ਐਸ.ਏ.ਐਸ. ਨਗਰ, 28 ਜੁਲਾਈ : ਚੇਅਰਮੈਨ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਸ੍ਰੀ ਗੇਜਾ ਰਾਮ ਨੇ ਮੋਹਾਲੀ ਵਿਖੇ ਐੱਲ.ਐੱਚ.ਪੀ. ਗਲੇਰੀਆ ਸ਼ਾਪਿੰਗ ਮਾਲ ਦੇ ਬਿਲਕੁਲ ਬਾਹਰ ਸੀਵਰੇਜ ਦੀ ਸਫ਼ਾਈ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਕੋਲੋਂ ਕਰਵਾਈ ਜਾਵੇ।
ਇੱਥੇ ਮਿਊਂਸੀਪਲ ਕਾਰਪੋਰੇਸ਼ਨ ਦਫਤਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵ) ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਕਮਲ ਕੁਮਾਰ ਗਰਗ, ਡੀ.ਐਸ.ਪੀ. ਦੀਪ ਕਮਲ ਦੀ ਹਾਜ਼ਰੀ ਵਿੱਚ ਕੀਤੀ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਚੇਅਰਮੈਨ ਗੇਜਾ ਰਾਮ ਨੇ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਲੋੜ ਹੈ ਕਿਉਂਕਿ ਮੌਜੂਦਾ ਪੜਤਾਲੀਆ ਟੀਮ ਨੇ ਕਈ ਅਹਿਮ ਪਹਿਲੂਆਂ ਉਤੇ ਗੌਰ ਨਹੀਂ ਕੀਤਾ,
ਜਿਸ ਕਾਰਨ ਪੂਰਾ ਸੱਚ ਸਾਹਮਣੇ ਨਹੀਂ ਆ ਸਕਿਆ। ਉਨ੍ਹਾਂ ਆਖਿਆ ਕਿ ਫ਼ੇਜ਼-8 ਥਾਣੇ ਵਿੱਚ ਦਰਜ ਐਫ. ਆਈ.ਆਰ. ਨੰਬਰ 104 ਮਿਤੀ 19 ਜੁਲਾਈ 2021 ਵਿੱਚ ਧਾਰਾ 304 ਏ ਲਗਾਈ ਗਈ ਹੈ, ਜਦੋਂ ਕਿ ਇਸ ਮਾਮਲੇ ਵਿੱਚ ਧਾਰਾ 304 ਬਣਦੀ ਹੈ। ਇਸ ਤੋਂ ਇਲਾਵਾ ਮਾਮਲੇ ਵਿੱਚ ਐਸ.ਸੀ./ਐਸ.ਟੀ. ਐਕਟ ਅਤੇ ਮੈਨੂਅਲ ਸਕੈਵੈਂਜਿੰਗ ਐਕਟ 2013 ਦੀਆਂ ਧਾਰਾਵਾਂ ਵੀ ਜੋੜੀਆਂ ਜਾਣ। ਮੀਟਿੰਗ ਦੌਰਾਨ ਇਸ ਮਾਮਲੇ ਦੀ ਪੜਤਾਲ ਕਰਨ ਵਾਲੀ ਪੁਲਿਸ ਟੀਮ ਵੀ ਮੌਜੂਦ ਸੀ।
ਮੀਟਿੰਗ ਤੋਂ ਬਾਅਦ ਚੇਅਰਮੈਨ ਗੇਜਾ ਰਾਮ ਨੇ ਦੱਸਿਆ ਕਿ ਇਸ ਮਾਮਲੇ ਦੇ ਸਾਰੇ ਪਹਿਲੂਆਂ ਨੂੰ ਜਾਂਚ ਕਰਨ ਵਾਲੀ ਟੀਮ ਨਾਲ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਪੜਤਾਲੀਆ ਟੀਮ ਨੂੰ ਇਨ੍ਹਾਂ ਮੌਤਾਂ ਨੂੰ ਹਾਦਸਾ ਨਹੀਂ ਮੰਨਿਆ ਜਾਣਾ ਚਾਹੀਦਾ, ਸਗੋਂ ਇਸ ਦੀ ਉੱਚ ਪੱਧਰੀ ਜਾਂਚ-ਪੜਤਾਲ ਕਰਵਾ ਕੇ ਇਨ੍ਹਾਂ ਮੌਤਾਂ ਦੇ ਅਸਲ ਕਾਰਨ ਸਾਹਮਣੇ ਲਿਆਂਦੇ ਜਾਣ ਤਾਂ ਜੋ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਚੇਅਰਮੈਨ ਨੇ ਸਿਫਾਰਸ਼ ਕੀਤੀ ਕਿ ਸਫ਼ਾਈ ਕਰਮਚਾਰੀ/ਸੀਵਰਮੈੱਨਾਂ ਨਾਲ ਸਬੰਧਤ ਸੁਰੱਖਿਆ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਜਿਸ ਤਹਿਤ ਸਫ਼ਾਈ ਸੇਵਕਾਂ ਨੂੰ ਕੰਮ ਦੌਰਾਨ ਲੋੜੀਂਦੇ ਸੁਰੱਖਿਆ ਉਪਕਰਨ ਤੇ ਹੋਰ ਸਾਜ਼ੋ-ਸਾਮਾਨ ਮੁਹੱਈਆ ਕਰਨੇ ਯਕੀਨੀ ਬਣਾਏ ਜਾਣ।
No comments:
Post a Comment