ਮੋਹਾਲੀ, 11 ਜੂਨ : 2021 ਨੂੰ ਸੂਬਾ ਪੱਧਰੀ ਕਾਨਫ਼ਰੰਸ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ‘ਉਤਮਤਾ ਲਈ ਸੰਸਥਾਗਤ ਰਣਨੀਤੀ ਨੂੰ ਮੁੜ-ਪਰਿਭਾਸ਼ਿਤ ਕਰਨਾ’ ਦੇ ਬੈਨਰ ਹੇਠ ਕਰਵਾਈ ਜਾਣ ਵਾਲੀ ਕਾਨਫ਼ਰੰਸ ਦੌਰਾਨ ਪੰਜਾਬ ਰਾਜ ਦੀਆਂ ਉਚ ਸਿੱਖਿਆ ਸੰਸਥਾਵਾਂ ਇੱਕ ਮੰਚ ’ਤੇ ਆਉਣਗੀਆਂ ਅਤੇ ਸੂਬੇ ’ਚ ਸਿੱਖਿਆ ਦੀ ਮੌਜੂਦਾ ਸਥਿਤੀ ਅਤੇ ਹੋਰ ਸੁਧਾਰਾਂ ਸਬੰਧੀ ਵਿਚਾਰ ਵਟਾਂਦਰੇ ਕਰਨਗੀਆਂ। ਕਾਨਫ਼ਰੰਸ ਦਾ ਉਦਘਾਟਨ ਕਿਊ.ਐਸ. ਆਈ ਗੇਜ਼ ਦੇ ਸੀ.ਈ.ਓ ਡਾ. ਅਸ਼ਵਿਨ ਫਰਨਾਂਡਿਸ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਦੀ ਸੰਯੁਕਤ ਨੁਮਾਇੰਗੀ ਕਰਨ ਵਾਲੀ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ (ਜੈਕ) ਦੇ ਸਹਿਯੋਗ ਨਾਲ ਸੂਬੇ ਦੇ ਵੱਡੀ ਗਿਣਤੀ ਕਾਲਜ ਅਤੇ ਉਚ ਸਿੱਖਿਆ ਸੰਸਥਾਵਾਂ ਕਾਨਫ਼ਰੰਸ ਦਾ ਹਿੱਸਾ ਬਣਨਗੀਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕਿਊ.ਐਸ ਵੱਲੋਂ ਸੂਬੇ ’ਚ ਪਹਿਲੀ ਵਾਰ ਕਰਵਾਈ ਜਾਣ ਵਾਲੀ ਕਾਨਫ਼ਰੰਸ ’ਚ ਪੰਜਾਬ ਰਾਜ ਸਮੇਤ ਦੁਨੀਆਂ ਭਰ ਤੋਂ ਸਿੱਖਿਆ ਸ਼ਾਸ਼ਤਰੀ, ਅਧਿਆਪਕ, ਵਿਦਿਆਰਥੀ ਅਤੇ ਵਿਦਿਅਕ ਸੰਸਥਾਵਾਂ ਦੇ ਨੁਮਾਇੰਦੇ ਆਨਲਾਈਨ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਕਿਊ.ਐਸ ਵੱਲੋਂ ਪੰਜਾਬ ਐਡੀਸ਼ਨ ਤਹਿਤ ਕਰਵਾਈ ਜਾਣ ਵਾਲੀ ਕਾਨਫ਼ਰੰਸ ਮੌਜੂਦਾ ਵਿਸ਼ਵਵਿਆਪੀ ਸੰਕਟ ਦੌਰਾਨ ਪੈਦਾ ਹੋਈਆਂ ਚਣੌਤੀਆਂ ਦੇ ਬਾਵਜੂਦ ਸੰਸਥਾਗਤ ਉੱਤਮਤਾ ਪ੍ਰਾਪਤ ਕਰਨ ਲਈ ਕਾਰਜ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਲਈ ਮੰਚ ਪ੍ਰਦਾਨ ਕਰਵਾਏਗੀ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੌਰਾਨ ਸਿੱਖਿਆ ਜਗਤ ਨਾਲ ਜੁੜੇ ਵੱਖ-ਵੱਖ ਮੁਦਿਆਂ ’ਤੇ ਅਹਿਮ ਵਿਚਾਰ ਚਰਚਾਵਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦੇ ਮਾਧਿਅਮ ਰਾਹੀਂ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਦਰਜਬੰਦੀਆਂ ਪ੍ਰਾਪਤ ਕਰਨ ਲਈ ਸਿੱਖਿਆ ਪ੍ਰਣਾਲੀ ’ਚ ਲੋੜੀਂਦੇ ਸੁਧਾਰਾਂ ਸਬੰਧੀ ਜਾਣਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਵੱਖੋ-ਵੱਖਰੇ ਸੈਸ਼ਨ ਸੂਬੇ ਦੇ ਵਿਦਿਅਕ ਅਦਾਰਿਆਂ ਨੂੰ ਵੱਖ-ਵੱਖ ਤਕਨਾਲੋਜੀਆਂ ਅਤੇ ਉਨ੍ਹਾਂ ਦੀ ਕਾਰਜ ਵਿਧੀ ਬਾਰੇ ਜਾਨਣ ’ਚ ਸਹਾਇਤਾ ਕਰੇਗਾ ਤਾਂ ਜੋ ਸਿੱਖਿਆ ਦੇ ਖੇਤਰ ’ਚ ਗੁਣਵੱਤਾਪੂਰਨ ਬਦਲਾਅ ਕਾਇਮ ਕੀਤੇ ਜਾ ਸਕਣ।
ਸ. ਸੰਧੂ ਨੇ ਦੱਸਿਆ ਕਿ ਕਾਨਫ਼ਰੰਸ ਦਾ ਸਿੱਧਾ ਪ੍ਰਸਾਰਣ 18 ਜੂਨ, 2021 ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਅਧਿਕਾਰਿਤ ਸੋਸ਼ਲ ਮੀਡੀਆ ਪੇਜ਼ਾਂ ਤੋਂ ਇਲਾਵਾ ਯੂ-ਟਿਊਬ ਚੈਨਲ ’ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਅੰਤਰਰਾਸ਼ਟਰੀ ਬੈਂਚਮਾਰਕ, ਸਥਾਨਿਕ ਰੂਪ ’ਚ ਲਾਗੂ ਕਰੋ’ ਵਿਸ਼ੇ ’ਤੇ ਆਧਾਰਿਤ ਕਾਨਫ਼ਰੰਸ ਦਾ ਪਹਿਲਾ ਸੈਸ਼ਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ ਜਦਕਿ ‘ਅੰਤਰਰਾਸ਼ਟਰੀ ਉੱਚ ਸਿੱਖਿਆ ਕੇਂਦਰ ਵਜੋਂ ਪੰਜਾਬ’ ਵਿਸ਼ੇ ’ਤੇ ਆਧਾਰਿਤ ਦੂਜਾ ਸੈਸ਼ਨ 2 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਲੇਗਾ। ਇਸ ਦੌਰਾਨ ਜੁਆਇੰਟ ਐਸੋਸ਼ੀਏਸ਼ਨ ਆਫ਼ ਕਾਲਜਿਜ਼ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਜੁਆਇੰਟ ਐਸੋਸ਼ੀਏਸ਼ਨ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਈ.ਪੀ.ਐਸ.ਆਈ ਦੇ ਅਲਟਰਨੇਟ ਪ੍ਰੈਜ਼ੀਡੈਂਟ ਡਾ. ਹਰਿਵੰਸ਼ ਚਤੁਰਵੇਦੀ, ਯੂਨੀਵਰਸਿਟੀ ਆਫ਼ ਅਪਲਾਈਡ ਸਾਇੰਸਜ਼ ਉਸਨਾਬਰਿਕ ਜਰਮਨੀ ਦੇ ਬਿਜ਼ਨਸ ਐਡਮਨਿਸਟ੍ਰੇਸ਼ਨ ਪ੍ਰੋਫੈਸਰ ਡਾ. ਹੇਕ ਸ਼ਿਨਨਬਰਗ, ਆਈ.ਆਈ.ਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਅਹੂਜਾ, ਯੂਨੀਵਰਸਿਟੀ ਆਫ਼ ਸਟ੍ਰਥਕਲਾਈਡ ਯੂ.ਕੇ ਦੇ ਪ੍ਰੋਫੈਸਰ ਡਾ. ਅਪਾਲਾ ਮਜ਼ੂਮਦਾਰ, ਯੂਨੀਵਰਸਿਟੀ ਆਫ਼ ਸਿਡਨੀ ਦੇ ਐਸੋਸੀਏਟ ਪ੍ਰੋਫੈਸਰ ਡਾ. ਰਵੀ ਸੀਤਾਮਰਾਜ਼ੂ, ਡੈਕਿਨ ਯੂਨੀਵਰਸਿਟੀ ਆਸਟ੍ਰੇਲੀਆ ਦੇ ਡਿਪਟੀ ਵਾਈਸ ਪ੍ਰੈਜੀਡੈਂਟ (ਗਲੋਬਲ) ਅਤੇ ਸੀ.ਈਓ (ਸਾਊਥ ਏਸ਼ੀਆ) ਸ਼੍ਰੀਮਤੀ ਰਵਨੀਤ ਪਾਵਾ ਅਤੇ ਏ.ਏ.ਈ.ਆਰ.ਆਈ ਦੇ ਪ੍ਰੈਜ਼ੀਡੈਂਟ ਰਵੀ ਲੋਚਨ ਸਿੰਘ ਉਚੇਚੇ ’ਤੇ ਕਾਨਫ਼ਰੰਸ ਦਾ ਹਿੱਸਾ ਬਣਨਗੇ। ਉਨ੍ਹਾਂ ਪੰਜਾਬ ਦੀਆਂ ਸਮੁੱਚੀਆਂ ਵਿਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ, ਵਿਦਿਆਰਥੀਆਂ, ਸਿੱਖਿਆ ਸ਼ਾਸ਼ਤਰੀਆਂ ਨੂੰ ਇਸ ਮਹੱਤਵਪੂਰਨ ਕਾਨਫ਼ਰੰਸ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦਾ ਹਿੱਸਾ ਬਣਨ ਲਈ ਵਿਦਿਆਰਥੀ ਅਤੇ ਸੰਸਥਾਵਾਂ ਸੰਬੰਧਿਤ ਵੈਬਸਾਈਟ https://rise.igauge.in/punjab ’ਤੇ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ (ਜੈਕ) ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਕਿਊ.ਐਸ ਆਈ ਗੇਜ਼ ਵੱਲੋਂ ਕਰਵਾਈ ਜਾਣ ਵਾਲੀ ਕਾਨਫ਼ਰੰਸ ਸੂਬੇ ਦੀਆਂ ਸਮੁੱਚੀਆਂ ਵਿਦਿਅਕ ਸੰਸਥਾਵਾਂ ਲਈ ਮਹੱਤਵਪੂਰਨ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦਾ ਉਦੇਸ਼ ਸੂਬੇ ਵਿੱਚ ਹੀ ਨਹੀਂ ਬਲਕਿ ਹੋਰਨਾਂ ਰਾਜਾਂ ਦੀਆਂ ਵਿਦਿਅਕ ਸੰਸਥਾਵਾਂ ਨੂੰ ਇੱਕਜੁੱਟ ਕਰਕੇ ਸਿੱਖਿਆ ’ਚ ਗੁਣਵੱਤਾ ਦੇ ਵਿਚਾਰਾਂ ਦੇ ਸਹਿਯੋਗ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ’ਚ ਅੰਤਰਰਰਾਸ਼ਟਰੀ ਪੱਧਰ ਦੀਆਂ ਰੈਕਿੰਗਾਂ ਅਤੇ ਮਾਨਤਾਵਾਂ ਸਬੰਧੀ ਵਰਤੇ ਜਾਂਦੇ ਮਾਪਦੰਡਾਂ ਅਨੁਸਾਰ ਤਬਦੀਲੀਆਂ ਅਤੇ ਸੁਧਾਰ ਲਿਆਉਣ ਸਬੰਧੀ ਵਿਦਿਅਕ ਸੰਸਥਾਵਾਂ ਨੂੰ ਸੰਪੂਰਨ ਗਿਆਨ ਹਾਸਲ ਹੋਵੇਗਾ।
No comments:
Post a Comment