ਐਸ.ਏ.ਐਸ. ਨਗਰ, 4 ਅਗਸਤ : ਪੰਜਾਬ ਰਾਜ ਜ਼ਿਲ੍ਹਾ (ਡੀ ਸੀ) ਦਫਤਰ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਦੀ ਅਗਵਾਈ ਵਿੱਚ ਪੰਜਾਬ ਦੇ ਡੀਸੀ ਦਫ਼ਤਰਾਂ, ਐੱਸਡੀਐੱਮ ਦਫ਼ਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਕੰਮ ਕਰਦੇ ਦਫਤਰੀ ਕਾਮਿਆਂ ਨੇ ਸਮੂਹਿਕ ਛੁੱਟੀ ਲੈ ਕੇ ਪਿੰਡ ਕਾਂਗੜ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਅਤੇ ਰੈਲੀ ਉਪਰੰਤ ਰੋਸ ਮਾਰਚ ਕਰਦੇ ਹੋਏ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਰਿਹਾਇਸ਼ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਇਸ ਸੰਬੰਧ ਵਿਚ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਤੋਂ ਸਟਾਫ ਮੰਗਦੇ ਸੀ, ਪ੍ਰਮੋਸ਼ਨਾਂ ਮੰਗਦੇ ਸੀ ਜਾਂ ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਦੀ ਪਦਉੱਨਤੀ ਦਾ ਕੋਟਾ ਮੰਗਦੇ ਸੀ ਅਤੇ ਹੋਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕੀਤੇ ਜਾਣ ਦੀ ਉਮੀਦ ਕਰਦੇ ਸੀ ਪਰੰਤੂ ਪੰਜਾਬ ਸਰਕਾਰ ਮਾਲ ਵਿਭਾਗ ਨੇ ਡੀਸੀ ਦਫ਼ਤਰਾਂ ਦੇ ਪੁਨਰਗਠਨ ਕਰਨ ਦੇ ਨਾਮ ਤੇ ਹਰੇਕ ਜ਼ਿਲ੍ਹੇ ਵਿੱਚ ਛੇ ਸ਼ਾਖਾਵਾਂ ਖ਼ਤਮ ਕਰ ਦਿੱਤੀਆਂ ਅਤੇ ਸੀਨੀਅਰ ਸਹਾਇਕਾਂ ਤੇ ਕਲਰਕਾਂ ਦੀਆਂ ਅਸਾਮੀਆਂ ਖ਼ਤਮ ਕਰ ਦਿੱਤੀਆਂ। ਇਸ ਨਾਲ ਡੀਸੀ ਦਫ਼ਤਰ ਕਾਮਿਆਂ ਦੇ ਪ੍ਰਮੋਸ਼ਨ ਮੌਕੇ ਘਟ ਗਏ ਅਤੇ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਦੇ ਉਲਟ ਪੜ੍ਹੇ ਲਿਖੇ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਘਟਾ ਦਿੱਤੇ।
ਇਸ ਤੋਂ ਇਲਾਵਾ ਸਾਂਝੀਆਂ ਮੰਗਾਂ ਤੇ ਪੰਜਾਬ ਸਰਕਾਰ ਦੇ ਰਵੱਈਏ ਦੀ ਆਲੋਚਨਾ ਕਰਦਿਆਂ ਹਾਜ਼ਰ ਡੀਸੀ ਦਫ਼ਤਰ ਕਾਮਿਆਂ ਨੇ ਦੋ ਹਜਾਰ ਬਾਈ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਵੋਟਾਂ ਨਾ ਪਾਉਣ ਦਾ ਅਾਇਦ ਲਿਆ। ਇਸ ਲਈ ਡੀ ਸੀ ਦਫਤਰ ਯੂਨੀਅਨ ਵੱਲੋਂ ਪੁਨਰਗਠਨ ਕਰਨ ਦੇ ਨਾਂ ਤੇ ਖ਼ਤਮ ਕੀਤੀਆਂ ਸ਼ਾਖਾਵਾਂ ਅਤੇ ਅਸਾਮੀਆਂ ਦੀ ਬਹਾਲੀ ਲਈ ਪਿਛਲੇ ਦੋ ਦਿਨ ਤੋਂ ਕਲਮਛੋਡ਼ ਹਡ਼ਤਾਲ ਕੀਤੀ ਹੋਈ ਸੀ ਅਤੇ ਅੱਜ ਸਮੂਹਿਕ ਛੁੱਟੀ ਲੈ ਕੇ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਮੰਤਰੀ ਦੇ ਵਿਧਾਨ ਸਭਾ ਹਲਕੇ ਵਿਚ ਪਿੰਡ ਕਾਂਗੜ ਵਿਖੇ ਰੈਲੀ ਕੀਤੀ। ਇਸ ਮੌਕੇ ਯੂਨੀਅਨ ਵੱਲੋਂ ਤਿਆਰ ਕੀਤਾ ਗਿਆ ਯੂਨੀਅਨ ਦਾ ਝੰਡਾ ਵੀ ਲਾਂਚ ਕੀਤਾ ਗਿਆ। ਯੂਨੀਅਨ ਵੱਲੋਂ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਹ ਸ਼ਾਖਾਵਾਂ ਅਤੇ ਅਸਾਮੀਆਂ ਬਹਾਲ ਨਾ ਕੀਤੀਆਂ ਗਈਆਂ ਤਾਂ ਡੀ ਸੀ ਦਫਤਰ ਕਾਮਿਆਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਰਬਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਕਿ ਪੀ ਐੱਸ ਐੱਮ ਐੱਸ ਯੂ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੇ ਨਾਲ ਕਲਮ ਛੋਡ਼ ਹਡ਼ਤਾਲ 15 ਅਗਸਤ ਤਕ ਜਾਰੀ ਰਹੇਗੀ। ਇਸ ਹੜਤਾਲ ਦੌਰਾਨ 5 ਅਗਸਤ ਨੂੰ ਸਮੁੱਚੇ ਪੰਜਾਬ ਵਿਚ ਡੀ ਸੀ ਦਫ਼ਤਰ ਕਾਮੇ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਸਬ ਡਿਵੀਜ਼ਨ ਪੱਧਰ ਤੇ ਮਾਲ ਮੰਤਰੀ ਪੰਜਾਬ ਦੇ ਪੁਤਲੇ ਬਣਾ ਕੇ ਬਕਾਇਦਾ ਆਪਣੀ ਕਚਹਿਰੀ ਲਾ ਕੇ ਦੋਸ਼ ਆਇਦ ਕਰਨ ਬਾਅਦ ਸਜ਼ਾ ਦੇ ਤੌਰ ਤੇ ਪੁਤਲੇ ਨੂੰ ਫਾਹੇ ਲਾਉਣਗੇ ਅਤੇ ਉਸ ਉਪਰੰਤ ਪੁਤਲਿਆਂ ਨੂੰ ਸਾੜਨਗੇ। ਇਸ ਹੜਤਾਲ ਦੌਰਾਨ ਰੋਜ਼ ਜਿੱਥੇ ਰੋਸ ਵਿਖਾਵੇ ਜਾਰੀ ਰਹਿਣਗੇ ਉਥੇ ਕਲਮ ਛੋਡ਼ ਹਡ਼ਤਾਲ ਦੌਰਾਨ ਦਫਤਰੀ ਕੰਮਾਂ ਦਾ ਬਾਈਕਾਟ ਕਰਕੇ ਰੋਸ ਮੁਜ਼ਾਹਰੇ ਕਰਨਗੇ। ਇਸ ਤੋਂ ਇਲਾਵਾ ਮਾਲ ਮੰਤਰੀ ਪੰਜਾਬ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਹਡ਼ਤਾਲ ਦੌਰਾਨ ਜਿਸ ਜ਼ਿਲ੍ਹੇ ਵਿੱਚ ਵੀ ਜਾਣਗੇ, ਉਸ ਵਿੱਚ ਕਾਲੀਆਂ ਝੰਡੀਆਂ ਨਾਲ ਜ਼ਬਰਦਸਤ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਇਸ ਐਕਸ਼ਨ ਨੂੰ ਹੋਰ ਸਖ਼ਤ ਕਰਦਿਆਂ 12 ਅਗਸਤ ਤੋਂ ਦਫਤਰਾਂ ਦੀ ਤਾਲਾਬੰਦੀ ਕਰਕੇ ਜ਼ਿਲ੍ਹਿਆਂ ਦਾ ਕਲੱਸਟਰ ਬਣਾ ਕੇ ਵਾਰੀ ਵਾਰੀ ਮਾਲ ਮੰਤਰੀ, ਮੁੱਖ ਮੰਤਰੀ ਜਾਂ ਵਿੱਤ ਮੰਤਰੀ ਦੇ ਹਲਕੇ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਦਾ ਫ਼ੈਸਲਾ ਆਉਣ ਵਾਲੇ ਦਿਨਾਂ ਵਿਚ ਆਨਲਾਈਨ ਮੀਟਿੰਗ ਰਾਹੀਂ ਕੀਤਾ ਜਾਵੇਗਾ। ਇਸ ਹੜਤਾਲ ਦੌਰਾਨ ਹਰ ਤਰ੍ਹਾਂ ਦੀਆਂ ਬਹੁਤ ਜ਼ਰੂਰੀ ਸੇਵਾਵਾਂ ਵੀ ਬੰਦ ਰਹਿਣਗੀਆਂ। ਮੁਕੰਮਲ ਕੰਮ ਠੱਪ ਰੱਖਦਿਆਂ ਕੋਰੋਨਾ, ਹੜ੍ਹਾਂ ਸਬੰਧੀ, ਚੋਣਾਂ ਸੰਬੰਧੀ, 15 ਅਗਸਤ ਦੀ ਤਿਆਰੀ ਸਬੰਧੀ ਜਾਂ ਅਫ਼ਸਰਾਂ ਦੀਆਂ ਸਰਕਾਰ ਨਾਲ ਹੋਣ ਵਾਲੀਆਂ ਵੀਡੀਓ ਕਾਨਫ਼ਰੰਸਿੰਗ ਮੀਟਿੰਗਾਂ ਸਬੰਧੀ ਵੀ ਕੋਈ ਕੰਮ ਨਹੀਂ ਕੀਤਾ ਜਾਵੇਗਾ। ਸੂਬਾ ਪੱਧਰੀ ਅਗਲੀ ਰੀਵਿਊ ਮੀਟਿੰਗ ਆਨਲਾਈਨ ਸ਼ਨੀਵਾਰ 7 ਅਗਸਤ ਨੂੰ ਕੀਤੀ ਜਾਵੇਗੀ। ਉਦੋਂ ਤੱਕ ਜੇ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਆਇਆ ਤਾਂ ਐਕਸ਼ਨ ਨੂੰ ਹੋਰ ਸਖ਼ਤ ਕਰਨ ਸਬੰਧੀ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਰੈਲੀ ਵਿਚ ਸਮੁੱਚੀ ਸੂਬਾ ਲੀਡਰਸ਼ਿਪ ਤੋਂ ਇਲਾਵਾ 22 ਜ਼ਿਲ੍ਹਿਆਂ ਦੀ ਲੀਡਰਸ਼ਿਪ ਸੌ ਫ਼ੀਸਦੀ ਸਟਾਫ ਨੂੰ ਨਾਲ ਲੈ ਕੇ ਸ਼ਾਮਲ ਹੋਈ।*
No comments:
Post a Comment