SBP GROUP

SBP GROUP

Search This Blog

Total Pageviews

Tuesday, February 16, 2021

ਅਦਾਲਤ ਦੇ ਦਖਲ ਉਪਰੰਤ ਬਦੀ ਉਤੇ ਨੇਕੀ ਦੀ ਹੋਈ ਜਿੱਤ, ਬਲਬੀਰ ਸਿੱਧੂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਤੁਰੰਤ ਦੇਣ ਅਸਤੀਫ਼ਾ : ਕੁਲਵੰਤ ਸਿੰਘ

 ਮੋਹਾਲੀ, 16 ਫ਼ਰਵਰੀ ( ਗੁਰਪ੍ਰੀਤ ਸਿੰਘ ਕਾਂਸਲ ) : ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਸਬੰਧੀ 14 ਫ਼ਰਵਰੀ ਨੂੰ ਵੋਟਿੰਗ ਪ੍ਰਕਿਰਿਆ ਦੌਰਾਨ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਸਕੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੀ ਗਈ ਗੁੰਡਾਗਰਦੀ ਤੇ ਬੇਈਮਾਨੀ ਦਾ ਲੱਕ ਅੱਜ ਉਦੋਂ ਟੁੱਟ ਗਿਆ ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਦਖਲ ਉਪਰੰਤ ਚੋਣ ਕਮਿਸ਼ਨ ਨੂੰ ਦੋ ਬੂਥਾਂ ਉਤੇ ਮੁਡ਼ ਤੋਂ ਵੋਟਿੰਗ ਕਰਵਾਉਣ ਲਈ ਮਜ਼ਬੂਰ ਹੋਣਾ ਪੈ ਗਿਆ। 


ਅੱਜ ਇੱਥੇ ਸੈਕਟਰ 79 ਸਥਿਤ ਦਫ਼ਤਰ ਵਿੱਚ ਅਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ, ਪਰਵਿੰਦਰ ਸਿੰਘ ਸੋਹਾਣਾ ਅਤੇ ਵਾਰਡ ਨੰਬਰ 10 ਤੋਂ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਉਕਤ ਜਾਣਕਾਰੀ ਦਿੱਤੀ।
ਸ੍ਰ. ਕੁਲਵੰਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਸਕੇ ਭਰਾ ਨੂੰ ਗੁੰਡਾਗਰਦੀ ਦੇ ਜ਼ੋਰ ਨਾਲ ਮੇਅਰ ਬਣਾਉਣ ਦੀ ਸੋਚੀ ਸੀ ਜਿਸ ਕਾਰਨ ਉਨ੍ਹਾਂ ਪੁਲਿਸ ਤੰਤਰ ਉਤੇ ਦਬਾਅ ਬਣਾ ਕੇ ਵਾਰਡ ਨੰਬਰ 10 ਵਿੱਚ ਸ਼ਰੇਆਮ ਦੋ ਬੂਥਾਂ ਉਤੇ ਕਬਜ਼ਾ ਕੀਤਾ। ਇਹ ਮਾਮਲਾ ਅਜ਼ਾਦ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਮੋਹਾਲੀ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ  ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਪ੍ਰੰਤੂ ਕੋਈ ਸੁਣਵਾਈ ਨਹੀਂ ਹੋਈ। ਇਸ ਉਪਰੰਤ ਪਰਮਜੀਤ ਸਿੰਘ ਕਾਹਲੋਂ ਨੇ ਤੁਰੰਤ ਦੂਸਰੇ ਦਿਨ ਹੀ ਮਾਨਯੋਗ ਹਾਈਕੋਰਟ ਦੇ ਧਿਆਨ ਵਿੱਚ ਲਿਆਂਦਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਹਲਫ਼ਨਾਮਾ ਦਾਇਰ ਕਰ ਦਿੱਤਾ ਗਿਆ ਕਿ ਵਾਰਡ ਨੰਬਰ 10 ਦੇ ਬੂਥ ਨੰਬਰ 32 ਅਤੇ 33 ਵਿੱਚ ਵੋਟਿੰਗ ਦੁਬਾਰਾ ਕਰਵਾਈ ਜਾਵੇਗੀ ਅਤੇ ਇਸ ਮਾਮਲੇ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ। ਉਸ ਉਪਰੰਤ ਚੋਣ ਕਮਿਸ਼ਨ ਪੰਜਾਬ ਨੇ ਹੁਕਮ ਦਿੱਤੇ ਹਨ ਕਿ ਦੁਬਾਰਾ ਵੋਟਿੰਗ ਕਰਵਾਈ ਜਾਵੇ।
ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਪਹਿਲਾਂ ਤੋਂ ਹੀ ਬੁਖਲਾਹਟ ਵਿੱਚ ਚੱਲ ਰਹੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਪਹਿਲਾਂ ਆਪਣੇ ਉਕਤ ਸਕੇ ਭਰਾ ਨੂੰ ਵਾਰਡਬੰਦੀ ਕਮੇਟੀ ਦਾ ਮੈਂਬਰ ਬਣਾ ਕੇ ਆਪਣੇ ਹਿਸਾਬ ਨਾਲ ਮੋਹਾਲੀ ਸ਼ਹਿਰ ਦੀ ਵਾਰਡਬੰਦੀ ਵਿੱਚ ਵੱਡੇ ਪੱਧਰ ’ਤੇ ਰੱਦੋਬਦਲ ਕਰਵਾਈ ਗਈ ਅਤੇ ਵੋਟਾਂ ਵਾਲੇ ਦਿਨ ਤਾਂ ਗੁੰਡਾਗਰਦੀ ਦੇ ਹੱਦਾਂ ਬੰਨੇ ਟੱਪਦਿਆਂ ਪੁਲਿਸ ਦੇ ਜ਼ੋਰ ਨਾਲ ਸ਼ਰੇਆਮ ਬੂਥਾਂ ਉਤੇ ਕਬਜ਼ਾ ਕੀਤਾ ਗਿਆ।
ਉਨ੍ਹਾਂ ਵਾਰਡ ਨੰਬਰ 10 (ਫੇਜ਼ 7) ਦੇ ਵਸਨੀਕਾਂ ਨੂੰ ਅਪੀਲ ਵੀ ਕੀਤੀ ਕਿ ਭਲਕੇ 17 ਫ਼ਰਵਰੀ ਨੂੰ ਬੂਥ ਨੰਬਰ 32 ਅਤੇ 33 ਉਤੇ ਜਾ ਕੇ ਵੋਟਾਂ ਜ਼ਰੂਰ ਪਾਉਣ ਅਤੇ ਕਾਂਗਰਸ ਪਾਰਟੀ ਦੇ  ਉਮੀਦਵਾਰ ਵੱਲੋਂ ਕੀਤੀ ਗਈ ਸ਼ਰੇਆਮ ਗੁੰਡਾਗਰਦੀ ਦਾ ਉਸ ਨੂੰ ਸਬਕ ਸਿਖਾਉਣ ਅਤੇ ਅਜ਼ਾਦ ਗਰੁੱਪ ਦੇ ਉਮੀਦਵਾਰ ਸ੍ਰ. ਪਰਮਜੀਤ ਸਿੰਘ ਕਾਹਲੋਂ ਦੇ ਚੋਣ ਨਿਸ਼ਾਨ ‘ਬਾਲਟੀ’ ਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ।
ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਦਖ਼ਲ ਨਾਲ ਇਹ ਬਦੀ ਉਤੇ ਨੇਕੀ ਦੀ ਜਿੱਤ ਹੋਈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਨਗਰ ਨਿਗਮ ਮੋਹਾਲੀ ਵਿੱਚ ਅਜ਼ਾਦ ਗਰੁੱਪ ਦਾ ਹੀ ਮੇਅਰ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਲਬੀਰ ਸਿੰਘ ਸਿੱਧੂ ਆਪਣੇ ਸ਼ਹਿਰ ਵਿੱਚ ਹੀ ਆਪਣੇ ਭਰਾ ਵੱਲੋਂ ਕੀਤੀ ਗਈ ਸ਼ਰੇਆਮ ਗੁੰਡਾਗਰਦੀ ਨੂੰ ਲੈ ਕੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਵੇ।

No comments:


Wikipedia

Search results

Powered By Blogger