ਚੰਡੀਗੜ੍ਹ, 10 ਦਸੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇ ਰਾਜ ਮੰਤਰੀ ਰਾਵਸਾਹਿਬ ਦਾਨਵੇ ਵੱਲੋਂ ਅੰਦੋਲਨਕਾਰੀ ਕਿਸਾਨਾਂ ਨੂੰ ਪਾਕਿਸਤਾਨ ਅਤੇ ਚੀਨ ਦਾ ਏਜੰਟ ਦੱਸਣਾ ਬਹੁਤ ਹੀ ਮੰਦਭਾਗਾ ਹੈ, ਜਿਹੜਾ ਕਿਸਾਨ ਦਿਨ-ਰਾਤ ਮਿਹਨਤ ਕਰਕੇ ਪੂਰੇ ਦੇਸ਼ ਦਾ ਢਿੱਡ ਭਰਦਾ ਹੈ, ਕਿ ਉਹ ਕਿਸਾਨ ਅੱਜ ਭਾਜਪਾ ਲਈ ਅੱਤਵਾਦੀ ਬਣ ਗਿਆ? ਸਿਰਫ ਇਸ ਲਈ ਕਿਉਂਕਿ ਉਹ ਕਾਲੇ ਕਾਨੂੰਨ ਦਾ ਵਿਰੋਧ ਕਰ ਰਿਹਾ ਹੈ? ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੀ ਦੋਸਤੀ ਕਿਸੇ ਤੋਂ ਲੁਕੀ ਨਹੀਂ ਹੈ, ਪਰੰਤੂ ਇਹ ਉਨ੍ਹਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਤੱਕ ਨੂੰ ਵੇਚ ਦੇਵੇਗਾ ਇਹ ਉਮੀਦ ਨਹੀਂ ਸੀ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦਾ ਇਕ ਮੰਤਰੀ ਕਹਿ ਰਿਹਾ ਹੈ ਕਿ ਕਿਸਾਨ ਅੰਦੋਲਨ 'ਚ ਚੀਨ ਅਤੇ ਪਾਕਿਸਤਾਨ ਦਾ ਹੱਥ ਹੈ। ਮੋਦੀ ਸਰਕਾਰ ਆਪਣੇ ਜੁਮਲਾਬਾਜ਼ ਗੈਂਗ ਨੂੰ ਸਮਝਾਏ ਕਿ ਇਸ ਅੰਦੋਲਨ ਵਿਚ ਚੀਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਉਤੇ ਦੇਸ਼ ਦੀ ਰੱਖਿਆ ਕਰਨ ਵਾਲੇ ਬਹਾਦਰ ਜਵਾਨਾਂ ਦੇ ਮਾਤਾ-ਪਿਤਾ, ਦਾਦਾ-ਦਾਦੀ, ਭਾਈ-ਭੈਣ ਅਤੇ ਪੁੱਤਰ-ਭਤੀਜੇ ਸ਼ਾਮਲ ਹਨ, ਇਸ ਲਈ ਉਹ ਆਪਣੀ ਜ਼ੁਬਾਨ ਉਤੇ ਕਾਬੂ ਰੱਖੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀ ਹੋਸ ਭੁਲਾ ਚੁੱਕੀ ਹੈ ਅਤੇ ਹੁਣ ਅੰਬਾਨੀ-ਅਡਾਨੀ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਕੰਮ ਕਰ ਰਹੀ ਹੈ। ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਭਾਰਤ ਦੇ ਕਿਸਾਨ ਜਦੋਂ ਇਕਜੁੱਟ ਹੋ ਗਏ ਤਾਂ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣੇ ਮੋਦੀ ਸਰਕਾਰ ਦੇ ਮੰਤਰੀਆਂ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਿਆ ਹੈ ਜਿਸ ਕਰਕੇ ਊਲ-ਜਲੂਲ ਦੀਆਂ ਗੱਲਾਂ ਕਰ ਰਹੇ ਹਨ। ਅਸਲ ਵਿਚ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਬਣ ਚੁੱਕੀ ਹੈ ਅਤੇ ਆਪਣੇ ਕਾਰਪੋਰੇਟ ਅਕਾਵਾਂ ਨਾਲ ਵਫਾਦਾਰੀ ਕਰਦੇ ਹੋਏ ਦੇਸ਼ ਦੇ ਅੰਨਦਾਤਾ, ਜਵਾਨ ਨੂੰ ਬਦਨਾਮ ਕਰ ਰਹੀ ਹੈ। ਹੁਣ ਮੋਦੀ ਸਰਕਾਰ ਦੀ ਆਪਣੇ ਅਕਾਵਾਂ ਨੂੰ ਖੁਸ਼ ਕਰਨ ਲਈ ਕੀਤੀ ਜਾ ਰਹੀ ਗੰਦੀ ਰਾਜਨੀਤੀ ਜਨਤਕ ਹੋ ਰਹੀ ਹੈ।ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਜਦੋਂ ਵੀ ਦੇਸ਼ ਭਰ ਵਿਚ ਹੱਕਾਂ ਲਈ ਲੋਕਾਂ ਨੇ ਮੋਦੀ ਸਰਕਾਰ ਵਿਰੁੱਧ ਕੋਈ ਆਵਾਜ਼ ਉਠੀ ਤਾਂ ਹਮੇਸ਼ਾ ਉਸ ਨੂੰ ਕਿਤੇ ਫਿਰਕੂ ਰੰਗਤ, ਨਕਸਲੀ ਰੰਗਤ ਜਾਂ ਫਿਰ ਪਾਕਿਸਤਾਨ ਤੇ ਚੀਨ ਨਾਲ ਜੋੜਦੀ ਰਹੀ ਹੈ। ਪੂਰਾ ਦੇਸ਼ ਹੁਣ ਇਹ ਜਾਣ ਚੁੱਕਿਆ ਹੈ ਕਿ ਭਾਜਪਾ ਜਦੋਂ ਹਾਰਨ ਦੀ ਸਥਿਤੀ ਉੱਤੇ ਆ ਜਾਂਦੀ ਹੈ ਤਾਂ ਉਹ ਚੀਨ ਅਤੇ ਪਾਕਿਸਤਾਨ ਦੇ ਬਹਾਨੇ ਅੰਦੋਲਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀ ਹੈ, ਪ੍ਰੰਤੂ ਹੁਣ ਮੋਦੀ ਸਰਕਾਰ ਨੂੰ ਕੰਧ ਉਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਦੇਸ਼ ਦੇ ਕਿਸਾਨ, ਮਜ਼ਦੂਰ, ਨੌਜਵਾਨ, ਵਪਾਰੀ, ਮੁਲਾਜ਼ਮ ਤੇ ਅਵਾਮ ਮੋਦੀ ਦੀ ਤਾਨਾਸ਼ਾਹੀ ਖਿਲਾਫ ਇਕੱਠੇ ਹੋ ਚੁੱਕੇ ਹਨ। ਇਸ ਅੰਦੋਲਨ ਤੋਂ ਘਬਰਾਈ ਮੋਦੀ ਸਰਕਾਰ ਨੂੰ ਹੁਣ ਕਿਸਾਨਾਂ ਦੇ ਪਿੱਛੇ ਖੜ੍ਹੇ ਦੇਸ਼ ਦੇ ਨਾਗਰਿਕ ਪਾਕਿਸਤਾਨੀ ਅਤੇ ਚੀਨੀ ਲੱਗਣ ਲੱਗੇ ਹਨ। ਆਗੂ ਨੇ ਕਿਹਾ ਕਿ ਮੋਦੀ ਸਰਕਾਰ ਆਪਣਾ ਅੜੀਅਲ ਰਵੱਈਆ ਛੱਡਦੇ ਹੋਏ ਦੇਸ਼ ਦੇ ਲੋਕਾਂ ਸਾਹਮਣੇ ਆਪਣੀ ਹਾਰ ਮੰਨਦੀ ਹੋਈ ਕਾਲੇ ਕਾਨੂੰਨ ਵਾਪਸ ਲਵੇ ਅਤੇ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਬੇਤੁੱਕੀ ਬਿਆਨਬਾਜ਼ੀ ਉਤੇ ਲਗਾਮ ਕਸੇ।
No comments:
Post a Comment