Monday, June 14, 2021

ਜਾਂਚ ਪੂਰੀ ਕਰਨ ਲਈ ਸੰਮਨ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਦਾ ਨਰਕੋ ਟੈਸਟ ਕਰਾਓ: ਕੁਲਤਾਰ ਸਿੰਘ ਸੰਧਵਾਂ

 ਚੰਡੀਗੜ, 14 ਜੂਨ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਹੋ ਰਹੀ ਰਾਜਨੀਤੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਸੱਤਾਧਾਰੀ ਕਾਂਗਰਸ ਸਰਕਾਰ ਬਾਦਲ ਪਰਿਵਾਰ ਨੂੰ ਬਚਾਉਣ ਲਈ ਨਵੀਂ ਜਾਂਚ ਕਮੇਟੀ ਰਾਹੀਂ ਕੇਵਲ ਨਾਟਕ ਕਰ ਰਹੀ ਹੈ, ਪਰ ਪੰਜਾਬ ਵਾਸੀਆਂ ਨੂੰ ਕੋਈ ਇਨਸਾਫ਼ ਨਹੀਂ ਦੇ ਰਹੀ ਸਗੋਂ ਨਾਨਕ ਨਾਮ ਲੇਵਾ, ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਹੈ।

ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਨੂੰ ਲੈ ਕੇ ਰਾਜਨੀਤੀ ਚੱਲ ਰਹੀ ਹੈ। ਸੰਧਵਾਂ ਨੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਹਾ ਕਰਦੇ ਸਨ ਕਿ ਉਨਾਂ ਨੂੰ ਪੰਜਾਬ ਵਿੱਚ ਕੀੜੀ ਚਲਦੀ ਵੀ ਦਿਖਾਈ ਦਿੰਦੀ ਹੈ, ਪਰ ਵੋਟਾਂ ਲੈਣ ਲਈ ਬਾਦਲ ਨੇ ਬੇਅਦਬੀ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਬਚਾਇਆ ਸੀ। ਉਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਦੋਸ਼ੀਆਂ ਨੂੰ ਬਚਾਇਆ, ਅਣ ਪਛਾਤੀ ਪੁਲੀਸ ਬਣਾਈ ਅਤੇ ਗੁਰੂ ਦੀ ਬੇਪਤੀ ਵਿਰੁੱਧ ਇਨਸਾਫ਼ ਮੰਗ ਰਹੀ ਸਿੱਖ ਸੰਗਤ ’ਤੇ ਗੋਲੀਆਂ ਚਲਵਾਈਆਂ। ਐਨਾ ਹੀ ਨਹੀਂ ਸਗੋਂ ਬਾਅਦ ਵਿੱਚ ਸਾਰੇ ਜ਼ੁਲਮਾਂ ਦੇ ਸਬੂਤ ਹੀ ਮਿਟਾ ਦਿੱਤੇ ਅਤੇ ਬੇਗੁਨਾਹਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਉਨਾਂ ਕਿਹਾ ਕਿ ਦੋ ਕਮਿਸ਼ਨਾਂ ਸਮੇਤ ਤਿੰਨ ਵਿਸ਼ੇਸ਼ ਜਾਂਚ ਕਮੇਟੀਆਂ ਦਾ ਗਠਨ ਕੀਤਾ ਗਿਆ, ਪਰ ਕੋਈ ਵੀ ਕਮੇਟੀ ਜਾਂ ਕਮਿਸ਼ਨ ਪੰਜਾਬ ਵਾਸੀਆਂ ਨੂੰ ਇਨਸਾਫ਼ ਨਹੀਂ ਦੇ ਸਕਿਆ। 


ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਵੀਂ ਬਣਾਈ ਜਾਂਚ ਕਮੇਟੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਤੋਂ ਤਲਬ ਕੀਤਾ ਹੈ, ਜਿਸ ਨੂੰ ਪਿਛਲੀ ਜਾਂਚ ਕਮੇਟੀ ਨੇ ਵੀ ਬੁਲਾਇਆ ਸੀ। ਉਨਾਂ ਕਿਹਾ ਕਿ ਇਹ ਸਭ ਦੋਸ਼ੀਆਂ ਨੂੰ ਬਚਾਉਣ ਲਈ ਕੇਵਲ ਜਾਂਚ ਪ੍ਰਿਆ ਦੇ ਨਾਂਅ ’ਤੇ ਕੈਪਟਨ ਸਰਕਾਰ ਦਾ ਨਾਟਕ ਹੈ। ਇਹ ਸਭ ਕਰਨ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਦਾ ਨਰਕੋ ਟੈਸਟ ਕਰਵਾਉਦਾ ਚਾਹੀਦਾ ਹੈ ਤਾਂ ਕਿ ਜਾਂਚ ਪ੍ਰਿਆ ਪੂਰੀ ਤਰਾਂ ਨਾਲ ਹਮੇਸ਼ਾ ਦੇ ਲਈ ਖ਼ਤਮ ਹੋ ਜਾਵੇ। ਨਹੀਂ ਤਾਂ ਜਿਵੇਂ ਪਿਛਲੀ ਬਾਦਲ ਸਰਕਾਰ ਨੇ ਕੀਤਾ ਸੀ ਉਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਆਈ ਸੀ ਕਿ ਸਰਕਾਰ ਬਣਨ ਤੋਂ ਬਾਅਦ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜੇਲ ਭੇਜਿਆ ਜਾਵੇਗਾ, ਪਰ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਸਾਜਿਸ਼ ਕਰਤਾਵਾਂ ਅਤੇ ਨਾ ਹੀ ਕਿਸੇ ਦੋਸ਼ੀ ਨੂੰ ਸਜ਼ਾ ਦਿੱਤੀ ਗਈ। ਆਪ ਆਗੂ ਨੇ ਕਿਹਾ ਕੇਵਲ ਇਕ ਚੀਜ ਜਿਹੜੀ ਕੀਤੀ ਗਈ ਹੈ ਉਹ ਕੇਵਲ ਜਾਂਚ ਕਮੇਟੀਆਂ ਹੀ ਬਣਾਈਆਂ ਗਈਆਂ ਹਨ। ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਵਿਚਕਾਰ ਮਿਲੀਭੁਗਤ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਨਾਲ ਕੈਪਟਨ ਦਾ ਰਿਸਤਾ ਅੱਜ ਵੀ ਕਾਇਮ ਹੈ ਅਤੇ ਨਵੀਂ ਜਾਂਚ ਕਮੇਟੀ ਬਣਾਉਣ ਦੀ ਪੂਰੀ ਪ੍ਰਿਆ ਬਾਦਲ ਨੂੰ ਕਾਨੂੰਨੀ ਸੰਕਟ ਤੋਂ ਬਚਾਉਣ ਦੀ ਕੋਸ਼ਿਸ਼ ਹੈ। ਉਨਾਂ ਕਿਹਾ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਨਾਲ ਪੂਰੀ ਸਿੱਖ ਸੰਗਤ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਸੰਧਵਾਂ ਨੇ ਕਿਹਾ ਕਿ ਇਹ ਦੁਖਾਂਤ ਪੰਜਾਬ ਵਿੱਚ ਵਾਪਰਿਆ ਸੀ, ਜੋ ਪੰਜਾਬ ਦੇ ਮੱਥੇ ’ਤੇ ਇੱਕ ਕਲੰਕ ਹੈ ਅਤੇ ਇਸ ਕਲੰਕ ਨੂੰ ਹਟਾ ਦੇਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਬੇਅਬਦੀ ਦੇ ਦੋਸ਼ੀਆਂ, ਸਾਜਿਸ਼ਕਰਤਾਵਾਂ ਅਤੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਨੂੰ ਜੇਲਾਂ ਵਿੱਚ ਸੁੱਟਿਆ ਜਾਵੇਗਾ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger