ਮੋਹਾਲੀ 28 ਜੂਨ : ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਚੁੱਪ ਚੁਪੀਤੇ ਪ੍ਰਸ਼ਾਸਨ ਨੂੰ ਭੁਲੇਖਾ ਪਾਉਂਦੇ ਹੋਏ ਸਿਸਵਾਂ ਫ਼ਾਰਮ ਹਾਊਸ ਕੋਲ ਪਹੁੰਚ ਗਏ। ਜਿੱਥੇ ਅੱਜ ਤਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਸ਼ਾਸਨ ਤੋਂ ਬਿਨਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਉੱਥੇ ਬੇਰੁਜ਼ਗਾਰ ਅਧਿਆਪਕਾਂ ਨੇ ਸੈਂਕਡ਼ਿਆਂ ਦੀ ਗਿਣਤੀ ਵਿੱਚ ਪਹੁੰਚ ਕੇ ਮੋਹਾਲੀ ਪ੍ਰਸ਼ਾਸਨ ਨੂੰ ਭਾਜੜਾਂ ਪੁਆ ਦਿੱਤੀਆਂ । ਜਦੋਂ ਬੇਰੁਜ਼ਗਾਰ ਅਧਿਆਪਕ ਸ਼ਾਂਤਮਈ ਤਰੀਕੇ ਨਾਲ ਸਿਸਵਾਂ ਫ਼ਾਰਮ ਹਾਊਸ ਦੇ ਬਾਹਰ ਬੈਠੇ ਸਨ ਤਾਂ ਪੁਲੀਸ ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਬਲ ਬੁਲਾਇਆ ਗਿਆ ਤੇ ਬੇਰੁਜ਼ਗਾਰ ਅਧਿਆਪਕਾਂ ਦੀਅਾਂ ਮੰਗਾਂ ਮੰਨਣ ਦੀ ਬਜਾਏ ਪੁਲੀਸ ਪ੍ਰਸ਼ਾਸਨ ਵੱਲੋਂ ਜਬਰੀ ਖਿੱਚ ਧੂਹ ਕਰਦੇ ਹੋਏ 100 ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ
। ਜਿਸ ਦੌਰਾਨ ਮੰਗਲ ਮਾਨਸਾ ਤੇ ਮਨੋਜ ਫਿਰੋਜ਼ਪੁਰ ਬੇਹੋਸ਼ ਤਕ ਹੋ ਗਏ । ਬੇਰੁਜ਼ਗਾਰ ਅਧਿਆਪਕਾਵਾਂ ਨੂੰ ਪੁਰਸ਼ ਪੁਲੀਸ ਮੁਲਾਜ਼ਮਾਂ ਵੱਲੋਂ ਜਬਰੀ ਘਸੀਟਦੇ ਹੋਏ ਗ੍ਰਿਫਤਾਰ ਕੀਤਾ ਗਿਆ । ਜਿਸ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਮੁੱਲਾਂਪੁਰ ਤੇ ਘੜੂੰਆਂ ਥਾਣੇ ਲਿਜਾਇਆ ਗਿਆ ।
ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ ਸ਼ਲਿੰਦਰ ਕੰਬੋਜ, ਬਲਵਿੰਦਰ ਕਾਕਾ ਤੇ ਰਵਿੰਦਰ ਅਬੋਹਰ ਨੇ ਕਿਹਾ ਕਿ 100 ਦਿਨਾਂ ਤੋਂ ਸੁਰਿੰਦਰਪਾਲ ਗੁਰਦਾਸਪੁਰ ਲੀਲਾ ਭਵਨ ਵਿਖੇ ਬੀ.ਐੱਸ.ਐੱਨ.ਐੱਲ. ਟਾਵਰ ਉਪਰ ਡਟਿਆ ਹੋਇਆ ਹੈ ਤੇ ਅੱਜ ਉਸ ਦਾ ਮਰਨ ਵਰਤ ਨੌਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਾ ਹੈ । ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਸੁਰਿੰਦਰਪਾਲ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ ।
ਸੁਰਿੰਦਰਪਾਲ ਗੁਰਦਾਸਪੁਰ ਦਾ ਸ਼ੂਗਰ ਪੱਧਰ 40 ਤੋਂ ਵੀ ਹੇਠਾਂ ਆ ਚੁੱਕਿਆ ਹੈ ਉਸਦੇ ਨਾਲ ਕਿਸੇ ਵੀ ਪਲ ਕੋਈ ਵੀ ਦੁਰਘਟਨਾ ਵਾਪਰਨ ਵਾਪਰ ਸਕਦੀ ਹੈ । ਪੰਜਾਬ ਸਰਕਾਰ ਵੱਲੋਂ ਟਾਵਰ ਤੇ ਬੈਠੇ ਬੇਰੁਜ਼ਗਾਰ ਅਧਿਆਪਕ ਦੀ ਮੰਗਾਂ ਮੰਨਣ ਦੀ ਬਜਾਏ ਉਸ ਉੱਪਰ ਲਗਾਤਾਰ ਅਣਮਨੁੱਖੀ ਤਸ਼ੱਦਦ ਢਾਹਿਆ ਜਾ ਰਿਹਾ ਹੈ । ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਜਲਦ ਹੱਲ ਨਹੀਂ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।
ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ :-
1) 10000 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ।
2) 2364 ਈ.ਟੀ.ਟੀ. ਦੀਆਂ ਅਸਾਮੀਆਂ ਵਿੱਚ ਸਿਰਫ਼ ਈ.ਟੀ.ਟੀ. ਟੈੱਟ ਪਾਸ ਉਮੀਦਵਾਰਾਂ ਨੂੰ ਹੀ ਵਿਚਾਰਿਆ ਜਾਵੇ ।
3) ਸਿੱਖਿਆ ਪ੍ਰੋਵਾਈਡਰ ਤੇ ਵਲੰਟੀਅਰਾਂ ਨੂੰ ਦਿੱਤੇ ਗਏ ਵਾਧੂ ਅੰਕਾਂ ਦੀ ਸ਼ਰਤ ਹਟਾਈ ਜਾਵੇ ।
4) ਉਚੇਰੀ ਯੋਗਤਾ ਦੇ ਨੰਬਰਾਂ ਦੀ ਸ਼ਰਤ ਹਟਾਈ ਜਾਵੇ ।
5) ਉਮਰ ਹੱਦ ਵਿਚ ਛੋਟ ਦਿੱਤੀ ਜਾਵੇ ।
No comments:
Post a Comment