ਐਸ.ਏ.ਐਸ ਨਗਰ, 04 ਜੂਨ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫਸਰ ਸ੍ਰੀ ਗਿਰੀਸ਼ ਦਿਆਲਨ ਦੇ ਯੋਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਆਸ਼ਿਕਾ ਜੈਨ ਦੀ ਨਿਗਰਾਨੀ ਹੇਠ ਤਹਿਸੀਲਦਾਰ (ਚੋਣਾਂ) ਸ੍ਰੀ ਸੰਜੇ ਕੁਮਾਰ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਕੀਤੀ ਗਈ
ਵੋਟਰ ਰਜਿਸਟ੍ਰੇਸ਼ਨ ਚ ਵਧੀਆ ਕਾਰਗੁਜ਼ਾਰੀ ਦੇ ਮੱਦੇ ਨਜ਼ਰ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਅਪ੍ਰੈਲ ਮਹੀਨੇ ਦਾ ਉੱਤਮ ਚੋਣ ਤਹਿਸੀਲਦਾਰ ਚੁਣਿਆਂ ਗਿਆ । ਇਹ ਪ੍ਰੀਕ੍ਰਿਆ ਇਸ ਸਾਲ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਅਤੇ ਪੰਜਾਬ ਚੋਂ ਸਭ ਤੋਂ ਪਹਿਲਾਂ, 'ਮਹੀਨੇ ਦਾ ਉੱਤਮ ਚੋਣ ਤਹਿਸੀਲਦਾਰ' ਚੁਣੇ ਜਾਣ ਦਾ ਮਾਣ ਐਸ.ਏ.ਐਸ ਨਗਰ ਜ਼ਿਲ੍ਹੇ ਦੇ ਤਹਿਸੀਲਦਾਰ (ਚੋਣਾਂ) ਸ੍ਰੀ ਸੰਜੇ ਕੁਮਾਰ ਨੂੰ ਮਿਲਿਆ ।
ਦਫਤਰ ਤਹਿਸੀਲਦਾਰ ਚੋਣਾਂ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਹੀਨਾ ਅਪ੍ਰੈਲ-2021 ਦੌਰਾਨ ਦਫਤਰ ਵੱਲੋਂ ਜ਼ਿਲ੍ਹੇ ਚ 1496 ਵੋਟਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਜਿਸ ਵਿੱਚ ਪ੍ਰਵਾਸੀ ਮਜ਼ਦੂਰ 587, ਯੂਵਾ ਵੋਟਰ 904 ਅਤੇ ਬੇਘਰ ਵਿਆਕਤੀ 05 ਸ਼ਾਮਲ ਹਨ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 1417 ਈ-ਐਪਿਕ ਡਾਊਨਲੋਡ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਚੋਣਾਂ ਨੂੰ ਕੇਵਲ ਵੋਟ ਬਣਾਉਣ ਅਤੇ ਵੋਟ ਪਾਉਣ ਤੱਕ ਮਹਿਦੂਦ ਰੱਖਣ ਦੀ ਥਾਂ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਅਤੇ ਲੋਕਤੰਤਰ ਵਿਚ ਜਾਗਰੂਕਤਾ ਨਾਲ ਭਾਗੀਦਾਰੀ ਦੀ ਅਹਿਮੀਅਤ ਨੂੰ ਵੇਖਦਿਆਂ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ ।
No comments:
Post a Comment