ਖਰੜ,16 ਦਸੰਬਰ :ਅਕਾਊਂਟੈਂਸੀ ਅਤੇ ਫਾਈਨਾਂਸ ਦੇ ਖੇਤਰ ’ਚ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਇੰਸਟੀਚਿਊਟ ਆਫ਼ ਡਿਸਟੈਂਸ ਐਂਡ ਆਨਲਾਈਨ ਲਰਨਿੰਗ ਵੱਲੋਂ ਦੇਸ਼ ਦੀ ਪ੍ਰਸਿੱਧ ਐਡਟੈਕ ਸਟਾਰਟਅੱਪ ਸੰਸਥਾ ‘ਜ਼ੈਲ ਐਜੂਕੇਸ਼ਨ’ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਸਮਝੌਤੇ ਅਧੀਨ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਆਨਲਾਈਨ ਸਿੱਖਿਆ ਦੇ ਵਿਦਿਆਰਥੀਆਂ ਨੂੰ ਬੈਚਲਰ ਅਤੇ ਮਾਸਟਰ ਡਿਗਰੀ ਕੋਰਸਾਂ ਦੇ ਨਾਲ-ਨਾਲ ਏ.ਸੀ.ਸੀ.ਏ, ਸੀ.ਪੀ.ਏ ਅਤੇ ਸੀ.ਆਈ.ਐਮ.ਏ ਵਰਗੇ ਅੰਤਰਰਾਸ਼ਟਰੀ ਵਿੱਤੀ ਕੋਰਸਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਜ਼ੈਲ ਐਜੂਕੇਸ਼ਨ ਦੇ ਨਾਲ ’ਵਰਸਿਟੀ ਵੱਲੋਂ ਕੀਤੀ ਭਾਈਵਾਲੀ ਦਾ ਉਦੇਸ਼ ਵਿਦਿਆਰਥੀਆਂ ਨੂੰ ਏ.ਸੀ.ਸੀ.ਏ, ਸੀ.ਪੀ.ਏ ਅਤੇ ਸੀ.ਆਈ.ਐਮ.ਏ ਆਦਿ ਕੋਰਸਾਂ ਰਾਹੀਂ ਗਲੋਬਲ ਐਕਸਪੋਜ਼ਰ ਅਤੇ ਅੰਤਰਰਾਸ਼ਟਰੀ ਪ੍ਰਮਾਣੀਕਰਣ ਪ੍ਰਦਾਨ ਕਰਨਾ ਹੈ। ਇਹ ਵਿਸ਼ਵਪੱਧਰੀ ਕੋਰਸ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਢੁੱਕਵਾਂ ਗਿਆਨ, ਹੁਨਰ, ਕਦਰਾਂ-ਕੀਮਤਾਂ ਅਤੇ ਨੈਤਿਕਤਾ ਸਬੰਧੀ ਗਿਆਨ ਪ੍ਰਦਾਨ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ਅਕਾਊਂਟੈਂਸੀ ਅਤੇ ਫਾਈਨਾਂਸ ਵਿੱਚ ਅੰਤਰਰਾਸ਼ਟਰੀ ਕਰੀਅਰ ਦਾ ਸੁਪਨਾ ਵੇਖਣ ਵਾਲੇ ਵਿਦਿਆਰਥੀਆਂ ਲਈ ਇਹ ਸਾਂਝੇਦਾਰੀ ਸਾਰਥਿਕ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ੈਲ ਐਜੂਕੇਸ਼ਨ ਨਾਲ ਕੀਤੀ ਭਾਈਵਾਲੀ ਰਾਹੀਂ ਸਾਡਾ ਉਦੇਸ਼ ਆਪਣੇ ਵਿਦਿਆਰਥੀਆਂ ਲਈ ਅਕਾਊਂਟੈਂਸੀ ਅਤੇ ਫਾਈਨਾਂਸ ’ਚ ਅੰਤਰਰਾਸ਼ਟਰੀ ਕੋਰਸਾਂ ਨੂੰ ਇੱਕ ਛੱਤ ਹੇਠ ਲਿਆਉਣਾ ਹੈ ਅਤੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅੰਤਰਰਾਸ਼ਟਰੀ ਵਿੱਤ ਕੋਰਸ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਸਾਰੀਆਂ ਚੁਣੌਤੀਆਂ ਨੂੰ ਧਿਆਨ ’ਚ ਰੱਖਦਿਆਂ ਜ਼ੈਲ ਦੇ ਸਹਿਯੋਗ ਨਾਲ ਆਨਲਾਈਨ ਅਤੇ ਪ੍ਰਾਜੈਕਟ ਆਧਾਰਿਤ ਸਿਖਲਾਈ ਦਾ ਇੱਕ ਵਿਲੱਖਦ ਢਾਂਚਾ ਤਿਆਰ ਕੀਤਾ ਗਿਆ ਹੈ।
ਡਾ. ਬਾਵਾ ਨੇ ਦੱਸਿਆ ਕਿ ਕੋਰਸਾਂ ਦੀ ਵੱਧਦੀ ਮੰਗ ਵੇਖਦਿਆਂ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਅਨੁਸਾਰ ਤਿਆਰ ਕਰਨ ਲਈ ਜ਼ੈਲ ਦੇ ਸਹਿਯੋਗ ਨਾਲ ਮਿਆਰੀ ਸਿਖਲਾਈ ਪ੍ਰਦਾਨ ਕਰਵਾਈ ਜਾਵੇਗੀ। ਜ਼ੈਲ ਐਜੂਕੇਸ਼ਨ ਤੋਂ ਤਕਨੀਕੀ ਸਹਾਇਤਾ ਹਾਸਲ ਕਰਕੇ ’ਵਰਸਿਟੀ ਦੇ ਇੰਸਟੀਚਿਊਟ ਆਫ਼ ਡਿਸਟੈਂਸ ਐਂਡ ਆਨਲਾਈਨ ਲਰਨਿੰਗ ਹੁਣ ਵਿਦੇਸ਼ਾਂ ਵਿੱਚ ਬੈਠੇ ਵਿਦਿਆਰਥੀਆਂ ਨੂੰ ਇਹ ਡਿਗਰੀਆਂ ਪ੍ਰਦਾਨ ਕਰਵਾਏਗਾ, ਜੋ ਇਨ੍ਹਾਂ ਸਬੰਧਿਤ ਵਿੱਤੀ ਯੋਗਤਾਵਾਂ ਦੀ ਚੋਣ ਕਰਨਾ ਚਾਹੁੰਦੇ ਹਨ।
ਜ਼ੈਲ ਐਜੂਕੇਸ਼ਨ ਦੇ ਸਹਿ-ਸੰਸਥਾਪਕ ਅਤੇ ਡਾਇਰੈਕਟਰ ਸ਼੍ਰੀ ਅਨੰਤ ਬੇਂਗਾਨੀ ਨੇ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਸੁਖਾਲਾ ਮਾਰਗ ਤਿਆਰ ਕਰੇਗਾ ਜੋ ਆਪਣੀ ਅੰਡਰਗ੍ਰੈਜੂਏਟ ਡਿਗਰੀ ਦੇ ਨਾਲ-ਨਾਲ ਵਿਸ਼ਵਪੱਧਰੀ ਯੋਗਤਾਵਾਂ ਲੈਣ ਦੇ ਇੱਛੁਕ ਹਨ ਜਦਕਿ ਉਸੇ ਸਮੇਂ ਵਿਦਿਆਰਥੀ ਦੋਹਰੀ ਯੋਗਤਾ ਦੇ ਮਾਲਕ ਹੋਣਗੇ। ਉਨ੍ਹਾਂ ਕਿਹਾ ਕਿ ਵਿਸ਼ਵੀ ਪੱਧਰੀ ਯੋਗਤਾ ਹੋਣ ਨਾਲ ਵਿਦਿਆਰਥੀ ਦੀ ਪ੍ਰੋਫਾਈਲ ਦੀ ਗਤੀਸ਼ੀਲਤਾ ਬਦਲ ਜਾਂਦੀ ਹੈ। ਸਿੱਖਣ ਦਾ ਪੂਰਾ ਤਜ਼ਰਬਾ ਵਿਦਿਆਰਥੀਆਂ ਨੂੰ ਦੂਜਿਆਂ ਨਾਲੋਂ ਉਪਰ ਚੁੱਕੇਗਾ ਅਤੇ ਉਨ੍ਹਾਂ ਨੂੰ ਸ਼ੁਰੂਆਤੀ ਪੜਾਅ ’ਚ ਹੀ ਉਦਯੋਗ ਲਈ ਤਿਆਰ ਬਣਾਕੇ ਆਪਣੇ ਕਰੀਅਰ ਨੂੰ ਤੇਜ਼ੀ ਨਾਲ ਅੱਗੇ ਵਧਾਉਣ ’ਚ ਮਦਦ ਕਰੇਗਾ।
No comments:
Post a Comment