ਐਸ ਏ ਐਸ ਨਗਰ (ਗੁਰਪ੍ਰੀਤ ਸਿੰਘ ਕਾਂਸਲ), 27 ਫਰਵਰੀ :
ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਡਾ. ਜੀ.ਬੀ. ਸਿੰਘ ਨੇ ਵਿਸ਼ਵ ਕੈਂਸਰ ਦਿਵਸ ਸੰਬੰਧੀ ਰਾਜ ਪੱਧਰੀ ਸਾਈਕਲ ਰੈਲੀ ਅਤੇ ਤਿੰਨ ਜਾਗਰੂਕ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਾਈਕਲ ਰੈਲੀ ਬਾਰਬੀ-ਕਿਉ ਨੇਸ਼ਨ ਕੰਪਲੈਕਸ ਤੋਂ ਗੁਰੂਦੁਆਰਾ ਸਾਹਿਬ, ਫੇਜ਼-11, ਐਸ.ਏ.ਐਸ. ਨਗਰ (ਮੋਹਾਲੀ) ਤੱਕ ਕੱਢੀ ਗਈ। ਇਸ ਵਿੱਚ ਆਮ ਲੋਕਾਂ ਨੇ ਉਤਸਾਹ ਦਿਖਾਇਆ, ਜਿਸ ਵਿੱਚ ਬੱਚਿਆਂ ਤੇ ਮਹਿਲਾਵਾਂ ਨੇ ਵਿਸ਼ੇਸ਼ ਤੌਰ ਤੇ ਦਿਲਚਸਪੀ ਦਿਖਾਈ।
ਇਸ ਦੌਰਾਨ ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਨੇ ਦੱਸਿਆ ਕਿ ਵਿਸ਼ਵ ਕੈਂਸਰ ਦਿਵਸ ਦੇ ਸੰਬੰਧ ਵਿੱਚ ਇਹ ਵਿਸ਼ੇਸ਼ ਸਾਈਕਲ ਰੈਲੀ ਕੱਢੀ ਗਈ ਹੈ। ਪੰਜਾਬ ਭਰ ਵਿੱਚ ਵਿਸ਼ਵ ਕੈਂਸਰ ਦਿਵਸ ਦੇ ਥੀਮ ' ਮੈਂ ਹਾਂ ਤੇ ਮੈਂ ਰਹਾਂਗਾ ' (I Am & I Will) ਸਾਈਕਲ ਰੈਲੀਆਂ ਦਾ ਆਯੋਜਨ ਕੀਤਾ ਗਿਆ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨਾ ਹੈ ਅਤੇ ਲੋਕਾਂ ਨੂੰ ਲਾਈਫ ਸਟਾਈਲ ਵਿੱਚ ਬਦਲਾਵ ਕਰਨ ਲਈ ਪ੍ਰੇਰਿਤ ਕਰਨਾ ਹੈ।
ਇਸਦੇ ਨਾਲ ਹੀ ਉਨ੍ਹਾਂ ਵੱਲੋਂ ਤਿੰਨ ਜਾਗਰੂਕ ਵੈਨਾਂ ਨੂੰ ਹਰੀ ਝੰਡੀ ਦਿੱਤੀ ਗਈ l ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਤਿੰਨ ਵੈਨਾਂ ਇੱਕ ਮਹੀਨੇ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਕੈਂਸਰ ਸੰਬੰਧੀ ਜਾਗਰੂਕ ਕਰਨਗੀਆਂ l
ਡਾ. ਜੀ.ਬੀ. ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਹਰੇਕ ਕੈਂਸਰ ਮਰੀਜ ਨੂੰ 1.50 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਮਰੀਜਾਂ ਦੀ ਜੇਬ ਤੇ ਪੈਣ ਵਾਲੇ ਬੋਝ ਨੂੰ ਘੱਟ ਕੀਤਾ ਜਾ ਸਕੇ। ਹੁਣ ਤੱਕ ਪੰਜਾਬ ਸਰਕਾਰ ਵੱਲੋਂ 836 ਕਰੋੜ ਰੁਪਏ ਖਰਚ ਕਰਕੇ 64158 ਮਰੀਜਾਂ ਦਾ ਇਲਾਜ ਕੀਤਾ ਗਿਆ।
ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਕੈਂਸਰ ਵਿਸ਼ਵ ਭਰ ਵਿੱਚ ਮੌਤ ਦਰ ਦਾ ਦੂਜਾ ਸਭ ਤੋਂ ਵੱਡਾ ਕਾਰਣ ਕੈਂਸਰ ਹੈ ਅਤੇ 2018 ਵਿੱਚ 9.6 ਮਿਲੀਅਨ ਲੋਕਾਂ ਦੀ ਮੌਤ ਕੈਂਸਰ ਕਾਰਣ ਹੋ ਚੁੱਕੀ ਹੈ। ਕੈਂਸਰ ਤੇ ਕਾਬੂ ਪਾਇਆ ਜਾ ਸਕਦਾ ਹੈ, ਜੇਕਰ ਇਸ ਬਾਰੇ ਸ਼ੁਰੂਆਤੀ ਦੌਰ ਵਿੱਚ ਪਤਾ ਲੱਗ ਜਾਵੇ। ਜਲਦੀ ਪਹਿਚਾਣ ਲਈ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਲੋਕ ਕੈਂਸਰ ਦੇ ਲੱਛਣ ਤੇ ਚਿੰਨ੍ਹ ਸਾਹਮਣੇ ਆਉਣ ਤੇ ਜਲਦੀ ਜਾਂਚ ਕਰਵਾਈ ਜਾਵੇ। ਕੈਂਸਰ ਦੀ ਜਲਦੀ ਪਹਿਚਾਣ ਕਰਕੇ ਉਸਦਾ ਸ਼ੁਰੂਆਤੀ ਸਟੇਜ ਤੇ ਹੀ ਸਫਲ ਇਲਾਜ ਕਰਕੇ ਬਹੁਤ ਸਾਰੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।
ਡਾਇਰੈਕਟਰ ਸਿਹਤ ਸੇਵਾਵਾਂ ਨੇ ਦੱਸਿਆ ਕਿ ਪੰਜਾਬ ਵਿੱਚ ਨੈਸ਼ਨਲ ਪ੍ਰੋਗਰਾਮ ਫਾਰ ਕੈਂਸਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਕੈਂਸਰ, ਡਾਇਬਟੀਜ਼, ਕਾਰਡੀਓਵਸਕੁਲਰ ਡਿਜੀਜ਼ ਐਂਡ ਸਟਰੋਕ (ਐਨਪੀਸੀਡੀਸੀਐਸ) ਅਧੀਨ 30 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਦੀ ਏਐਨਐਮ ਵੱਲੋਂ ਓਰਲ, ਬਰੈਸਟ ਤੇ ਸਰਵਾਈਕਲ ਕੈਂਸਰ ਸਕਰੀਨਿੰਗ ਕੀਤੀ ਜਾਂਦੀ ਹੈ ਅਤੇ ਸ਼ੱਕੀ ਮਰੀਜਾਂ ਨੂੰ ਅਗਲੇਰੀ ਜਾਂਚ ਤੇ ਇਲਾਜ ਲਈ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਂਦਾ ਹੈ। ਇਸ ਮੌਕੇ ਤੇ ਸਿਵਲ ਸਰਜਨ ਮੋਹਾਲੀ ਡਾ. ਅਦੇਸ਼ਪਾਲ ਕੌਰ , ਪ੍ਰੋਗਰਾਮ ਅਫ਼ਸਰ ਐਨਪੀਸੀਡੀਸੀਐਸ ਡਾ. ਸੰਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।
No comments:
Post a Comment