ਐਸ.ਏ.ਐਸ. ਨਗਰ, 24 ਅਗਸਤ : ਕਾਮਯਾਬ ਕਿਸਾਨ ਖ਼ੁਸ਼ਹਾਲ ਪੰਜਾਬ ਦੀ ਮੁਹਿੰਮ ਅਧੀਨ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋੋਂ ਤਕਰੀਬਨ ਪੰਜ ਹਜ਼ਾਰ ਵੱਖ-ਵੱਖ ਤਰ੍ਹਾਂ ਦੇ ਫਲਦਾਰ ਅਤੇ ਛਾਂ ਵਾਲੇ ਬੂਟੇ ਲਾਏ ਜਾ ਰਹੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ. ਨਗਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਪਿੰਡ ਸਵਾੜਾ ਬਲਾਕ ਖਰੜ ਦੇ ਅਗਾਂਹਵਧੂ ਕਿਸਾਨਾਂ ਨੂੰ ਨਾਲ ਲੈ ਕੇ ਪੌਦੇ ਲਾਏ ਅਤੇ ਕਿਹਾ ਕਿ ਇਨ੍ਹਾਂ ਪੌਦਿਆਂ ਨੂੰ ਲਾਉਣ ਮਗਰੋਂ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਜ਼ਰੂਰੀ ਹੈ ਕਿਉਂਕਿ ਪੌਦੇ ਲਾਉਣਾ ਜਿੰਨਾ ਸੌਖਾ ਹੈ, ਉਨਾ ਹੀ ਔਖਾ ਉਨ੍ਹਾਂ ਨੂੰ ਪ੍ਰਵਾਨ ਚੜ੍ਹਾਉਣਾ ਹੈ। ਇਸ ਸਬੰਧੀ ਰੁੱਖਾਂ ਨੂੰ ਗੋਦ ਲੈਣਾ, ਜਨਮ ਦਿਨ ਜਾਂ ਹੋਰ ਕਿਸੇ ਵਿਸ਼ੇਸ਼ ਦਿਨ ਦੌਰਾਨ ਰੁੱਖਾਂ ਨੂੰ ਪਾਲਣ ਦੇ ਰੁਝਾਨ, ਇਲਾਕੇ ਨੂੰ ਹਰਿਆ-ਭਰਿਆ ਰੱਖਣ ਵਿੱਚ ਵਿਸ਼ੇਸ਼ ਯੋਗਦਾਨ ਪਾ ਸਕਦੇ ਹਨ।
ਖੇਤੀਬਾੜੀ ਵਿਕਾਸ ਅਫ਼ਸਰ ਐਸ.ਏ.ਐਸ. ਨਗਰ ਡਾ. ਗੁਰਦਿਆਲ ਕੁਮਾਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਹਰ ਸਾਲ ਮਿਹਨਤ ਕਰਦੇ ਹੋਏ ਰੁੱਖਾਂ ਦੀ ਲੱਖਾਂ ਦੀ ਗਿਣਤੀ ਵਿੱਚ ਪੌਦ ਤਿਆਰ ਕਰਦਾ ਅਤੇ ਵਧਦੇ ਹੋਏ ਪ੍ਰਦੂਸ਼ਣ ਦੀ ਰੋਕਥਾਮ, ਸਾਹ ਦੀਆਂ ਬਿਮਾਰੀਆਂ ਅਤੇ ਕੋਵਿਡ-19 ਵਰਗੀ ਮਹਾਂਮਾਰੀ ਦੇ ਮੱਦੇਨਜ਼ਰ ਅਜਿਹੇ ਸਮਾਗਮਾਂ ਦੌਰਾਨ ਲਾਏ ਗਏ ਪੌਦੇ ਵੱਧ ਤੋਂ ਵੱਧ ਆਕਸੀਜਨ ਸਪਲਾਈ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਅਤੇ ਕੀਮਤੀ ਜਾਨਾਂ ਬਚਾਉਂਦੇ ਹਨ। ਖੇਤੀਬਾੜੀ ਅਫ਼ਸਰ, ਖਰੜ ਡਾ. ਸੰਦੀਪ ਕੁਮਾਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਨਾਲ ਬਲਾਕ ਖਰੜ ਦੇ ਵੱਖ-ਵੱਖ ਪਿੰਡਾਂ ਵਿੱਚ ਦੋ ਹਜ਼ਾਰ ਬੂਟੇ ਲਾਏ ਗਏ ਹਨ। ਪਿੰਡ ਸਵਾੜਾ ਦੀ ਸਰਪੰਚ ਸ੍ਰੀਮਤੀ ਕਮਲਜੀਤ ਕੌਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਉਤੇ ਇਹ ਪੌਦੇ ਲਾਉਣ ਨੂੰ ਯਕੀਨੀ ਬਣਾਇਆ ਜਾਵੇਗਾ।
ਬਲਾਕ ਖਰੜ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਜਸਵਿੰਦਰ ਸਿੰਘ, ਪਿੰਡ ਸੈਦਪੁਰ ਦੇ ਵਾਤਾਵਰਨ ਪ੍ਰੇਮੀ ਕਿਸਾਨ ਤਰਜਿੰਦਰ ਸਿੰਘ ਅਤੇ ਪਿੰਡ ਗਿੱਦੜਪੁਰ ਦੇ ਕਿਸਾਨ ਮੇਜਰ ਬਾਜਵਾ ਨੇ ਆਏ ਹੋਏ ਕਿਸਾਨਾਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਏ.ਡੀ.ਓ.ਪੀ.ਪੀ. ਬਲਾਕ ਖਰੜ ਡਾ. ਗੁਰਪ੍ਰੀਤ ਸਿੰਘ, ਪਿੰਡ ਸਵਾੜਾ, ਝੰਜੇੜੀ, ਸੈਦਪੁਰ ਅਤੇ ਪਿੰਡ ਗਿੱਦੜਪੁਰ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ ਅਤੇ ਮੁੱਖ ਖੇਤੀਬਾੜੀ ਅਫ਼ਸਰ, ਐਸ.ਏ.ਐਸ. ਨਗਰ ਨੇ ਆਏ ਹੋਏ ਕਿਸਾਨਾਂ ਨੂੰ ਬੂਟੇ ਵੰਡੇ।
No comments:
Post a Comment