SBP GROUP

SBP GROUP

Search This Blog

Total Pageviews

ਇਤਰਾਜਯੋਗ ਹੈ ਪ੍ਰਧਾਨਮੰਤਰੀ ਨਾਲ ਮੁਲਾਕਾਤ ਮੌਕੇ ਕੈਪਟਨ ਵੱਲੋਂ ਕਿਸਾਨ ਅੰਦੋਲਨ ਬਾਰੇ ਦਿੱਤੀ ਦਲੀਲ-ਭਗਵੰਤ ਮਾਨ

 ਚੰਡੀਗੜ੍ਹ, 12 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਬੈਠਕ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨ ਰੱਦ ਕਰਨ ਲਈ ਜੋ ਦਲੀਲ ਪੇਸ਼ ਕੀਤੀ ਹੈ, ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਉੱਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਇਸ ਪਿੱਛੇ ਖ਼ਤਰਨਾਕ ਏਜੰਡਾ ਹੋਣ ਦਾ ਦੋਸ਼ ਲਗਾਇਆ ਹੈ।

'ਆਪ' ਦਾ ਤਰਕ ਹੈ ਕਿ ਕਿਸਾਨਾਂ ਅਤੇ ਕਿਸਾਨ ਅੰਦੋਲਨ ਬਾਰੇ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਸਾਫ਼ ਹੁੰਦੀ ਤਾਂ ਅੰਦੋਲਨ ਬਾਰੇ ਮੁਲਕ ਦੀ ਸੁਰੱਖਿਆ ਅਤੇ ਪਾਕਿਸਤਾਨ ਦੇ ਹਵਾਲੇ ਨਾ ਦਿੱਤੇ ਜਾਂਦੇ।
ਵੀਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਕਿ ਨਰਿੰਦਰ ਮੋਦੀ ਕੋਲ ਉਨ੍ਹਾਂ ਕਿਹੜੇ-ਕਿਹੜੇ ਮੁੱਦੇ ਉਠਾਏ।
ਭਗਵੰਤ ਮਾਨ ਨੇ ਦੱਸਿਆ ਕਿ ਪੂਰੇ ਬਿਆਨ 'ਚ ਮੁੱਖ ਮੰਤਰੀ ਨੇ ਇੱਕ ਥਾਂ ਵੀ ਸਪਸ਼ਟ ਸ਼ਬਦਾਂ 'ਚ ਨਹੀਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ 'ਤੇ ਥੋਪੇ ਗਏ ਤਿੰਨੋਂ ਕਾਨੂੰਨ ਪੰਜਾਬ ਸਮੇਤ ਦੇਸ਼ ਭਰ ਦੇ ਅੰਨਦਾਤਾ ਦੀ ਹੋਂਦ ਲਈ ਹੀ ਖ਼ਤਰਾ ਹਨ। ਇਹ ਕਾਨੂੰਨ ਕਿਸਾਨ ਅਤੇ ਖੇਤੀ ਵਿਰੋਧੀ ਅਤੇ ਗ਼ਲਤ ਹਨ। ਇਹ ਇਕਪਾਸੜ ਹੁੰਦੇ ਹੋਏ ਸਿਰਫ਼ ਕਾਰਪੋਰੇਟ ਘਰਾਣਿਆ ਦੇ ਹਿੱਤਾਂ ਦੀ ਪੂਰਤੀ ਕਰਦੇ ਹਨ। ਸਭ ਤੋਂ ਵੱਡੀ ਗੱਲ ਕਿਸਾਨਾਂ ਵੱਲੋਂ ਕਦੇ ਵੀ ਇਸ ਤਰਾਂ ਦੇ ਕਥਿਤ ਖੇਤੀ ਸੁਧਾਰਾਂ ਦੀ ਮੰਗ ਨਹੀਂ ਕੀਤੀ ਗਈ।


ਆਪਣੀ ਹੋਂਦ ਬਚਾਉਣ ਲਈ ਪੰਜਾਬ ਅਤੇ ਦੇਸ਼ ਦਾ ਕਿਸਾਨ ਬੀਤੇ ਸਾਲ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ। ਇਸ ਲਈ ਅੰਨਦਾਤਾ ਦੀ ਪੁਕਾਰ ਨੂੰ ਸੁਣਦੇ ਸਮਝਦੇ ਹੋਏ ਇਨ੍ਹਾਂ ਵਿਨਾਸ਼ਕਾਰੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿ ਰਹੇ ਹਨ, ''ਇਨ੍ਹਾਂ ਕਾਨੂੰਨਾਂ ਕਾਰਨ ਕਿਸਾਨਾਂ 'ਚ ਵੱਡੀ ਪੱਧਰ 'ਤੇ ਰੋਹ ਪਾਇਆ ਜਾ ਰਿਹਾ ਹੈ। ਇਸ ਕਿਸਾਨ ਸੰਘਰਸ਼ ਦਾ ਪੰਜਾਬ ਅਤੇ ਮੁਲਕ ਦੀ ਸੁਰੱਖਿਆ ਦੇ ਲਿਹਾਜ਼ ਤੋਂ ਵੱਡਾ ਖ਼ਤਰਾ ਹੋਣ ਦੀ ਸੰਭਾਵਨਾ ਹੈ, ਕਿਉਂ ਜੋ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਭਾਰਤ ਵਿਰੋਧੀ ਤਾਕਤਾਂ ਕਿਸਾਨਾਂ ਦੀ ਨਾਰਾਜ਼ਗੀ ਦਾ ਲਾਹਾ ਚੁੱਕਣ ਦੀ ਤਾਕ 'ਚ ਹਨ।''
ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਪਸ਼ਟੀਕਰਨ ਮੰਗਿਆ ਕਿ ਉਹ ਜਨਤਾ ਨੂੰ ਸਪਸ਼ਟ ਕਰਨ ਕਿ ਖੇਤੀ ਕਾਨੂੰਨ ਇਸ ਲਈ ਰੱਦ ਹੋਵੇ ਚਾਹੀਦੇ ਹਨ ਕਿ ਇਹ ਕਿਸਾਨ ਵਿਰੋਧੀ ਅਤੇ ਕਿਸਾਨੀ ਧੰਦੇ ਦੀ ਹੋਂਦ ਲਈ ਖ਼ਤਰਾ ਹਨ ਜਾਂ ਇਸ ਲਈ ਰੱਦ ਹੋਣੇ ਚਾਹੀਦੇ ਹਨ ਕਿ ਕਿਸਾਨ ਅੰਦੋਲਨ ਦਾ ਦੇਸ਼ ਵਿਰੋਧੀ ਤਾਕਤਾਂ ਨਜਾਇਜ਼ ਲਾਹਾ ਨਾ ਉਠਾ ਲੈਣ?
ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਸੂਬੇ 'ਚ ਉਸੇ ਤਰਾਂ ਦਾ ਦਹਿਸ਼ਤੀ ਮਾਹੌਲ ਸਿਰਜਣ ਦੀ ਸਾਜ਼ਿਸ਼ 'ਚ ਹਨ, ਜਿਵੇਂ ਭਾਜਪਾ ਚੋਣਾਂ ਜਿੱਤਣ ਲਈ ਦੇਸ਼ ਵਿਰੋਧੀ ਤਾਕਤਾਂ ਦਾ ਢੰਡੋਰਾ ਪਿੱਟ ਕੇ ਬਣਾਉਂਦੀ ਹੈ। ਇਸ ਲਈ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਨਰਿੰਦਰ ਮੋਦੀ ਦੀ ਇਸ ਤਰਾਂ ਦੀ ਖ਼ਤਰਨਾਕ ਜੁਗਲਬੰਦੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਜੋ ਇੱਕ ਪਾਸੇ ਹਰੇਕ ਵਰਗ ਜਾਂ ਧਰਮ ਦੀ ਸ਼ਮੂਲੀਅਤ ਵਾਲੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਮੌਕਾ ਨਹੀਂ ਛੱਡਦੀ, ਦੂਜੇ ਪਾਸੇ ਚੋਣਾਂ ਜਿੱਤਣ ਲਈ ਸਮਾਜ 'ਚ ਵੰਡੀਆਂ ਅਤੇ ਭੈ ਪੈਦਾ ਕਰਕੇ ਕਿਸੇ ਖ਼ਾਸ ਵਰਗ ਨੂੰ ਵੋਟ ਬੈਂਕ ਵਜੋਂ ਵਰਤਦੀ ਹੈ।
ਇਸ ਤੋਂ ਬਿਨ੍ਹਾ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਜੇਕਰ ਸੱਚਮੁੱਚ ਸੰਜੀਦਾ ਹੁੰਦੇ ਤਾਂ ਇਕੱਲੇ ਮਿਲਣ ਦੀ ਥਾਂ ਸਰਬਪਾਰਟੀ ਵਫਦ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਦੇ ਅਤੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਇਕਜੁੱਟ ਦਬਾਅ ਬਣਾਉਂਦੇ।

No comments:


Wikipedia

Search results

Powered By Blogger