ਐਸ.ਏ.ਐਸ ਨਗਰ, 28 ਜੂਨ : ਮੁਹਾਲੀ ਨਗਰ ਨਿਗਮ ਦੀ ਅੱਜ ਇਕ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕਈ ਇਤਿਹਾਸਕ ਫੈਸਲੇ ਲਏ ਗਏ। ਇਨ੍ਹਾਂ ਫ਼ੈਸਲਿਆਂ ਵਿੱਚ ਮੁੱਖ ਤੌਰ ਤੇ ਨਗਰ ਨਿਗਮ ਦੀ ਹੱਦ ਨੂੰ ਵਧਾਉਂਦੇ ਹੋਏ ਕਈ ਪ੍ਰਮੁੱਖ ਇਲਾਕੇ ਨਗਰ ਨਿਗਮ ਦੀ ਹਦੂਦ ਅੰਦਰ ਲੈਣ, ਮੁਹਾਲੀ ਦੇ ਵੱਖ ਵੱਖ ਪਾਰਕਾਂ ਵਿਚ ਬਣਾਈਆਂ ਗਈਆਂ ਲਾਇਬਰੇਰੀਆਂ ਨੂੰ ਚਲਾਉਣ ਲਈ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਹਵਾਲੇ ਕਰਨ, ਗਮਾਡਾ ਵੱਲੋਂ ਮੁਹਾਲੀ ਵਿੱਚ ਤਿਆਰ ਕੀਤੇ ਗਏ ਸਪੋਰਟਸ ਸਟੇਡੀਅਮ ਗਮਾਡਾ ਤੋਂ ਟੇਕ ਓਵਰ ਕਰਨ ਅਤੇ ਜਨ ਸਿਹਤ ਵਿਭਾਗ ਨੂੰ ਨਗਰ ਨਿਗਮ ਦੇ ਅਧੀਨ ਲੈਣ ਸਬੰਧੀ ਮਤੇ ਪਾਸ ਕੀਤੇ ਗਏ ਹਨ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੀਟਿੰਗ ਦੀ ਸ਼ੁਰੂਆਤ ਵਿੱਚ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕਰਨ ਉਪਰੰਤ ਏਜੰਡੇ ਉੱਤੇ ਚਰਚਾ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਅੱਜ ਦੀ ਮੀਟਿੰਗ ਇਤਿਹਾਸਕ ਮੀਟਿੰਗ ਹੈ ਜਿਸ ਵਿਚ ਇਕ ਤੋਂ ਬਾਅਦ ਇੱਥੇ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਮਤੇ ਲਿਆਂਦੇ ਗਏ ਹਨ। ਮੁਹਾਲੀ ਨਗਰ ਨਿਗਮ ਦੀ ਹੱਦਬੰਦੀ ਵਿਚ ਵਾਧਾ ਕਰਨ ਵਾਲੇ ਮਤੇ ਵਿੱਚ ਮੁਹਾਲੀ ਦੇ ਸੈਕਟਰ 91, 92, ਸੈਕਟਰ 82, ਸੈਕਟਰ 66 ਏ, ਸੈਕਟਰ 74, ਬਲੌਂਗੀ, ਬੜਮਾਜਰਾ, ਬਰਿਆਲੀ ਆਦਿ ਖੇਤਰ ਸ਼ਾਮਲ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਟੀਡੀਆਈ ਪ੍ਰੋਜੈਕਟ ਦੇ ਸੈਕਟਰ 116, 117, 118, 119, ਫੇਜ਼ 11 ਦੀ ਬਲੈਕ ਮਾਰਕੀਟ ਵਾਲਾ ਏਰੀਆ ਵੀ ਨਗਰ ਨਿਗਮ ਦੇ ਅਧੀਨ ਲਿਆ ਜਾਵੇਗਾ।ਨਿਗਮ ਦੀ ਇਹ ਸੋਚ ਹੈ ਕਿ ਇਹ ਖੇਤਰ ਮੋਹਾਲੀ ਨਗਰ ਨਿਗਮ ਦੇ ਅਧੀਨ ਆਉਣ ਨਾਲ ਨਾ ਸਿਰਫ ਇਨ੍ਹਾਂ ਵਿਕਾਸ ਵਿਕਾਸ ਵਧੀਆ ਢੰਗ ਨਾਲ ਹੋ ਸਕੇਗਾ ਸਗੋਂ ਇੱਥੋਂ ਦੇ ਲੋਕਾਂ ਨੂੰ ਹੀ ਨਗਰ ਨਿਗਮ ਦੇ ਅਧੀਨ ਮਿਲਣ ਵਾਲੀਆਂ ਸਹੂਲਤਾਂ ਹਾਸਲ ਹੋਣਗੀਆਂ ਅਤੇ ਇਸ ਨਾਲ ਨਗਰ ਨਿਗਮ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਮੁਹਾਲੀ ਦੇ ਵੱਖ ਵੱਖ ਪਾਰਕਾਂ ਵਿਚ ਬਣੀਆਂ ਹੋਈਆਂ ਲਾਇਬਰੇਰੀਆਂ ਫਿਲਹਾਲ ਬੰਦ ਹੀ ਪਈਆਂ ਹਨ ਅਤੇ ਇਸ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਚਾਲੂ ਕਰਨ ਲਈ ਇਨ੍ਹਾਂ ਦਾ ਪ੍ਰਬੰਧ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਹਵਾਲੇ ਕਰਨ ਸੰਬੰਧੀ ਇਕ ਮਤਾ ਪਾਸ ਕੀਤਾ ਗਿਆ ਹੈ। ਇਸ ਮਤੇ ਦੇ ਤਹਿਤ ਇਨ੍ਹਾਂ ਲਾਇਬਰੇਰੀਆਂ ਦਾ ਰੱਖ ਰਖਾਓ ਤੋਂ ਲੈ ਕੇ ਬਾਕੀ ਕੰਮ ਨਗਰ ਨਿਗਮ ਹੀ ਦੇਖੇਗੀ ਜਦੋਂ ਕਿ ਇਸ ਨੂੰ ਚਲਾਉਣ ਵਾਸਤੇ ਲੋੜੀਂਦਾ ਪ੍ਰਬੰਧ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਕਰਨਗੀਆਂ ਜਿਸ ਵਾਸਤੇ ਐਸੋਸੀਏਸ਼ਨਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਇਹ ਸੋਚ ਹੈ ਕਿ ਜਿਸ ਮੰਤਵ ਲਈ ਲਾਇਬਰੇਰੀਆਂ ਦੀ ਉਸਾਰੀ ਕਰਵਾਈ ਗਈ ਸੀ ਉਹ ਮੰਤਵ ਨਵੀਂ ਚੁਣੀ ਹੋਈ ਨਿਗਮ ਪੂਰਾ ਕਰੇਗੀ।ਇਸੇ ਤਰ੍ਹਾਂ ਇੱਕ ਹੋਰ ਇਤਿਹਾਸਕ ਫੈਸਲਾ ਲੈਂਦੇ ਹੋਏ ਨਗਰ ਨਿਗਮ ਨੇ ਜਨ ਸਿਹਤ ਵਿਭਾਗ ਦਾ ਸੰਪੂਰਨ ਕੰਮ ਆਪਣੇ ਅਧੀਨ ਲੈਣ ਦਾ ਮਤਾ ਪਾਸ ਕੀਤਾ ਹੈ। ਨਿਗਮ ਦਾ ਕਹਿਣਾ ਹੈ ਕਿ ਕਈ ਅਹਿਮ ਵਿਕਾਸ ਦੇ ਕੰਮ ਜਾਂ ਸਿਹਤ ਵਿਭਾਗ ਵੱਲੋਂ ਕਰਵਾਏ ਜਾਣ ਤੇ ਇਹ ਕੰਮ ਪਛੜ ਜਾਂਦੇ ਹਨ ਜਦੋਂ ਕਿ ਪੈਸਾ ਨਗਰ ਨਿਗਮ ਦਾ ਹੀ ਲੱਗਦਾ ਹੈ। ਇਸ ਲਈ ਇਸ ਵਿਭਾਗ ਦਾ ਕੰਮ ਨਗਰ ਨਿਗਮ ਨੇ ਆਪਣੇ ਅਧੀਨ ਲੈਣ ਦਾ ਫ਼ੈਸਲਾ ਲਿਆ ਹੈ ਇਸ ਦੇ ਨਾਲ ਨਾਲ ਮਤੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਨ ਸਿਹਤ ਵਿਭਾਗ ਦੇ ਕਰਮਚਾਰੀ ਡੈਪੂਟੇਸ਼ਨ ਤੇ ਨਗਰ ਨਿਗਮ ਵੱਲੋਂ ਲਏ ਜਾ ਸਕਦੇ ਹਨ।ਇਕ ਹੋਰ ਅਹਿਮ ਮਤੇ ਰਾਹੀਂ ਲੋਕਾਂ ਨੂੰ ਖੇਡਾਂ ਸਬੰਧੀ ਸਹੂਲਤ ਦੇਣ ਲਈ ਨਗਰ ਨਿਗਮ ਮੋਹਾਲੀ ਨੇ ਗਮਾਡਾ ਦੇ ਸਪੋਰਟਸ ਸਟੇਡੀਅਮ ਆਪਣੇ ਅਧੀਨ ਲੈਣ ਸਬੰਧੀ ਮਤਾ ਪਾਸ ਕੀਤਾ ਹੈ। ਮੁਹਾਲੀ ਦੇ ਫੇਜ਼ 11, ਸੈਕਟਰ 68, ਸੈਕਟਰ 71, ਫੇਜ਼ 7 ਅਤੇ ਫੇਜ਼ 5 ਵਿਚ ਗਮਾਡਾ ਦੇ ਅਜਿਹੇ ਪੰਜ ਸਟੇਡੀਅਮ ਹਨ ਜੋ ਗਮਾਡਾ ਵੱਲੋਂ ਚਲਾਏ ਜਾ ਰਹੇ ਹਨ। ਫਿਲਹਾਲ ਇਨ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਸ ਰੈਨੋਵੇਸ਼ਨ ਦਾ ਕੰਮ ਮੁਕੰਮਲ ਹੋਣ ਉਪਰੰਤ ਨਗਰ ਨਿਗਮ ਇਨ੍ਹਾਂ ਖੇਡ ਸਟੇਡੀਅਮਾਂ ਨੂੰ ਆਪਣੇ ਅਧੀਨ ਲੈ ਕੇ ਇਨ੍ਹਾਂ ਨੂੰ ਖੁਦ ਚਲਾਵੇਗੀ। ਇਸ ਸੰਬੰਧੀ ਮੀਟਿੰਗ ਵਿਚ ਮਤਾ ਪਾਸ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ ਕੁਝ ਕਰਮਚਾਰੀਆਂ ਦੀਆਂ ਮੌਤਾਂ ਤੋਂ ਬਾਅਦ ਉਨ੍ਹਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਡੌਗ ਪਾਲਿਸੀ ਅਡਾਪਟ ਕਰਨ ਅਤੇ ਅਜਿਹੇ ਕੁਝ ਹੋਰ ਮਤੇ ਵੀ ਲਿਆਂਦੇ ਗਏ ਸਨ ਜੋ ਪਾਸ ਕਰ ਦਿੱਤੇ ਗਏ।
No comments:
Post a Comment