ਮੋਹਾਲੀ, 11 ਜੁਲਾਈ : ਦੇਸ਼ ਨੂੰ ਹੁਣ ਡੱਬੇ ਬਦਲਣ ਦੀ ਲੋੜ ਨਹੀਂ ਸਗੋਂ ਇੰਜਣ ਬਦਲਣ ਦੀ ਹੀ ਲੋੜ ਹੈ ਤਾਂ ਕਿ ਦੇਸ਼ ਦੀ ਗੱਡੀ ਸਹੀ ਢੰਗ ਨਾਲ ਪਟੜੀ ਉੱਪਰ ਚੜ੍ਹ ਸਕੇ।
ਇਹ ਵਿਚਾਰ ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿੱਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਕੌਮੀ ਪ੍ਰਧਾਨ ਦਿਨੇਸ਼ ਸ਼ਰਮਾ ਸੁੰਦਰਿਆਲ ਨੇ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਹੁਣ ਕੇਂਦਰ ’ਚ 11 ਮੰਤਰੀ ਬਦਲ ਕੇ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪਿਛਲੇ ਸਾਲਾਂ ’ਚ ਸਰਕਾਰ ਦੀਆਂ ਜੋ ਨਾਕਾਮੀਆਂ ਰਹਿ ਗਈਆਂ ਉਨ੍ਹਾਂ ਦੇ ਜ਼ਿੰਮੇਵਾਰਾਂ ਨੂੰ ਹਟਾ ਕੇ ਭਾਜਪਾ ਨੇ ਸਭ ਠੀਕ ਕਰ ਲਿਆ ਹੈ ਜਦੋਂ ਕਿ ਕਰੋਨਾ ਕਾਰਨ ਇਕ ਕਰੋੜ ਦੇ ਕਰੀਬ ਲੋਕ ਮਰ ਗਏ ਹਨ, 23 ਕਰੋੜ ਦੇ ਕਰੀਬ ਬੇਰੁਜ਼ਗਾਰ ਹੋ ਗਏ ਹਨ, ਦੇਸ਼ ਹਰ ਫਰੰਟ ਉੱਪਰ ਫੇਲ੍ਹ ਰਿਹਾ ਹੈ ਜਿਸਦਾ ਜ਼ਿੰਮੇਵਾਰ ਪ੍ਰਧਾਨ ਮੰਤਰੀ ਹੈ ਜਿਸ ਨੂੰ ਬਦਲਿਆ ਜਾਣਾ ਜ਼ਰੂਰੀ ਹੈ। ਕੁਝ ਮੰਤਰੀਆਂ ਦੀ ਬਲੀ ਨਾਲ ਪ੍ਰਧਾਨ ਮੰਤਰੀ ਹੁਣ ਲੋਕਾਂ ਦੇ ਅੱਖੀਂ ਘਟਾ ਨਹੀਂ ਪਾ ਸਕਦੇ ਕਿ ਹੁਣ ਦੇਸ਼ ਵਿੱਚ ਸਭ ਕੁੱਝ ਠੀਕ ਹੋ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਕਰੋਨਾ ਦੇ ਪਰਦੇ ਹੇਠ ਪ੍ਰਧਾਨ ਮੰਤਰੀ ਨੇ ਕਿਸਾਨੀ ਕਾਨੂੰਨ ਲਿਆਂਦੇ, ਮਜ਼ਦੂਰਾਂ ਦੇ ਸੈਂਕੜੇ ਸਾਲਾਂ ਦੀ ਕਮਾਈ ਲੇਬਰ ਕੋਡ ਬਿਲ 2020 ਲਿਆ ਕੇ ਮਜ਼ਦੂਰਾਂ ਦੀ ਤਬਾਹੀ ਕਰ ਦਿੱਤੀ। ਕਰੋਨਾ ਕਾਲ ਵਿੱਚ ਲੋਕਾਂ ਨੂੰ ਰੁਜ਼ਗਾਰ, ਵਪਾਰੀ ਨੂੰ ਵਪਾਰ ਚਾਹੀਦਾ ਸੀ, ਮੋਦੀ ਸਰਕਾਰ ਨੇ ਕਰੋਨਾ ਦੇ ਨਾਂ ਹੇਠ ਲੋਕਾਂ ਨੂੰ ਬੇਰੁਜ਼ਾਗਰੀ ਦਿੱਤੀ, ਹਸਪਤਾਲਾਂ ਵਿੱਚ ਅੰਨ੍ਹੀ ਲੁੱਟ ਕੀਤੀ। ਹਸਪਤਾਲਾਂ ਵਿੱਚ ਬੈੱਡ, ਸਿਵਿਆਂ ’ਚ ਮੁਰਦੇ ਸਾੜਨ ਨੂੰ ਥਾਂ ਨਹੀਂ ਮਿਲੀ। ਬਾਹਰਲੇ ਦੇਸ਼ਾਂ ਨੇ ਕੋਰੋਨਾ ਦੀ ਮਾਰ ਝੱਲ ਰਹੇ ਲੋਕਾਂ ਨੂੰ ਘਰਾਂ ’ਚ ਪੈਸੇ ਭਿਜਵਾਏ ਪਰ ਮੋਦੀ ਨੇ ਲੋਕਾਂ ਤੋਂ ਕਰੋਨਾ ਦੇ ਇਲਾਜ ਦੇ ਬਹਾਨੇ ਘਰ ਵਿਕਵਾ ਦਿੱਤੇ। ਉਨ੍ਹਾਂ ਕਿਹਾ, ‘ਦੇਸ਼ ’ਚ ਜੋ ਹਾਲਾਤ ਦਿਖਾਏ ਜਾ ਰਹੇ ਹਨ ਉਹ ਹੈ ਨਹੀਂ ਅਤੇ ਜੋ ਹਨ ਉਹ ਦਿਖਾਏ ਨਹੀਂ ਜਾ ਰਹੇ ।ਉਨ੍ਹਾਂ ਕਿਹਾ ਕਿ ਦੇਸ਼ ਦਾ ਗੋਦੀ ਮੀਡੀਆ ਇਹ ਸਭ ਕੁਝ ਨਹੀਂ ਦਿਖਾ ਰਿਹਾ।
ਉਨ੍ਹਾਂ ਅੱਗੇ ਕਿਹਾ ਕਿ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਸਰਕਾਰ ਤੇ ਪਾਰਟੀ ਨੂੰ ਅਜਿਹਾ ਸੀਸ਼ਾ ਦਿਖਾਇਆ ਹੈ ਜੋ ਭਾਰਤ ਦੀਆਂ ਸਾਰੀਆਂ ਪਾਰਟੀਆਂ ਨੂੰ ਭਾਜਪਾ ਨੂੰ ਦਿਖਾਉਣਾ ਚਾਹੀਦਾ ਹੈ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਭਾਜਪਾ ਵਿਰੋਧੀ ਫਰੰਟ ਲਈ ਮਮਤਾ ਨੂੰ ਅੱਗੇ ਕਿਉਂ ਨਹੀਂ ਲਾਉਂਦੀ ਤਾਂ ਉਨ੍ਹਾਂ ਕਿਹਾ ਕਿ ਅਜੇ ਸਮਾਂ ਆਉਣ ਉਤੇ ਇਹ ਵਿਚਾਰ ਕੀਤਾ ਜਾਵੇਗਾ।
ਕਾਂਗਰਸ ਸਾਰੇ ਦੇਸ਼ ਵਿੱਚ ਮਮਤਾ ਦੀ ਤਰਜ਼ ’ਤੇ ਵਿਰੋਧ ਕਿਉਂ ਨਹੀਂ ਕਰ ਰਹੀ,ਦੇ ਜਵਾਬ ਵਿੱਚ, ਸ੍ਰੀ ਸੁੰਦਰਿਆਲ ਨੇ ਕਿਹਾ ਕਿ ਜੇ ਸਰਕਾਰ ਕੁਝ ਕਰਨ ਦੇਵੇਗੀ, ਤਾਂ ਹੀਕਰਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਾਡੇ ਲੀਡਰਾਂ ‘ਤੇ ਸੀਬੀਆਈ, ਈਡੀ ਤੇ ਹੋਰ ਸਭ ਤਰ੍ਹਾਂ ਦੇ ਢੰਗ ਵਰਤ ਕੇ ਦਬਾਅ ਪਾ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੇਂਦਰ ਸਰਕਾਰ ਤੇ ਭਾਜਪਾ ਨੂੰ ਪੁੱਠਾ ਗੇੜਾ ਦੇਣ ਵਾਲੀ ਮਮਤਾ ਨੂੰ ਭਾਰਤ ਪੱਧਰ ਉਤੇ ਸਾਂਝੇ ਮੋਰਚੇ ਦੀ ਲੀਡਰ ਮੰਨਣ ’ਤੇ ਕਾਂਗਰਸ ਕਿਉਂ ਚੁੱਪ ਹੈ ਤੇ ਕਾਂਗਰਸ ਦੇਸ਼ ਪੱਧਰ ਉਤੇ ਭਾਜਪਾ ਦਾ ਮੁਕਾਬਲਾ ਕਰਨ ’ਚ ਫੇਲ੍ਹ ਹੋ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਇਸ ਬਾਰੇ ਕਿਉਂ ਚੁੱਪ ਹੈ ਇਹ ਦੇਖਣ ਵਾਲੀ ਗੱਲ ਹੈ, ਪਰ ਉਹ ਮਮਤਾ ਨੂੰ ਸਲੂਟ ਕਰਦੇ ਹਨ ਜਿਸ ਨੇ ਭਾਜਪਾ ਦੀ ਚੜਤ ਨੂੰ ਰੋਕ ਕੇ ਦੇਸ਼ ਲਈ ਮਿਸ਼ਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੁੱਝ ਸਮੇਂ ਬਾਅਦ ਇਸ ਮਾਮਲੇ ਨੂੰ ਜ਼ਰੂਰ ਵਿਚਾਰੇਗੀ ਕਿਉਂਕਿ ਅਜੇ ਠੀਕ ਸਮਾਂ ਨਹੀਂ ਹੈ।
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਇੰਟਕ ਦੇ ਪ੍ਰਧਾਨ ਚੌਧਰੀ ਗੁਰਮੇਲ ਸਿੰਘ ਦਾਊਂ, ਸੀਨੀਅਰ ਮੀਤ ਪ੍ਰਧਾਨ ਪੰਜਾਬ ਅਰੁਣ ਮਲਹੋਤਰਾ, ਇੰਟਕ ਪੰਜਾਬ ਦੇ ਪ੍ਰਧਾਨ ਦੇ ਸਲਾਹਕਾਰ ਜਸਪਾਲ ਸਿੰਘ, ਅਜਮੇਰ ਸਿੰਘ ਸਰਪੰਚ ਦਾਊਂ, ਲੰਬਰਦਾਰ ਹਰਬੰਸ ਸਿੰਘ, ਜਨਰਲ ਸਕੱਤਰ ਇੰਟਕ ਪੰਜਾਬ, ਸ੍ਰੀਮਤੀ ਪੂਨਮ ਸਿੰਘ ਮਹਿਲਾ ਪ੍ਰਧਾਨ ਇੰਟਕ ਜ਼ਿਲ੍ਹਾ ਮੋਹਾਲੀ ਤੇ ਜਨਰਲ ਸਕੱਤਰ ਹਰਜਿੰਦਰ ਕੌਰ ਮੋਹਾਲੀ ਵੀ ਹਾਜ਼ਰ ਸਨ।ਾ
No comments:
Post a Comment