ਐਸ.ਏ.ਐਸ ਨਗਰ 16 ਦਸੰਬਰ :ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਐਸ.ਏ.ਐਸ ਨਗਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਂ ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਬਲਾਕ ਮਾਜਰੀ ਦੀ ਟੀਮ ਵੱਲੋ ਕਣਕ ਦੀ ਫਸਲ ਤੇ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਦਾ ਨਿਰੀਖਣ ਕਰਨ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਪਿੰਡ ਕਾਲੇਵਾਲ ਵਿਖੇ ਕਣਕ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਡਾਂ ਰਾਜੇਸ਼ ਕੁਮਾਰ ਰਹੇਜਾ ਨੇ ਕਿਸਾਨਾਂ ਨੂੰ ਦੱਸਿਆ ਕਿ ਆਮ ਤੌਰ ਤੇ ਇਹ ਗੁਲਾਬੀ ਸੁੰਡੀ ਦਾ ਹਮਲਾ ਹੈਪੀ ਸੀਡਰ ਨਾਲ ਬੀਜੀ ਕਣਕ ਵਿਚ ਜਿਆਦਾ ਆਉਂਦਾ ਹੈ। ਪਰ ਇਹ ਖੇਤ ਜਿਸ ਦੀ ਬਿਜਾਈ ਰੋਟਾਵੇਟਰ ਨਾਲ ਕੀਤੀ ਹੋਈ ਹੈ, ਵਿੱਚ ਵੇਖਿਆ ਗਿਆ ਹੈ।
ਇਸ ਮੌਕੇ ਕਿਸਾਨ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਖੇਤ ਦੀ ਬਿਜਾਈ 5 ਨਵੰਬਰ ਨੂੰ ਕੀਤੀ ਗਈ ਸੀ। ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਦੀਆਂ ਸੁੰਡੀਆਂ ਛੋਟੇ ਬੂਟਿਆਂ ਦੇ ਤਣਿਆ ਵਿੱਚ ਮੋਰੀਆਂ ਕਰਕੇ ਅੰਦਰ ਚਲੀਆ ਜਾਂਦੀਆ ਹਨ ਤੇ ਅੰਦਰਲਾ ਮਾਦਾ ਖਾਂਦੀਆ ਹਨ ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ। ਇਸ ਦੀ ਰੋਕਥਾਮ ਲਈ ਦਿਨ ਸਮੇਂ ਪਾਣੀ ਲਗਾਉਣ ਨੂੰ ਤਰਜੀਹ ਦੇਵੋ ਤਾਂ ਕਿ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ।
ਜੇਕਰ ਹਮਲਾ ਜਿਆਦਾ ਦਿਖੇ ਤਾਂ ਇਕ ਲੀਟਰ ਕਲੋਰਪਾਈਰੀਫਾਸ 20 ਈ.ਸੀ ਦਵਾਈ ਨੂੰ 20 ਕਿਲੋ ਗਿਲੇ ਰੇਤੇ ਵਿੱਚ ਮਿਲਾਕੇ ਛੱਟਾ ਦਿੱਤਾ ਜਾਵੇ। ਇਸ ਮੌਕੇ ਡਾਂ ਗੁਰਪ੍ਰੀਤ ਸਿੰਘ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਕਣਕ ਦੀ ਫਸਲ ਦਾ ਨਿਰੰਤਰ ਸਰਵੇ ਕਰਦੇ ਰਹੋ ਜੇਕਰ ਕੋਈ ਸੁੰਡੀ ਦਾ ਹਮਲਾ ਨਜ਼ਰ ਆਵੇ ਤਾਂ ਵਿਭਾਗ ਨਾਲ ਤਾਲਮੇਲ ਕੀਤਾ ਜਾਵੇ।
No comments:
Post a Comment