਧੂ

 ਮੁਹਾਲੀ, 15 ਦਸੰਬਰ : ਮੋਹਾਲੀ ਦੇ ਵਸਨੀਕਾਂ ਨੂੰ ਵੱਡੀ ਰਾਹਤ ਦਿੰਦਿਆਂ, 1 ਜਨਵਰੀ, 2021 ਤੋਂ ਮੁਹਾਲੀ ਵਿਖੇ ਪਾਣੀ ਅਤੇ ਸੀਵਰੇਜ ਲਈ ਇਕੋ ਜਿਹੇ ਉਪਭੋਗਤਾ ਚਾਰਜ ਲਾਗੂ ਹੋਣਗੇ। ਇਹ ਜਾਣਕਾਰੀ ਕੈਬਨਿਟ ਮੰਤਰੀ-ਕਮ-ਵਿਧਾਇਕ ਮੁਹਾਲੀ ਵਿਧਾਨ ਸਭਾ ਹਲਕaa ਸ. ਬਲਬੀਰ ਸਿੰਘ ਸਿੱਧੂ ਨੇ ਦਿੱਤੀ।


ਇਸ ਨਾਲ ਸੈਕਟਰ 66 ਤੋਂ 69 ਅਤੇ ਸੈਕਟਰ 76 ਤੋਂ 80 ਦੇ ਉਹਨਾਂ ਵਸਨੀਕਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਜਿਹਨਾਂ ਕੋਲੋਂ ਗਮਾਡਾ ਵਲੋਂ ਮੋਹਾਲੀ ਨਗਰ ਨਿਗਮ ਦੇ ਹੋਰਨਾਂ ਇਲਾਕਿਆਂ ਦੇ ਵਸਨੀਕਾਂ ਦੇ ਮੁਕਾਬਲੇ ਵਧੇਰੇ ਖਰਚੇ ਵਸੂਲੇ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਵਿਚ ਵੱਡੀ ਅਸਮਾਨਤਾ ਹੈ ਕਿਉਂਕਿ ਗਮਾਡਾ ਰਿਹਾਇਸ਼ੀ / ਵਪਾਰਕ ਅਤੇ ਪਾਣੀ ਦੇ ਹੋਰ ਕਿਸਮ ਦੇ  ਕੁਨੈਕਸ਼ਨਾਂ ਲਈ ਲਗਭਗ 5 ਤੋਂ 20 ਰੁਪਏ ਪ੍ਰਤੀ ਕਿਲੋਲੀਟਰ (1000 ਲੀਟਰ) ਤੱਕ ਚਾਰਜ ਕਰਦਾ ਹੈ ਜਦਕਿ ਨਗਰ ਨਿਗਮ 1.80 ਰੁਪਏ ਤੋਂ ਲੈ ਕੇ 5 ਰੁਪਏ ਪ੍ਰਤੀ ਕਿਲੋਲੀਟਰ ਚਾਰਜ ਕਰਦਾ ਹੈ। 


ਮਿਊਂਸੀਪਲ ਭਵਨ ਮੁਹਾਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਨੇ ਦੱਸਿਆ ਕਿ ਆਪ੍ਰੇਸ਼ਨ ਐਂਡ ਮੇਨਟੇਨੈਂਸ (ਓ.ਐਂਡ.ਐੱਮ.) ਆਫ਼ ਪਬਲਿਕ ਹੈਲਥ ਸਰਵਿਸਿਜ਼ ਦਾ ਅਧਿਕਾਰਤ ਮਤਾ ਪਾਸ ਕੀਤਾ ਗਿਆ ਅਤੇ ਗਮਾਡਾ ਨੇ 25 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਸੌਂਪ ਦਿੱਤੀ ਜਦਕਿ ਲਗਭਗ 20 ਤੋਂ 25 ਕਰੋੜ ਰੁਪਏ ਦੀ ਹੋਰ ਕਿਸ਼ਤ ਮਾਰਚ 2021 ਵਿੱਚ ਦਿੱਤੀ ਜਾਵੇਗੀ। 
ਉਨ੍ਹਾਂ ਕਿਹਾ ਕਿ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ (ਯੂ.ਈ.ਆਈ.ਪੀ.) ਤਹਿਤ ਸ਼ਹਿਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਸ ਤਹਿਤ 20 ਕਰੋੜ ਰੁਪਏ ਮਿਲੇ ਹਨ। ਉਹਨਾਂ ਅੱਗੇ ਦੱਸਿਆ ਕਿ ਹੁਣ ਮਿਲੇ 45 ਕਰੋੜ ਰੁਪਏ ਤੋਂ ਇਲਾਵਾ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਲਈ 100 ਕਰੋੜ ਰੁਪਏ ਖਰਚੇ ਜਾਣਗੇ ਜਿਨ੍ਹਾਂ ਨਾਲ ਮੁਹਾਲੀ ਜ਼ਿਲ੍ਹੇ ਦੀ  ਹਰ ਗਲੀ , ਹਰ ਖੂੰਜੇ ਦਾ ਵਿਆਪਕ ਵਿਕਾਸ ਕੀਤਾ ਜਾਵੇਗਾ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਦ ਲੱਗਣਗੇ। 
ਇਕ ਹੋਰ ਮਹੱਤਵਪੂਰਨ ਘੋਸ਼ਣਾ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ ਨਵੇਂ ਵਿੱਤੀ ਵਰ੍ਹੇ, 1 ਅਪ੍ਰੈਲ ਤੋਂ ਗਮਾਡਾ ਦੀ ਥਾਂ ਮੁਹਾਲੀ ਨਗਰ ਨਿਗਮ ਸ਼ਹਿਰ ਦੀਆਂ ਸੜਕਾਂ ਅਤੇ ਪਾਰਕਾਂ ਦਾ ਰੱਖ-ਰਖਾਵ ਕਰੇਗਾ। ਗਮਾਡਾ ਵੱਲੋਂ ਕੰਮ ਮੁਕੰਮਲ ਕੀਤੇ ਕੰਮਾਂ ਦਾ  ਸਰਵੇਖਣ ਜਾਰੀ ਹੈ ਅਤੇ ਇਸ ਉਪਰੰਤ ਮੁਹਾਲੀ ਨਗਰ ਨਿਗਮ ਆਪ੍ਰੇਸ਼ਨ ਅਤੇ ਮੇਨਟੇਨੈਂਸ ਨੂੰ ਆਪਣੇ ਹੱਥਾਂ ਵਿਚ ਲੈ ਲਵੇਗਾ। ਉਨ੍ਹਾਂ ਕਿਹਾ ਕਿ ਹੁਣ ਰੱਖ-ਰਖਾਅ ਦਾ ਕੰਮ ਸੌਖਾ ਅਤੇ ਜਲਦੀ ਹੋਵੇਗਾ ਅਤੇ ਲੋਕ ਪਹਿਲਾਂ ਨਾਲੋਂ ਵਧੇਰੇ ਸੰਤੁਸ਼ਟ ਹੋਣਗੇ ਕਿਉਂਜੋ ਸਥਾਨਕ ਕੌਂਸਲਰ ਸਥਾਨਕ ਸੜਕਾਂ ਅਤੇ ਸ਼ਹਿਰ ਦੇ ਲਗਭਗ 565 ਵੱਡੇ ਅਤੇ ਛੋਟੇ ਪਾਰਕਾਂ ਦੀ ਲੋੜੀਂਦੀ ਮੁਰੰਮਤ ਅਤੇ ਰੱਖ-ਰਖਾਅ, ਆਪ ਪਹਿਚਾਣ ਕੇ , ਲੋੜ ਅਨੁਸਾਰ ਕਰਵਾ ਸਕਣਗੇ। 
ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿੱਚ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਜਨ ਸਿਹਤ ਸੇਵਾਵਾਂ ਦੇ ਸੰਚਾਲਨ ਅਤੇ ਰੱਖ ਰਖਾਵ ਲਈ ਪੈਸੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਮੁਸ਼ਕਿਲ ਨਾਲ ਨਗਰ ਨਿਗਮ ਨੂੰ 4 ਅਤੇ 5 ਕਰੋੜ ਰੁਪਏ ਦੀਆਂ ਦੋ ਕਿਸ਼ਤਾਂ ਦਿੱਤੀਆਂ ਗਈਆਂ ਜਿਸ ਕਾਰਨ ਸ਼ਹਿਰ ਦੀ ਸਾਂਭ-ਸੰਭਾਲ ਢੁੱਕਵੇਂ ਢੰਗ ਨਾਲ ਨਾ ਹੋ ਸਕੀ। ਇਸ ਦੇ ਉਲਟ, ਹੁਣ ਸਾਰੇ ਪਹਿਲੂਆਂ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਦਾ ਕੰਮ ਜ਼ੋਰਾਂ ‘ਤੇ ਹੈ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਕਮਲ ਗਰਗ, ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਕੁਲਜੀਤ ਸਿੰਘ ਬੇਦੀ, ਪਰਵਿੰਦਰ ਕੌਰ, ਕੁਲਵਿੰਦਰ ਸਿੰਘ ਸੰਜੂ, ਅਮਰੀਕ ਸਿੰਘ ਸੋਮਲ, ਜਸਵੀਰ ਸਿੰਘ ਮਨਕੂ, ਰਾਕੇਸ਼ ਲਕੋਤਰਾ, ਵਨੀਤ ਮਲਿਕ, ਹਰਜੀਤ ਸਿੰਘ ਭੋਲੂ ਸੋਹਾਣਾ, ਸੁੱਚਾ ਸਿੰਘ ਕਲੌੜ, ਨਵਜੋਤ ਸਿੰਘ ਬਚਲ, ਤ੍ਰਿਲੋਚਨ ਸਿੰਘ, ਗੁਰਮੁੱਖ ਸਿੰਘ, ਹਰਦਿਆਲ ਚੰਦ ਬੜਬਰ ,ਚੈਰੀ ਸਿੱਧੂ, ਰਘਬੀਰ ਸਿੰਘ ਸੰਧੂ, ਇੰਦਰਜੀਤ ਸਿੰਘ,  ਅਤੇ ਹੋਰ ਪਤਵੰਤੇ ਹਾਜ਼ਰ ਸਨ।

No comments:


Wikipedia

Search results

Powered By Blogger