ਮਾਜਰੀ, 29 ਜੂਨ : ਤਿੰਨ ਰੋਜ਼ਾ ਸਬ-ਨੈਸ਼ਨਲ ਇਮੂਨਾਈਜੇਸ਼ਨ ਡੇਅ (ਐਸ.ਐਨ.ਆਈ.ਡੀ.) ਮੁਹਿੰਮ ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਬੂਥਗੜ੍ਹ ਅਧੀਨ ਪੈਂਦੇ ਇਲਾਕਿਆਂ ਵਿਚ ਅੱਜ ਨੇਪਰੇ ਚੜ੍ਹ ਗਈ। ਤਿੰਨ ਦਿਨਾਂ ਦੌਰਾਨ ਪੰਜ ਸਾਲ ਤੋਂ ਘੱਟ ਉਮਰ ਦੇ ਕੁਲ 1948 ਬੱਚਿਆਂ ਨੂੰ ਪੋਲੀਓ-ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਕਿਰਨਦੀਪ ਕੌਰ ਅਤੇ ਨੋਡਲ ਅਫ਼ਸਰ ਡਾ. ਸਿਮਨ ਢਿੱਲੋਂ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਿਹਤ ਬਲਾਕ ਵਿਚ 2064 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ ਸੀ। ਉਨ੍ਹਾਂ ਦਸਿਆ ਕਿ ਇਸ ਮੁਹਿੰਮ ਤਹਿਤ ਸਿਰਫ਼ ਉੱਚ ਜੋਖਮ ਵਾਲੇ ਖੇਤਰ, ਪਰਵਾਸੀ ਆਬਾਦੀ, ਭੱਠੇ, ਨਿਰਮਾਣ ਸਥਾਨ, ਝੁੱਗੀ-ਬਸਤੀ ਖੇਤਰ ਹੀ ਕਵਰ ਕੀਤੇ ਗਏ ਹਨ।
ਡਾ. ਜਸਕਿਰਨਦੀਪ ਕੌਰ ਨੇ ਅੱਜ ਪਿੰਡ ਤੋਗਾਂ ਵਿਚ ਜਾ ਕੇ ਮੁਹਿੰਮ ਦਾ ਨਿਰੀਖਣ ਕੀਤਾ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਜਿਨ੍ਹਾਂ ਥਾਵਾਂ ਦਾ ਦੌਰਾ ਕੀਤਾ, ਉਥੇ ਹਰ ਬੱਚੇ ਨੂੰ ਦਵਾਈ ਪਿਲਾਈ ਹੋਈ ਸੀ ਅਤੇ ਕੋਈ ਵੀ ਬੱਚਾ ਦਵਾਈ ਤੋਂ ਵਾਂਝਾ ਨਹੀਂ ਮਿਲਿਆ। ਉਨ੍ਹਾਂ ਬਲਾਕ ਵਿਚ ਪੋਲੀਓ ਰੋਕੂ ਮੁਹਿੰਮ ਦੀ ਪ੍ਰਗਤੀ ’ਤੇ ਤਸੱਲੀ ਪ੍ਰਗਟ ਕੀਤੀ। ਪੀ.ਐਚ.ਸੀ. ਬੂਥਗੜ੍ਹ ਅਧੀਨ ਪੈਂਦੇ ਭੱਠਿਆਂ ਦੀ ਗਿਣਤੀ 29 ਹੈ ਅਤੇ ਏਨੀਆਂ ਹੀ ਰੈਗੂਲਰ ਅਤੇ ਮੋਬਾਈਲ ਟੀਮਾਂ ਦਵਾਈ ਪਿਲਾਉਣ ਲਈ ਤੈਨਾਤ ਕੀਤੀਆਂ ਗਈਆਂ ਸਨ। ਪਹਿਲੇ ਦਿਨ ਟੀਮਾਂ ਵਲੋਂ 2300 ਥਾਵਾਂ ’ਤੇ ਫੇਰੀ ਪਾਈ ਗਈ। 8 ਸੁਪਰਵਾਇਜ਼ਰ ਸਮੁੱਚੀ ਮੁਹਿੰਮ ’ਤੇ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੋਈ ਵੀ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਿਹਾ ਹੋਵੇ। ਸਿਹਤ ਕਾਮਿਆਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੀ ਸਾਵਧਾਨੀਆਂ ਵਰਤ ਕੇ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਿਆ ਹੈ। ਉਨ੍ਹਾਂ ਮੁਹਿੰਮ ਦੀ ਸਫ਼ਲਤਾ ਲਈ ਡਾਕਟਰਾਂ, ਹੈਲਥ ਇੰਸਪੈਕਟਰਾਂ, ਸਿਹਤ ਵਰਕਰਾਂ ਅਤੇ ਵਿਸ਼ੇਸ਼ ਤੌਰ ’ਤੇ ਆਸ਼ਾ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਸਖ਼ਤ ਗਰਮੀ ਵਿਚ ਥਾਂ-ਥਾਂ ਜਾ ਕੇ ਡਿਊਟੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਦੇਸ਼ ਨੂੰ ਪਹਿਲਾਂ ਹੀ ਪੋਲੀਓ-ਮੁਕਤ ਐਲਾਨਿਆ ਹੋਇਆ ਹੈ ਪਰ ਪੋਲੀਓ-ਮੁਕਤੀ ਨੂੰ ਬਰਕਰਾਰ ਰੱਖਣ ਲਈ ਬੱਚਿਆਂ ਨੂੰ ਲਗਾਤਾਰ ਦਵਾਈ ਪਿਲਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸੀ.ਐਚ.ਓ. ਪਰਮਜੀਤ ਕੌਰ ਵੀ ਮੌਜੂਦ ਸਨ।
No comments:
Post a Comment