ਮੋਹਾਲੀ, 1 ਜੁਲਾਈ : ਰੋਟਰੀ ਕਲੱਬ ਡੇਰਾਬੱਸੀ ਟਾਊਨ ਵਲੋਂ ਅੱਜ ਡਾਕਟਰ ਦਿਵਸ ਮੌਕੇ ਜ਼ਿਲ੍ਹਾ ਹਸਪਤਾਲ ਦੇ ਡਾਕਟਰਾਂ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਕਲੱਬ ਦੇ ਅਹੁਦੇਦਾਰਾਂ ਨੇ ਹਸਪਤਾਲ ਵਿਚ ਪਹੁੰਚ ਕੇ ਡਾਕਟਰਾਂ ਨੂੰ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਅਤੇ ਕੋਵਿਡ ਮਹਾਂਮਾਰੀ ਦੌਰਾਨ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਉਨ੍ਹਾਂ ਦਾ ਧਨਵਾਦ ਕੀਤਾ। ਕਲੱਬ ਮੈਂਬਰਾਂ ਨੇ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਜੇ ਭਗਤ, ਡਾ. ਐਚ.ਐਸ. ਚੀਮਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਵਿਕਰਾਂਤ ਨਾਗਰਾ, ਡਾ. ਤਰਨਜੋਤ ਕੌਰ, ਡਾ. ਮਨਪ੍ਰੀਤ ਕੌਰ ਦਾ ਸਨਮਾਨ ਕੀਤਾ।
ਰੋਟਰੀ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਨੇ ਕਿਹਾ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ ਜਿਹੜੇ ਮਨੁੱਖਤਾ ਦੀ ਤੰਦਰੁਸਤੀ ਅਤੇ ਭਲੇ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਕੌਮੀ ਡਾਕਟਰ ਦਿਵਸ ਡਾਕਟਰਾਂ ਦੇ ਯੋਗਦਾਨ ਦਾ ਸਤਿਕਾਰ ਕਰਨ ਲਈ ਹੀ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਭਿਆਨਕ ਦੌਰ ਵਿਚ ਡਾਕਟਰਾਂ ਨੇ ਲੱਖਾਂ ਕੀਮਤੀ ਜਾਨਾਂ ਬਚਾਈਆਂ ਹਨ ਜਿਸ ਲਈ ਉਹ ਵਡਿਆਈ ਦੇ ਪਾਤਰ ਹਨ। ਇਸ ਮੌਕੇ ਡਾ. ਵਿਜੇ ਭਗਤ ਨੇ ਕਿਹਾ ਕਿ ਉਹ ਕਲੱਬ ਦੇ ਅਹੁਦੇਦਾਰਾਂ ਦਾ ਧਨਵਾਦ ਕਰਦੇ ਹਨ ਜਿਨ੍ਹਾਂ ਉਨ੍ਹਾਂ ਦੀਆਂ ਸੇਵਾਵਾਂ ਦੀ ਕਦਰ ਕੀਤੀ ਹੈ। ਇਸ ਮੌਕੇ ਭੁਪਿੰਦਰ ਸਿੰਘ ਸੈਣੀ, ਤੇਜਵੀਰ ਸਿੰਘ ਸੈਣੀ, ਹਰਿੰਦਰ ਸਿੰਘ ਹਨੀ, ਭੁਪਿੰਦਰ ਸਿੰਘ ਡਾਹਰੀ, ਨਰੇਸ਼ ਗੌਤਮ, ਸਰਬਜੀਤ ਸਿੰਘ ਬਾਵਾ, ਸਚਿਨ ਸ਼ਰਮਾ, ਅਸ਼ੀਸ਼ ਅਚਿੰਤ, ਹਤਿੰਦਰ ਮੋਹਨ ਕੌਸ਼ਿਕ, ਗੁਰਦੀਪ ਸਿੰਘ ਚਹਿਲ ਆਦਿ ਮੌਜੂਦ ਸਨ।
No comments:
Post a Comment