ਚੰਡੀਗੜ੍ਹ, 21 ਅਗਸਤ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਤਾਜ਼ੇ ਵਾਧੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਅਸਮਾਨੀ ਚੜ੍ਹੀ ਮਹਿੰਗਾਈ ਨੇ ਹਰੇਕ ਵਰਗ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਕੇਂਦਰ ਸਰਕਾਰ ਪੈਟਰੋਲੀਅਮ ਪਦਾਰਥਾਂ ਤੋਂ 300 ਪ੍ਰਤੀਸ਼ਤ ਦੇ ਵਾਧੇ ਨਾਲ ਟੈਕਸ ਇਕੱਠਾ ਕਰ ਰਹੀ ਹੈ, ਅਜੇ ਵੀ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਰੁਕ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਕਾਬੂ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਲਈ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਮੁੱਖ ਜ਼ਿੰਮੇਵਾਰ ਹੈ ਉੱਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਮਹਿੰਗਾਈ 'ਤੇ ਤੇਲ ਛਿੜਕਣ 'ਚ ਕੋਈ ਕਸਰ ਨਹੀਂ ਛੱਡੀ। ਨਤੀਜੇ ਵਜੋਂ ਤੇਲ, ਘਿਉ, ਗੈਸ, ਦਾਲਾਂ ਸਮੇਤ ਹੋਰ ਘਰੇਲੂ ਵਸਤਾਂ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ।
ਸ਼ਨੀਵਾਰ ਨੂੰ ਪਾਰਟੀ ਦੇ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਸਵਾਲ ਚੁੱਕਦਿਆਂ ਪੁੱਛਿਆ, 'ਜਿਹੜੇ 2014 'ਚ ਵੋਟਾਂ ਲੈਣ ਲਈ ਗੈਸ ਸਿਲੰਡਰ ਲੈ ਕੇ ਮਹਿੰਗਾਈ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ, ਉਹ ਹੁਣ ਕਿਥੇ ਹਨ? ਉਸ ਵੇਲੇ 410 ਰੁਪਏ ਵਾਲਾ ਗੈਸ ਸਿਲੰਡਰ ਜੇ ਮਹਿੰਗਾ ਸੀ ਤਾਂ ਹੁਣ 896 ਰੁਪਏ 'ਚ ਮਿਲਣ ਵਾਲੇ ਸਿਲੰਡਰ ਬਾਰੇ ਭਾਜਪਾ ਨੇਤਾ ਕਿਉਂ ਨਹੀਂ ਬੋਲਦੇ? ਕੀ ਭਾਜਪਾ ਵਾਲਿਆਂ ਨੂੰ ਪਤਾ ਨਹੀਂ ਲੱਗਿਆ ਕਿ ਦੋ ਦਿਨ ਪਹਿਲਾਂ ਗੈਸ ਸਿਲੰਡਰ ਸਿੱਧਾ 25 ਰੁਪਏ ਮਹਿੰਗਾ ਕਰ ਦਿੱਤਾ ਗਿਆ?ਚੀਮਾ ਨੇ ਕਿਹਾ ਕਿ ਅਸਮਾਨ ਛੂੰਹਦੀਆਂ ਤੇਲ, ਪੈਟਰੋਲ, ਗੈਸ, ਘਿਉ ਅਤੇ ਹੋਰ ਰਸੋਈ ਵਸਤਾਂ ਦੀਆਂ ਕੀਮਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਿਸ ਤਰਾਂ ਸੱਤਾਧਾਰੀ ਸਰਕਾਰਾਂ ਲੋਕਾਂ ਨੂੰ ਲੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੈਟਰੋਲ 'ਤੇ 70 ਫ਼ੀਸਦੀ ਟੈਕਸ ਵਸੂਲ ਕੇ ਆਪਣਾ ਅਤੇ ਕਾਰੋਬਾਰੀ ਘਰਾਣਿਆਂ ਦਾ ਖ਼ਜ਼ਾਨਾ ਭਰਨ 'ਚ ਲੱਗੀ ਹੋਈ ਹੈ।
ਚੀਮਾ ਨੇ ਅੰਕੜਿਆਂ ਨਾਲ ਦੱਸਿਆ ਕਿ ਕਿ ਮੋਦੀ ਸਰਕਾਰ ਦੇ ਰਾਜ 'ਚ ਪੈਟਰੋਲ 'ਤੇ ਆਬਕਾਰੀ ਕਰ 3 ਗੁਣਾ ਵੱਧ ਕੇ 33 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ ਦਾ ਹਾਲ ਇਸ ਤੋਂ ਵੀ ਮਾੜਾ ਹੈ ਕਿਉਂਕਿ ਡੀਜ਼ਲ 'ਤੇ 2014 ਨਾਲੋਂ 10 ਗੁਣਾ ਵੱਧ ਐਕਸਾਈਜ਼ ਡਿਊਟੀ ਲਾਗੂ ਹੋਣ ਕਾਰਨ ਇਸ ਵੇਲੇ 32 ਰੁਪਏ ਪ੍ਰਤੀ ਲੀਟਰ ਟੈਕਸ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ ਲਗਾਤਾਰ ਤੇਲ ਉੱਤੇ ਟੈਕਸ ਵਧਾ ਕੇ ਖ਼ਜ਼ਾਨੇ 'ਚ 300 ਫ਼ੀਸਦੀ ਵਾਧਾ ਕਰਕੇ ਆਮ ਲੋਕਾਂ ਦੀਆਂ ਜੇਬਾਂ ਖ਼ਾਲੀ ਕੀਤੀਆਂ।
ਹਰਪਾਲ ਸਿੰਘ ਚੀਮਾ ਨੇ ਕਿਹਾ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਵੀ ਕੇਂਦਰ ਨਾਲੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਮਹਿੰਗਾਈ ਘੱਟ ਕਰਨ ਅਤੇ ਘਿਉ, ਖੰਡ, ਤੇਲ ਆਦਿ ਵਸਤਾਂ ਮੁਫ਼ਤ ਵੰਡਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਪਰ ਇਸ ਸਰਕਾਰ ਨੇ ਕਿਸੇ ਵੀ ਵਸਤੂ ਦੀ ਕੀਮਤ 'ਚ ਕਮੀ ਨਹੀਂ ਕੀਤੀ। ਪੰਜਾਬ ਦੀ ਕਾਂਗਰਸ ਸਰਕਾਰ ਪੈਟਰੋਲ 'ਤੇ 35 ਫ਼ੀਸਦੀ ਵੈਟ ਵਸੂਲ ਰਹੀ ਹੈ, ਜੋ ਸਮੁੱਚੇ ਦੇਸ਼ 'ਚ ਸਭ ਤੋਂ ਜ਼ਿਆਦਾ ਹੈ।
ਚੀਮਾ ਨੇ ਇਹ ਵੀ ਦੱਸਿਆ ਕਿ ਖੇਤੀ ਪ੍ਰਧਾਨ ਸੂਬੇ 'ਚ ਕਿਸਾਨਾਂ ਤੋਂ ਡੀਜ਼ਲ 'ਤੇ 35 ਫ਼ੀਸਦੀ ਵੈਟ ਵਸੂਲਿਆ ਜਾ ਰਿਹਾ ਹੈ, ਜੋ ਕਾਂਗਰਸ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਸਬੂਤ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨੂੰ ਵੈਟ ਮੁਕਤ ਡੀਜ਼ਲ ਮਿਲਣਾ ਚਾਹੀਦਾ ਹੈ।
ਚੀਮਾ ਨੇ ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਦੋਂ ਬੰਗਾਲ ਸਮੇਤ ਹੋਰਨਾਂ ਰਾਜਾਂ 'ਚ ਚੋਣਾ ਸਨ ਤਾਂ ਕੇਂਦਰ ਸਰਕਾਰ ਨੇ ਪੈਟਰੋਲ ਡੀਜ਼ਲ ਸਮੇਤ ਘਰੇਲੂ ਵਸਤਾਂ ਦੀਆਂ ਕੀਮਤਾਂ 'ਚ ਭੋਰਾ ਵਾਧਾ ਨਹੀਂ ਕੀਤਾ ਸੀ, ਪਰ ਹੁਣ ਤਿਉਹਾਰਾਂ ਦਾ ਦੌਰ ਹੋਣ 'ਤੇ ਹਰ ਵਸਤ ਦੀ ਕੀਮਤ ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਸਰਕਾਰ ਦੇਸ਼ ਸੇਵਾ ਦੇ ਨਾਂ 'ਤੇ ਖੋਖਲੀ ਰਾਜਨੀਤੀ ਕਰਦੀ ਹੈ।
ਉਨ੍ਹਾਂ ਮੋਦੀ ਸਰਕਾਰ 'ਤੇ ਦੋਸ਼ ਲਾਇਆ ਕਿ ਆਮ ਲੋਕਾਂ ਦੀ ਲੁੱਟ ਜਾਰੀ ਰੱਖਣ ਕਰਕੇ ਹੀ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਅਧੀਨ ਨਹੀਂ ਲਿਆਂਦਾ ਜਾ ਰਿਹਾ ਹੈ, ਕਿਉਂਕਿ ਜੀਐਸਟੀ ਤਹਿਤ ਵੱਧ ਤੋਂ ਵੱਧ 28 ਪ੍ਰਤੀਸ਼ਤ ਟੈਕਸ ਹੀ ਲਗਾਇਆ ਜਾ ਸਕਦਾ ਹੈ।
ਭਾਰਤ ਵਿੱਚ ਇਸ ਵੇਲੇ ਸਾਰੇ ਦੱਖਣੀ ਏਸ਼ੀਆ ਵਿੱਚ ਸਭ ਤੋਂ ਮਹਿੰਗਾ ਪੈਟਰੋਲ ਡੀਜ਼ਲ ਮਿਲ ਰਿਹਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ 7 ਸਾਲਾਂ ਤੋਂ ਲਗਾਤਾਰ ਡਿੱਗਣ ਦੇ ਬਾਵਜੂਦ ਸਰਕਾਰ ਲੋਕਾਂ ਨੂੰ ਰਾਹਤ ਨਹੀਂ ਦੇ ਰਹੀ। ਉਨ੍ਹਾਂ ਦੱਸਿਆ ਕਿ 2016 ਵਿੱਚ ਜਦੋਂ ਕੱਚਾ ਤੇਲ 29 ਡਾਲਰ ਪ੍ਰਤੀ ਲੀਟਰ ਦੀ ਰਿਕਾਰਡ ਗਿਰਾਵਟ ਵਿੱਚ ਸੀ ਉਸ ਵੇਲੇ ਮੋਦੀ ਸਰਕਾਰ ਨੇ ਕੀਮਤਾਂ ਘਟਾਉਣ ਦੀ ਬਜਾਏ ਐਕਸਾਈਜ਼ 54 ਫ਼ੀਸਦੀ, ਵੈਟ 46 ਫ਼ੀਸਦੀ ਅਤੇ ਡੀਲਰਾਂ ਦਾ ਕਮਿਸ਼ਨ 73 ਫ਼ੀਸਦੀ ਵਧਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਬੂਤ ਹੈ ਕਿ ਇਹ ਸਰਕਾਰ ਆਮ ਲੋਕਾਂ ਦੀ ਨਹੀਂ ਸਗੋਂ ਵੱਡੇ ਵਪਾਰੀ ਘਰਾਣਿਆਂ ਦੀ ਹੈ
No comments:
Post a Comment