ਐਸ.ਏ.ਐਸ ਨਗਰ, 08 ਸਤੰਬਰ : ਉਘੇ ਸਿੱਖਿਆ ਸਾਸ਼ਤਰੀ ਅਤੇ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਡਾ. ਸਰਵਪਲੀ ਰਾਧਾ ਕਿ੍ਰਸ਼ਨਨ ਨੂੰ ਯਾਦ ਕਰਦਿਆਂ ਅਧਿਆਪਕ ਦਿਵਸ ਨੂੰ ਸਮਰਪਿਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਵਰਚੁਅਲ ਪ੍ਰੋਗਰਾਮ ਰਾਹੀਂ ਸਮਾਗਮ ਦਾ ਹਿੱਸਾ ਬਣਦਿਆਂ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ।ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪ੍ਰਤੀਭਾਸ਼ਾਲੀ ਅਧਿਆਪਕਾਂ ਦੇ ਸਿੱਖਿਆ ਦੇ ਖੇਤਰ ’ਚ ਬੇਮਿਸਾਲ ਯਤਨਾਂ ਅਤੇ ਬਿਹਤਰੀਨ ਕਾਰਗੁਜ਼ਾਰੀ ਲਈ ਵੱਖ-ਵੱਖ ਐਵਾਰਡਾਂ ਦੇ ਰੂਪ ’ਚ ਸਨਮਾਨ ਭੇਂਟ ਕੀਤਾ ਗਿਆ।ਇਸ ਮੌਕੇ ਐਵਾਰਡਾਂ ਦੀ ਵੰਡ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੱਲੋਂ ਉਚੇਚੇ ਤੌਰ ’ਤੇ ਕੀਤੀ ਗਈ।
ਇਸ ਮੌਕੇ ਅਕਾਦਮਿਕ ਗੁਣਵੱਤਾ, ਖੋਜ ਕਾਰਜਾਂ ਵਿੱਚ ਸ਼ਾਲਾਘਾਯੋਗ ਕਾਰਜ ਕਰਨ ਵਾਲੇ ’ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦਾ ਸੰਬੰਧਿਤ 66 ਅਧਿਆਪਕਾਂ ਦਾ ਵੱਖ-ਵੱਖ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ 6 ਅਤੇ ਹੋਟਲ ਮੈਨੇਜਮੈਂਟ ਅਤੇ ਕੇਟਰਿੰਗ ਟੈਕਨਾਲੋਜੀ ਵਿਭਾਗ ਦੇ 5 ਅਧਿਆਪਕਾਂ ਸਮੇਤ ਕੁੱਲ 46 ਅਧਿਆਪਕਾਂ ਨੂੰ ‘ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਰੋਜ਼ਾਨਾ ਜੀਵਨ ਨੂੰ ਆਸਾਨ ਬਣਾਉਣ ਲਈ ਨਵੀਨਤਾਕਾਰੀ ਹੱਲ ਲੱਭਣ ਲਈ ਲਗਾਤਾਰ ਯਤਨਸ਼ੀਲ ਰਹੇ 28 ਅਧਿਆਪਕਾਂ ਨੂੰ ‘ਬੈਸਟ ਰਿਸਰਚਰ’ ਪੁਰਸਕਾਰ ਨਾਲ ਨਿਵਾਜਿਆ ਗਿਆ।ਆਨਲਾਈਨ ਕਲਾਸਰੂਮ ਵਿੱਚ ਵਿਦਿਆਰਥੀਆਂ ਨਾਲ ਵਧੀਆ ਢੰਗ ਨਾਲ ਜੁੜਨ ਵਾਲੀ ਫੈਕਲਟੀ ਨੂੰ ‘ਈ-ਗੁਰੂ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ, ਇਸ ਸ਼੍ਰੇਣੀ ਵਿੱਚ ਬੇਸਿਕ ਅਪਲਾਈਡ ਸਾਇੰਸ ਦੇ ਮਨਦੀਪ ਸਿੰਘ, ਇੰਜੀਨੀਅਰਿੰਗ ਵਿਭਾਗ ਦੀ ਸ਼ਿਵਾਨੀ ਜੈਸਵਾਲ, ਹੈਲਥ ਅਤੇ ਐਲਾਈਡ ਸਾਇੰਸ ਦੀ ਰਿਤਿਕਾ ਪੁਰੀ, ਮੈਨੇਜਮੈਂਟ ਦੇ ਭਾਨੂੰ ਪਿ੍ਰਆ ਅਤੇ ਲਿਬਰਲ ਆਰਟਸ ਦੀ ਸ਼ਰੂਤੀ ਸਿੱਧੂ ਸਮੇਤ 5 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਇੰਜੀਨੀਅਰਿੰਗ ਵਿਭਾਗ ਦੇ ਅਧਿਆਪਕ ਹਰਸ਼ ਬਾਂਸਲ, ਬੇਸਿਕ ਐਂਡ ਅਪਲਾਈਡ ਸਾਇੰਸ ਦੇ ਨਵਜੋਤ ਸਿੰਘ ਗਿੱਲ, ਹੈਲਥ ਐਂਡ ਐਲਾਈਡ ਸਾਇੰਸਿਜ਼ ਦੀ ਰਾਜਵੰਤ ਕੌਰ, ਮੈਨੇਜਮੈਂਟ ਤੋਂ ਤਜਿੰਦਰ ਸਿੰਘ ਅਤੇ ਲਿਬਰਲ ਆਰਟਸ ਤੋਂ ਮਿਸ ਸਮਿ੍ਰਤੀ ਸਿੰਘ ਨੂੰ ਡਿਜੀਟਲ ਇਨੋਵੇਸ਼ਨ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ‘ਡਿਜੀਟਲ ਇਨੋਵੇਟਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਵਰਸਿਟੀ ਦੇ ਕਰੀਅਰ ਪਲੈਨਿੰਗ ਐਂਡ ਡਿਵੈਲਪਮੈਂਟ ਵਿਭਾਗ ਤੋਂ ਇਵਨੀਤ ਕੌਰ ਨੂੰ ਬੈਸਟ ਡੇਟਾ ਐਨਾਲਿਸਟ, ਅਰਪਿਤ ਸ਼੍ਰੀਵਾਸਤਵ ਨੂੰ ‘ਬੈਸਟ ਕੰਟ੍ਰੀਬਿਊਸ਼ਨ ਟੂ ਐਪਟੀਟਿਊਡ’ ਜਦਕਿ ਸ਼ਿਖਾ ਕਸ਼ਅਪ ਨੂੰ ‘ਬੈਸਟ ਕੰਟ੍ਰੀਬਿਊਸ਼ਨ ਟੂ ਐਸ.ਐਸ’ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ 6 ਅਧਿਆਪਕਾਂ ਨੂੰ ‘ਬੈਸਟ ਡੈਬਿਊਟੈਂਟ’ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਇੰਜੀਨੀਅਰਿੰਗ ਦੇ ਡਾ. ਜਸਪ੍ਰੀਤ ਸਿੰਘ, ਬੇਸਿਕ ਐਂਡ ਅਪਲਾਈਡ ਸਾਇੰਸਿਜ਼ ਤੋਂ ਡਾ. ਸ਼ੈਲਜਾ ਸ਼ਰਮਾ, ਹੈਲਥ ਐਂਡ ਐਲਾਈਡ ਸਾਇੰਸਿਜ਼ ਦੇ ਡਾ. ਵਰੁਣ ਗੁਪਤਾ, ਮੈਨੇਜਮੈਂਟ ਦੀ ਡਾ. ਨੀਲਨੀ ਗਿਰੀ, ਐਮ.ਬੀ.ਏ ਤੋਂ ਮਿਸ ਸੌਮਿਆ ਅਗਰਵਾਲ ਅਤੇ ਲਿਬਰਲ ਆਰਟਸ ਤੋਂ ਰੀਆ ਮਨਚੰਦਾ ਦੇ ਨਾਮ ਸ਼ਾਮਲ ਹਨ।
ਮੈਨੇਜਮੈਂਟ ਵਿਭਾਗ ਤੋਂ ‘ਈ-ਗੁਰੂ ਐਵਾਰਡ’ ਪ੍ਰਾਪਤ ਕਰਨ ਵਾਲੀ ਅਧਿਆਪਕਾ ਡਾ. ਭਾਨੁਪਿ੍ਰਆ ਖੱਤਰੀ ਨੇ ਵਿਦਿਆਰਥੀਆਂ ਨੂੰ ਕੋਵਿਡ ਮਹਾਂਮਾਰੀ ਦੇ ਬਾਵਜੂਦ ਸਕਾਰਾਤਮਕ ਰਹਿਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਦੀ ਈ-ਲਰਨਿੰਗ ਪ੍ਰਬੰਧਨ ਪ੍ਰਣਾਲੀ ਬਲੈਕਬੋਰਡ ਅਤੇ ਹੋਰ ਆਨਲਾਈਨ ਪਲੇਟਫ਼ਾਰਮਾਂ ’ਤੇ ਈ-ਸਮੱਗਰੀ ਅਤੇ ਕੋਰਸਾਂ ਨਾਲ ਸਬੰਧਿਤ ਸੰਪੂਰਨ ਪਾਠਕ੍ਰਮ ਦੀ ਆਨਲਾਈਨ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ ਅਤੇ ਵਿਦਿਆਰਥੀਆਂ ਨੂੰ ਕਰੀਅਰ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।
ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ, ਜੋ ਬਤੌਰ ਮਾਰਗ ਦਰਸ਼ਕ ਵਿਦਿਆਰਥੀਆਂ ਦੀ ਸਖ਼ਸ਼ੀਅਤ ਨਿਰਮਾਣ ਦੇ ਨਾਲ-ਨਾਲ ਭਵਿੱਖ ਦੀਆਂ ਜੜ੍ਹਾਂ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵੱਡੀ ਤਬਦੀਲੀ ਜਾਂ ਚੇਤੰਨਤਾ ਲਿਆਉਣ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਅਧਿਆਪਕ ਹੀ ਆਪਣੇ ਆਉਣ ਵਾਲੇ ਭਵਿੱਖ ਦਾ ਨਿਰਮਾਣ ਕਰਦੇ ਹਨ।ਉਨ੍ਹਾਂ ਕੋਵਿਡ ਮਹਾਂਮਾਰੀ ਦੌਰਾਨ ਅਧਿਆਪਕਾਂ ਵੱਲੋਂ ਸਿੱਖਿਆ ਦੇ ਖੇਤਰ ’ਚ ਪਾਏ ਯੋਗਦਾਨ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਨੇ ਮਹਾਂਮਾਰੀ ਕਾਰਨ ਉਪਜੇ ਹਾਲਾਤਾਂ ਦੌਰਾਨ ਨਿਰਸਵਾਰਥ ਭਾਵਨਾ ਨਾਲ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਵਿਦਿਆਰਥੀਆਂ ਦੀ ਨਿਰਵਿਘਨ ਸਿੱਖਿਆ ਨੂੰ ਯਕੀਨੀ ਬਣਾਇਆ।
No comments:
Post a Comment