ਐਸ.ਏ.ਐਸ.ਨਗਰ, 11 ਜੁਲਾਈ : ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਅਤੇ ਜ਼ਿਲ੍ਹਾ ਮੱਛੀ ਪਾਲਣ ਵਿਭਾਗ ਮੋਹਾਲੀ ਨੇ ਸਾਂਝੇ ਤੌਰ ਤੇ ਰਾਸ਼ਟਰੀ ਮੱਛੀ ਪਾਲਕ ਦਿਵਸ ਮਨਾਇਆ ਜਿਸ ਵਿੱਚ ਤਕਰੀਬਨ 25 ਮੱਛੀ ਪਾਲਕਾਂ ਨੇ ਭਾਗ ਲਿਆ।
ਪ੍ਰੋਗਰਾਮ ਦੀ ਅਗਵਾਈ ਕਰਦੇ ਹੋਏ ਡਾ. ਪਰਮਿੰਦਰ ਸਿੰਘ, ਸਹਿਯੋਗੀ ਨਿਰਦੇਸ਼ਕ ਨੇ ਸਾਰੇ ਮੱਛੀ ਪਾਲਕਾਂ ਦਾ ਸਵਾਗਤ ਕਰਦੇ ਹੋਏ ਮੱਛੀ ਪਾਲਣ ਕਿੱਤੇ ਦੇ ਦੇਸ਼ ਵਿੱਚ ਆਰਥਿਕ ਯੋਗਦਾਨ ਬਾਰੇ ਦੱਸਿਆ।
ਪ੍ਰੋਗਰਾਮ ਦੇ ਕੋਆਰਡੀਨੇਟਰ, ਡਾ. ਵਿਕਾਸ ਫੁਲੀਆ ਨੇ ਮੱਛੀ ਪਾਲਕਾਂ ਨੂੰ ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਅੱਜ ਦੇ ਦਿਨ ਸਾਲ 1957 ਵਿੱਚ ਡਾ. ਹੀਰਾ ਲਾਲ ਚੌਧਰੀ ਅਤੇ ਡਾ. ਕੇ. ਐਚ. ਐਲੀਕੁਨੀ ਦੁਆਰਾ ਕਾਰਪ ਮੱਛੀ ਦੀ ਪ੍ਰੇਰਿਤ ਪ੍ਰਜਣਨ ਤਕਨੀਕ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਸੀ ਜੋ ਕਿ ਅੱਗੇ ਜਾ ਕੇ ਭਾਰਤ ਵਿੱਚ ਨੀਲੀ ਕ੍ਰਾਂਤੀ ਲਈ ਮੀਲ ਦਾ ਪੱਥਰ ਸਾਬਿਤ ਹੋਈ।
ਇਸ ਪ੍ਰੋਗਰਾਮ ਵਿੱਚ ਕਈ ਮਾਹਿਰਾਂ ਨੇ ਮੱਛੀ ਪਾਲਣ ਦੇ ਵੱਖ-ਵੱਖ ਪਹਿਲੂਆਂ ਬਾਰੇ ਔਨਲਾਈਨ ਜਾਣਕਾਰੀ ਸਾਂਝੀ ਕੀਤੀ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਗਡਵਾਸੂ, ਲੁਧਿਆਣਾ ਨੇ ਯੂਨੀਵਰਸਿਟੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵਿਖੇ ਕਾਲੇਜ਼ ਆਫ਼ ਫਿਸ਼ਰੀਜ਼ ਦੇ ਡੀਨ, ਡਾ. ਮੀਰਾ ਡੀ ਆਂਸਲ ਨੇ ਪੰਜਾਬ ਵਿੱਚ ਮੱਛੀ ਪਾਲਣ ਦੀ ਮੌਜੂਦਾ ਸਥਿਤੀ ਅਤੇ ਨੀਲੀ ਕ੍ਰਾਂਤੀ ਦੇ ਭਵਿੱਖ ਬਾਰੇ ਦੱਸਿਆ।
ਡਾ. ਪ੍ਰਭਜੀਤ ਸਿੰਘ, ਸਹਾਇਕ ਪ੍ਰੋਫੈਸਰ ਨੇ ਪੰਜਾਬ ਵਿੱਚ ਮੱਛੀ ਪੁੰਗ ਦੇ ਮੌਜੂਦਾ ਉਤਪਾਦਨ ਅਤੇ ਚੁਣੌਤੀਆਂ ਨੂੰ ਨਜਿੱਠਣ ਲਈ ਵੱਖ-ਵੱਖ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਦੱਸਿਆ।
ਡਾ. ਫਿਰੋਜ਼ ਖ਼ਾਨ, ਵਿਗਿਆਨਿਕ, ਸੀਫਾ, ਭੁਵਨੇਸ਼ਵਰ ਨੇ ਪੰਜਾਬ ਵਿੱਚ ਕੈਟ ਫਿਸ਼ ਮੱਛੀ ਦੇ ਪਾਲਣ ਦੀ ਸੰਭਾਵਨਾਵਾਂ ਬਾਰੇ ਆਪਣੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਜ਼ਿਲ੍ਹਾ ਮੱਛੀ ਪਾਲਣ ਵਿਭਾਗ ਤੋਂ ਸੀਨੀਅਰ ਮੱਛੀ ਪਾਲਣ ਅਫਸਰ ਸ. ਜਤਿੰਦਰ ਸਿੰਘ ਗਿੱਲ ਨੇ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਦੇ ਅਧੀਨ ਮੱਛੀ ਪਾਲਕਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਬਾਰੇ ਦੱਸਿਆ।
ਇਸ ਪ੍ਰੋਗਰਾਮ ਵਿੱਚ ਆਈ.ਸੀ.ਏ.ਆਰ. – ਸੈਂਟਰਲ ਇੰਸਚੀਚਿਊਟ ਆਫ਼ ਫਿਸ਼ਰੀਜ਼ ਐਜੂਕੇਸ਼ਨ, ਮੁੰਬਈ ਤੋਂ ਐਕਵਾਕਲਚਰ ਵਿਭਾਗ ਦੇ ਮੁਖੀ ਡਾ. ਐਨ.ਕੇ. ਚੱਡਾ ਬਤੌਰ ਸਰਪ੍ਰਸਤ ਸ਼ਾਮਲ ਹੋਏ ਅਤੇ ਮੱਛੀ ਪਾਲਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਪ੍ਰੋਗਰਾਮ ਵਿੱਚ ਮੱਛੀ ਪਾਲਕਾਂ ਨੂੰ ਪੈਲਟ ਖ਼ੁਰਾਕ ਅਪਣਾਉਣ ਲਈ ਵੀ ਪ੍ਰੇਰਿਆ ਗਿਆ। ਮੌਜੂਦ ਮੱਛੀ ਪਾਲਕਾਂ ਨੇ ਮੱਛੀ ਪਾਲਣ ਖੇਤਰ ਬਾਰੇ ਆਪਣੇ ਅਨੁਭਵ ਸਾਰਿਆਂ ਨਾਲ ਸਾਂਝੇ ਕੀਤੇ।
ਇਸ ਪ੍ਰੋਗਰਾਮ ਵਿੱਚ ਡਾ. ਹਰਮੀਤ ਕੌਰ, ਡਾ. ਸ਼ਸ਼ੀ ਪਾਲ, ਕੁਮਾਰੀ ਜਗਦੀਪ ਭੁੱਲਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
No comments:
Post a Comment