ਮੋਹਾਲੀ, 6 ਸਤੰਬਰ : ਪੰਜਾਬ ਵਿਚ ਕਾਲੇ ਦੌਰ ਦੌਰਾਨ ਹੋਂਦ ਵਿਚ ਲਿਆਂਦੇ ਹੋਮਗਾਰਡ ਮਹਿਕਮੇ ਵਿਚ ਪਿੰਡਾਂ ਅਤੇ ਸ਼ਹਿਰਾਂ ਤੋਂ ਭਰਤੀ ਕੀਤੇ ਨੌਜਵਾਨਾਂ ਵਲੋਂ ਆਪਣੀਆਂ ਜਾਨਾਂ ਗੁਆ ਕੇ ਤਨ-ਮਨ ਨਾਲ ਅੱਗੇ ਹੋ ਕੇ ਸੂਬੇ ਵਿਚ ਜਿਸ ਤਰਾਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ, ਉਹ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ। ਅਨੇਕਾਂ ਨੌਜਵਾਨਾਂ ਨੇ ਇਸ ਸਮੇਂ ਦੌਰਾਨ ਦੇਸ਼ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਸਨ ਪਰ ਸਮੇਂ ਦੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਨੇ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮੋਹਾਲੀ ਪ੍ਰੈਸ ਕਲੱਬ ਵਿਚ ਹੋਮਗਾਰਡ ਵਾਰਿਸ ਯੂਨੀਅਨ ਪੰਜਾਬ (ਜ਼ਿਲਾ ਪਟਿਆਲਾ) ਵਲੋਂ ਕੀਤੀ ਗਈ ਕਾਨਫਰੰਸ ਦੌਰਾਨ ਯੂਨੀਅਨ ਦੇ ਪ੍ਰਧਾਨ ਵਿਸਾਖਾ ਸਿੰਘ ਅਤੇ ਹਾਜ਼ਰ ਅਹੁਦੇਦਾਰਾਂ ਵਲੋਂ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਹੋਮ ਗਾਰਡ ਵਿਚ ਭਰਤੀ ਅਤੇ ਪਰਿਵਾਰ ਦੀ ਰੋਜ਼ੀ ਰੋਟੀ ਕਮਾਉਣ ਵਾਲੇ ਨੌਜਵਾਨਾਂ ਦੀ ਜਾਨ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਰਸਯੋਗ ਹਾਲਤ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ ਅਤੇ ਉਹਨਾਂ ਦੇ ਪਰਿਵਾਰ ਅੱਜ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਉਹਨਾਂ ਕਿਹਾ ਕਿ ਅਸੀਂ ਪਿਛਲੇ 36 ਦਿਨਾਂ ਤੋਂ ਮੋਹਾਲੀ ਦੇ ਫੇਜ਼-8 ਵਿਚ ਧਰਨੇ ’ਤੇ ਬੈਠੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਅੱਗੇ ਕਿਹਾ ਕਿ ਸਾਡੀ ਯੂਨੀਅਨ ਵਲੋਂ ਮੌਜੂਦਾ ਕਾਂਗਰਸ ਸਰਕਾਰ ਦੇ ਵੱਖ-ਵੱਖ ਆਗੂਆਂ ਨਵਜੋਤ ਸਿੰਘ ਸਿੱਧੂ, ਮਹਾਰਾਣੀ ਪ੍ਰਨੀਤ ਕੌਰ ਸਮੇਤ ਕੈਬਨਿਟ ਮੰਤਰੀਆਂ ਅਤੇ ਉਚ ਅਧਿਕਾਰੀਆਂ ਨੂੰ ਵੀ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਲਈ ਸਮੇਂ ਸਮੇਂ ’ਤੇ ਮੰਗ ਪੱਤਰ ਦਿੱਤੇ ਗਏ ਪਰ ਉਹਨਾਂ ਵਲੋਂ ਭਰੋਸੇ ਤੋਂ ਸਿਵਾਏ ਕੁਝ ਨਹੀਂ ਮਿਲਿਆ।
ਉਹਨਾਂ ਅੱਗੇ ਦਸਿਆ ਕਿ ਅਕਾਲੀ ਸਰਕਾਰ ਵਲੋਂ 2016 ਵਿਚ ਇਕ ਪਾਲਿਸੀ ਬਣਾਈ ਗਈ ਸੀ ਜਿਸ ਤਹਿਤ 2007 ਤੋਂ 2018 ਤੱਕ ਪਹਿਲੇ ਬੈਚ ਵਿਚ 858 ਅਤੇ ਦੂਸਰੇ ਬੈਚ ਵਿਚ 300 ਦੇ ਕਰੀਬ ਮਿ੍ਰਤਕ ਮੁਲਾਜ਼ਮਾਂ ਦੇ ਵਾਰਿਸਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਗਈ ਸੀ। ਪਰ 2019 ਤੋਂ ਲੈ ਕੇ ਹੁਣ ਤੱਕ 387 ਕੇਸ ਪੈਂਡਿੰਗ ਪਏ ਹਨ, ਜਿਨਾਂ ਵੱਲ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਮਿ੍ਰਤਕ ਮੁਲਾਜ਼ਮਾਂ ਦੇ ਵਾਰਿਸਾਂ ਨੂੰ ਲਾਰੇ ਲੱਪੇ ਹੀ ਮਿਲੇ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਯਾਦ ਕਰਵਾਉਦਿਆਂ ਕਿਹਾ ਕਿ ਸੱਤਾ ’ਚ ਆਉਣ ਤੋਂ ਬਾਅਦ ਹੁਣ ਉਹ ਨੌਕਰੀਆਂ ਦੇਣ ਦਾ ਕੀਤਾ ਵਾਅਦਾ ਭੁੱਲ ਗਏ ਹਨ, ਜਿਸ ਕਾਰਨ ਸਾਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਪਰ ਸਰਕਾਰ ਵਲੋਂ ਉਹਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ।
ਉਹਨਾਂ ਕਿਹਾ ਕਿ ਸਰਕਾਰ ਦੀ ਇਸ ਅਣਗਹਿਲੀ ਸਦਕਾ ਕਈ ਨੌਜਵਾਨ ਗ਼ਲਤ ਕੰਮਾਂ, ਨਸ਼ਿਆਂ ਅਤੇ ਹੋਰ ਗ਼ੈਰਕਾਨੂੰਨੀ ਕੰਮ ਵਿਚ ਗ਼ਲਤਾਨ ਹੋਣਗੇ। ਉਹਨਾਂ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਦੀ ਤੁਰੰਤ ਸੁਣਵਾਈ ਨਾ ਹੋਈਆਂ ਤਾਂ ਉਹ ਮਜ਼ਬੂਰ ਹੋ ਕੇ ਮਰਨ ਵਰਤ ’ਤੇ ਬੈਠਣਗੇ, ਪਰ ਜੇਕਰ ਸਰਕਾਰ ਨੇ ਸਾਡੀ ਸਮੱਸਿਆ ਦਾ ਫਿਰ ਵੀ ਕੋਈ ਹੱਲ ਨਾ ਕੀਤਾ ਤਾਂ ਉਹਨਾਂ ਦੀ ਜਥੇਬੰਦੀ ਨੂੰ ਆਤਮ-ਹੱਤਿਆ ਦਾ ਰਾਹ ਅਪਣਾਉਣਾ ਪਵੇਗਾ, ਜਿਸਦੀ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਤੋਂ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਸੁਮੀਤ ਕੌਰ ਬਾਦਲ ਨੇ ਕਿਹਾ ਕਿ ਹੋਮਗਾਰਡ ਵਾਰਿਸ ਯੂਨੀਅਨ ਪੰਜਾਬ ਨੂੰ ਅਸੀਂ ਬਿਨਾਂ ਸ਼ਰਤ ਆਪਣਾ ਸਮਰਥਨ ਦਿੰਦੇ ਹਾਂ। ਉਹਨਾਂ ਕਿਹਾ ਕਿ ਜਦੋਂ ਤੱਕ ਇਹਨਾਂ ਨੂੰ ਆਪਣੇ ਹੱਕ ਨਹੀਂ ਮਿਲਦੇ ਉਦੋਂ ਤੱਕ ਅਸੀਂ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।
No comments:
Post a Comment