ਐਸ.ਏ.ਐਸ. ਨਗਰ, 23 ਜੁਲਾਈ : ਟੋਕੀਓ ਉਲੰਪਿਕ ਵਿੱਚ ਭਾਗ ਲੈਣ ਵਾਲੇ ਭਾਰਤੀ ਖਿਡਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਪਹਿਲਕਦਮੀ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ ਸਪੋਰਟਸ ਸਟੇਡੀਅਮ, ਸੈਕਟਰ-78 ਤੋਂ ਭਾਰਤੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਉਹਨਾਂ ਨਾਲ ਸਕੱਤਰ ਖੇਡ ਰਾਜ ਕਮਲ ਚੌਧਰੀ, ਸੰਯੁਕਤ ਸਕੱਤਰ ਖੇਡਾਂ ਕਰਤਾਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਰਾਣਾ ਸੋਢੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੋਕਿਓ ਓਲੰਪਿਕ ਵਿੱਚ ਭਾਗ ਲੈਣ ਵਾਲੇ ਭਾਰਤੀ ਐਥਲੀਟਾਂ ਦੇ ਮਨੋਬਲ ਨੂੰ ਵਧਾਉਣ ਲਈ ਸੰਦੇਸ਼ (ਮੈਸੇਜ) ਅਤੇ ਵੀਡੀਓ ਬਣਾਉਣ। ਕੇਂਦਰੀ ਖੇਡ ਮੰਤਰੀ ਸ੍ਰੀ ਅਨੁਰਾਗ ਠਾਕੁਰ ਦੀ ਤਰਜ਼ 'ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਭਾਰਤੀ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਇੱਕ ਵੀਡੀਓ ਬਣਾਉਣ। ਉਹਨਾਂ ਅੱਗੇ ਕਿਹਾ, "ਅਸੀਂ ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਆਪਣੇ ਅਥਲੀਟਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਤਾਂ ਕਿ ਉਹ ਜਾਣ ਸਕਣ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ।’ ਉਹਨਾਂ ਅੱਗੇ ਕਿਹਾ, ’ਅਸੀਂ ਖਿਡਾਰੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਘੜੀ ਵਿੱਚ ਦੇਸ਼ ਦਾ ਹਰ ਵਿਅਕਤੀ ਉਨ੍ਹਾਂ ਦੇ ਨਾਲ ਖੜ੍ਹਾ ਹੈ।’
ਕੈਬਨਿਟ ਮੰਤਰੀ ਨੇ ਦੱਸਿਆ ਕਿ ਭਾਰਤੀ ਖਿਡਾਰੀਆਂ ਵਿੱਚੋਂ 40 ਫ਼ੀਸਦੀ ਖਿਡਾਰੀ ਪੰਜਾਬ ਅਤੇ ਹਰਿਆਣਾ ਤੋਂ ਹਨ ਅਤੇ ਇਸ ਵਿੱਚ ਦੋਵੇਂ ਸੂਬਿਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਦੁਹਰਾਉਂਦਿਆਂ ਕਿਹਾ ਕਿ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਓਲੰਪਿਕ ਵਿੱਚ ਸੋਨ ਤਮਗਾ ਜੇਤੂਆਂ ਨੂੰ ਇਨਾਮੀ ਰਾਸ਼ੀ ਦੇ ਰੂਪ ਵਿੱਚ 2.25 ਕਰੋੜ ਰੁਪਏ, ਚਾਂਦੀ ਦਾ ਤਮਗਾ ਜਿੱਤਣ ਵਾਲਿਆਂ ਨੂੰ 1.5 ਕਰੋੜ ਰੁਪਏ ਜਦਕਿ ਕਾਂਸੀ ਤਮਗਾ ਜੇਤੂਆਂ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ, ‘‘ਅਸੀਂ ਹਾਕੀ ਵਿੱਚ ਪ੍ਰਮੁੱਖ ਦਾਅਵੇਦਾਰ ਵਜੋਂ ਸਾਹਮਣੇ ਆਉਣ ਦੀ ਉਮੀਦ ਕਰ ਰਹੇ ਹਾਂ ਕਿਉਂਕਿ ਕੌਮੀ ਹਾਕੀ ਟੀਮ ਦੇ ਅੱਧੇ ਖਿਡਾਰੀ ਸੂਬੇ ਵਿੱਚੋਂ ਲਏ ਜਾਣ ਦੀ ਉਮੀਦ ਹੈ।’’ ਉਹਨਾਂ ਦਾਅਵਾ ਕਰਦਿਆਂ ਕਿਹਾ ਕਿ ਉਭਰ ਰਹੇ ਖਿਡਾਰੀ, ਵਿਦੇਸ਼ੀ ਮਾਹਰ ਕੋਚਿੰਗ ਸਟਾਫ਼ ਤੋਂ ਇਲਾਵਾ ਅਤਿ ਆਧੁਨਿਕ ਸਾਜ਼ੋ-ਸਾਮਾਨ ਸਬੰਧੀ ਹਰ ਸਹੂਲਤ ਨੂੰ ਯਕੀਨੀ ਬਣਾਉਣ ਲਈ ਸੂਬੇ ਦੀ ਨਵੀਂ ਖੇਡ ਨੀਤੀ ਬਹੁਤ ਲਾਭਕਾਰੀ ਸਿੱਧ ਹੋਈ ਹੈ।
ਇਸ ਦੌਰਾਨ, ''ਕਮ ਆਨ ਇੰਡੀਆ'' ਦੀ ਇਹ ਆਵਾਜ਼ ਸੂਬੇ ਦੇ ਹਰ ਜ਼ਿਲ੍ਹੇ ਵਿਚ ਵੀ ਗੂੰਜੀ, ਜਿਥੇ ਸਾਡੇ ਖਿਡਾਰੀਆਂ ਨਾਲ ਇਕਜੁੱਟਤਾ ਦਰਸਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਗਏ ਹਨ।
No comments:
Post a Comment