ਐਸ ਏ ਐਸ ਨਗਰ, 6 ਸਤੰਬਰ : ਅਨਾਜ ਦੀ ਚੋਰੀ ਅਤੇ ਦੁਰਵਰਤੋਂ ਨੂੰ ਘਟਾਉਣ ਦੇ ਮਕਸਦ ਨਾਲ, ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਆਟਾ-ਦਾਲ ਨੂੰ ਵੰਡਣ ਲਈ ਅਪ੍ਰੈਲ ਤੋਂ ਸਤੰਬਰ 2021 ਤੱਕ 2916 ਨਵੇਂ ਸਮਾਰਟ ਰਾਸ਼ਨ ਕਾਰਡ ਜਾਰੀ ਕੀਤੇ ਹਨ। ਅਜਿਹਾ ਕਰਨ ਨਾਲ, ਜ਼ਿਲ੍ਹੇ ਵਿੱਚ ਰਾਸ਼ਨ ਲਾਭਪਾਤਰੀਆਂ ਦੀ ਗਿਣਤੀ ਵਧ ਕੇ 1.10 ਲੱਖ ਪਰਿਵਾਰਾਂ ਤੱਕ ਪਹੁੰਚ ਗਈ ਹੈ।
ਸਰਕਾਰੀ ਵਿਭਾਗਾਂ ਦੇ ਕੰਮਕਾਜ ਦੇ ਡਿਜੀਟਾਈਜੇਸ਼ਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਖੁਰਾਕ ਸਪਲਾਈ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਪਰਿਵਾਰਾਂ ਨੂੰ ਸਮਾਰਟ ਰਾਸ਼ਨ ਕਾਰਡ ਮੁਹੱਈਆ ਕਰਵਾਉਣ ਲਈ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਅਧੀਨ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੇ 4.53 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਹੁਣ ਤੱਕ ਇੱਕ ਲੱਖ ਅਠਾਰਾਂ ਹਜ਼ਾਰ ਸਮਰਾਟ ਰਾਸ਼ਨ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।
ਖੁਰਾਕ ਸਪਲਾਈ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਦੌਰਾਨ, ਸ਼੍ਰੀਮਤੀ ਮਿੱਤਲ ਨੇ ਅੱਗੇ ਕਿਹਾ ਕਿ ਬਾਇਓਮੈਟ੍ਰਿਕ ਪ੍ਰਮਾਣਿਕਤਾ ਅਸਲ ਲਾਭਪਾਤਰੀ ਨੂੰ ਅਨਾਜ ਦੀ ਵੰਡ ਨੂੰ ਯਕੀਨੀ ਬਣਾਉਂਦੀ ਹੈ। ਕਾਰਡ ਦੀ ਅੰਤਰਰਾਜੀ ਵਰਤੋਂ ਨਾਲ ਲਾਭਪਾਤਰੀ ਨੂੰ ਆਪਣੀ ਪਸੰਦ ਦੀ ਢੁਕਵੀਂ ਕੀਮਤ ਦੀ ਦੁਕਾਨ ਤੋਂ ਰਾਸ਼ਨ ਲੈਣ ਦਾ ਅਧਿਕਾਰ ਦਿੰਦੀ ਹੈ। ਇਹ ਡਿਪੂ ਹੋਲਡਰਾਂ ਦੇ ਸਦੀਆਂ ਪੁਰਾਣੇ ਏਕਾਧਿਕਾਰ ਦਾ ਅੰਤ ਹੈ। ਉਨ੍ਹਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡਾਂ ਦੀ ਵਰਤੋਂ ਬਿਨਾਂ ਵਾਧੂ ਦਸਤਾਵੇਜ਼ ਲਏ ਈ-ਪੌਸ ਮਸ਼ੀਨਾਂ ਰਾਹੀਂ ਘੱਟ ਕੀਮਤ ਵਾਲੀਆਂ ਦੁਕਾਨਾਂ ਤੋਂ ਅਨਾਜ ਲੈਣ ਲਈ ਕੀਤੀ ਜਾ ਸਕਦੀ ਹੈ। ਪਰਿਵਾਰ ਦਾ ਵੇਰਵਾ ਪ੍ਰਾਪਤ ਕਰਨ ਲਈ ਈ-ਪੌਸ ਮਸ਼ੀਨ 'ਤੇ ਸਮਾਰਟ ਰਾਸ਼ਨ ਕਾਰਡ ਸਵਾਈਪ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਦੇ ਬਾਇਓਮੈਟ੍ਰਿਕ ਦੀ ਪ੍ਰਮਾਣਿਕਤਾ ਕੀਤੀ ਜਾਏਗੀ। ਏਡੀਸੀ (ਜੀ) ਨੇ ਅੱਗੇ ਦੱਸਿਆ ਕਿ ਫੂਡ ਸਪਲਾਈ ਵਿਭਾਗ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੋਵਿਡ ਮਰੀਜ਼ਾਂ ਲਈ 820 ਕੋਵਿਡ ਰਾਹਤ ਰਾਸ਼ਨ ਪੈਕਟਾਂ ਦੀ ਸਪਲਾਈ ਵੀ ਕੀਤੀ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਹਾਇਕ ਡਿਪਟੀ ਕਮਿਸ਼ਨਰ (ਡੀ) ਡਾ: ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ (ਜੀ) ਤਰਸੇਮ ਚੰਦ, ਐਸਡੀਐਮ ਖਰੜ ਆਕਾਸ਼ ਬਾਂਸਲ, ਐਸਡੀਐਮ ਮੁਹਾਲੀ ਹਰਬੰਸ ਸਿੰਘ, ਐਸਡੀਐਮ ਡੇਰਾਬਸੀ ਕੁਲਦੀਪ ਬਾਵਾ ਅਤੇ ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਸ਼ੈਫਾਲੀ ਚੋਪੜਾ ਹਾਜ਼ਰ ਸਨ।
No comments:
Post a Comment