SBP GROUP

SBP GROUP

Search This Blog

Total Pageviews

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਸਹਾਇਤਾ ਨਾਲ ਸਮਾਂ ਰਹਿੰਦੇ ਹੀ ਫ਼ਸਲਾਂ ਸਬੰਧੀ ਬਿਮਾਰੀਆਂ ਦੀ ਪਛਾਣ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਸੇਸ਼ ਐਪ ਜਾਰੀ

ਐਸ.ਏ.ਐਸ. ਨਗਰ , 27 ਦਸੰਬਰ : ਹਰ ਸਾਲ ਭਾਰਤੀ ਕਿਸਾਨਾਂ ਨੂੰ ਕੀੜਿਆਂ ਅਤੇ ਬਿਮਾਰੀਆਂ ਕਾਰਨ 90 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਸਾਹਮਣਾ ਕਰਨਾ ਪੈਂਦਾ ਹੈ।ਹੈਰਾਨੀਜਨਕ ਤੱਥਾਂ ਨੂੰ ਵੇਖਦਿਆਂ ਭਾਰਤ ’ਚ ਕਿਸਾਨੀ ਦਾ ਜੀਵਨ ਪੱਧਰ ਉਪਰ ਚੁੱਕਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਧਾਰਿਤ ਵਿਸ਼ੇਸ਼ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ, ਜਿਸ ਦੇ ਸਹਿਯੋਗ ਨਾਲ ਸਮੇਂ ਰਹਿੰਦੇ ਹੀ ਫ਼ਸਲਾਂ ਸਬੰਧੀ ਬਿਮਾਰੀਆਂ ਦੀ ਪਛਾਣ ਕੀਤੀ ਜਾ ਸਕੇਗੀ। ਸਬਜ਼ੀਆਂ ਦੀ ਕਾਸ਼ਤ ’ਚ ਦੇਸ਼ ਭਰ ’ਚ ਆਲੂ ਅਤੇ ਟਮਾਟਰਾਂ ਦੀ ਫ਼ਸਲਾਂ ਪ੍ਰਮੁੱਖ ਹਨ ਅਤੇ ਕਿਸਾਨਾਂ ਨੂੰ ਇਨ੍ਹਾਂ ਫ਼ਸਲਾਂ ਸਬੰਧੀ ਮੁੱਖ ਤੌਰ ’ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਐਪ ਦੀ ਮਦਦ ਨਾਲ ਕਿਸਾਨ ਆਲੂਆਂ ਅਤੇ ਟਮਾਟਰਾਂ ਸਬੰਧੀ ਹਾਨੀਕਾਰਕ ਬਿਮਾਰੀਆਂ ਦੀ ਢੁੱਕਵੀਂ ਪਛਾਣ ਹੁਣ ਆਪਣੇ ਮੋਬਾਇਲ ਫੋਨ ਤੋਂ ਹੀ ਕਰ ਸਕਣਗੇ ਅਤੇ ਇਸਦੇ ਸਥਾਈ ਹੱਲਾਂ ਸਬੰਧੀ ਜਾਣਕਾਰੀ ਵੀ ਪ੍ਰਾਪਤ ਕਰ ਸਕਣਗੇ। ਐਪ ਦਾ ਉਦਘਾਟਨ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਦੀ ਸਾਇੰਸਟਿਸਟ ਐਫ਼ (ਸੀਡ, ਐਨ.ਸੀ.ਐਸ.ਟੀ.ਸੀ) ਡਾ. ਰਸ਼ਮੀ ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਰਿਸਰਚ ਡੀਨ ਡਾ. ਸੰਜੀਤ ਸਿੰਘ, ਪੀ.ਐਚ.ਡੀ ਸਕਾਲਰਾਂ ਸਮੇਤ ਵੱਖ-ਵੱਖ ਵਿਭਾਗਾਂ ਤੋਂ ਖੋਜ ਖੇਤਰ ਨਾਲ ਜੁੜੇ ਵਿਦਿਆਰਥੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਹ ਐਪ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਾਜੈਕਟ ਸਾਇੰਸਟਿਸਟ ਅਮਿਤ ਵਰਮਾ ਵੱਲੋਂ ਬਣਾਈ ਗਈ ਹੈ।



ਐਪ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਖੋਜ ਅਤੇ ਵਿਕਾਸ ਵਿਭਾਗ ਦੇ ਡੀਨ ਡਾ. ਸੰਜੀਤ ਸਿੰਘ ਨੇ ਦੱਸਿਆ ਕਿ ’ਵਰਸਿਟੀ ਵੱਲੋਂ ਜ਼ਮੀਨੀ ਪੱਧਰ ’ਤੇ ਕਿਸਾਨਾਂ ਨਾਲ ਰਾਬਤਾ ਬਣਾਕੇ ਫ਼ਸਲਾਂ ਸਬੰਧੀ ਚੁਣੌਤੀਆਂ ਨੂੰ ਜਾਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨਾਲ ਬਣਾਏ ਰਾਬਤੇ ਦੇ ਵਿਸ਼ਲੇਸ਼ਣ ਉਪਰੰਤ ਫਸਲਾਂ ਦੇ ਰੋਗਾਂ ਸਬੰਧੀ ਸਮੱਸਿਆਵਾਂ ਮੁੱਖ ਤੌਰ ’ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਆਲੂਆਂ ਅਤੇ ਟਮਾਟਰਾਂ ਦੀ ਕਾਸ਼ਤ ਪ੍ਰਮੁੱਖ ਹੈ। ਕਿਸਾਨੀ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਚੰਡੀਗੜ੍ਹ ਯੂਨੀਵਰਸਿਟੀ ਦੀ ਤਜ਼ਰਬੇਕਾਰ ਫੈਕਲਟੀ ਵੱਲੋਂ 6 ਤੋਂ 7 ਮਹੀਨੇ ਦੀ ਮਿਹਨਤ ਨਾਲ ਏ.ਆਈ ਅਧਾਰਿਤ ਮੋਬਾਇਲ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ, ਜਿਸ ਦੇ ਸਹਿਯੋਗ ਨਾਲ ਸਮੇਂ ਰਹਿੰਦੇ ਹੀ ਆਲੂ ਅਤੇ ਟਮਾਟਰ ਦੀਆਂ ਫਸਲਾਂ ਸਬੰਧੀ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਅਗਲੇ ਪੜਾਅ ਤਹਿਤ 14 ਹੋਰ ਫਸਲਾਂ ਦੀਆਂ 39 ਬਿਮਾਰੀਆਂ ਬਾਰੇ ਪਤਾ ਲਗਾਉਣ ’ਤੇ ਖੋਜ ਕਾਰਜ ਆਰੰਭੇ ਗਏ ਹਨ। ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਖੇਤੀਬਾੜੀ ਨਾਲ ਸਬੰਧਿਤ ਕੁੱਲ 31 ਪੇਟੈਂਟ ਸਫ਼ਲਤਾਪੂਰਵਕ ਦਰਜ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ’ਵਰਸਿਟੀ ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਅਤੇ ਖੁਰਾਕ ਤਕਨਾਲੋਜੀ ਦੇ ਵਿਦਿਆਰਥੀਆਂ ਨੂੰ ਫ੍ਰੇਮਿੰਗ ਤਕਨੀਕਾਂ ’ਚ ਅਭਿਆਸ ਕਰਵਾਉਣ ਲਈ ਕੈਂਪਸ ’ਚ ਵਿਸ਼ਾਲ ਅਤਿ-ਆਧੁਨਿਕ ਪੌਲੀਹਾਊਸ ਸਥਾਪਿਤ ਕੀਤਾ ਗਿਆ ਹੈ।
ਇਸ ਮੌਕੇ ਬੋਲਦਿਆਂ ਡਾ. ਰਸ਼ਮੀ ਸ਼ਰਮਾ ਨੇ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰ ’ਚ ਪਿਛਲੇ ਪੰਜ ਸਾਲਾਂ ’ਚ ਭਾਰਤ ਨੇ 4 ਹਜ਼ਾਰ ਤੋਂ ਵੱਧ ਪੇਟੈਂਟ ਦਰਜ ਕਰਵਾ ਕੇ ਏ.ਆਈ ਖੇਤਰ ’ਚ ਵਿਸ਼ਵ ਭਰ ’ਚੋਂ 8ਵਾਂ ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਦੋ ਦਹਾਕੇ ਪਹਿਲਾਂ ਭਾਰਤ ਕੇਵਲ ਆਈ.ਟੀ ਦੇ ਖੇਤਰ ’ਚ ਨਵੀਂਆਂ ਤਕਨੀਕਾਂ ’ਚ ਪ੍ਰਮੁੱਖ ਸੀ ਪਰ ਪ੍ਰਤੀਭਾਸ਼ਾਲੀ ਨੌਜਵਾਨ ਸ਼ਕਤੀ ਦੇ ਸਹਿਯੋਗ ਨਾਲ ਅੱਜ ਭਾਰਤ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਖੇਤਰ ’ਚ ਵੀ ਤੇਜ਼ੀ ਨਾਲ ਵਿਕਾਸ ਵੱਲ ਵਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ 65 ਫ਼ੀਸਦੀ ਤੋਂ ਵੱਧ ਆਬਾਦੀ ਪੇਂਡੂ ਖੇਤਰਾਂ ਨਾਲ ਸਬੰਧਿਤ ਹੈ, ਜੋ ਸਿੱਧੇ ਜਾਂ ਅਸਿੱਧੇ ਤੌਰ ’ਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ। ਅਜਿਹੀਆਂ ਤਕਨੀਕਾਂ ਦਾ ਵਿਕਾਸ ਪੇਂਡੂ ਆਬਾਦੀ ਦੀ ਜ਼ਿੰਦਗੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਾਹੇਵੰਦ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਤਕਨੀਕ ਆਧਾਰਿਤ ਖੋਜਾਂ ਜਿੱਥੇ ਫ਼ਸਲਾਂ ਦੀ ਪੈਦਾਵਾਰ ਵਧਾਉਣ ’ਚ ਸਾਰਥਿਕ ਸਾਬਤ ਹੋਣਗੇ ਉਥੇ ਹੀ ਵਾਤਾਵਰਣ ਅਤੇ ਸਿਹਤ ਨਾਲ ਜੁੜੇ ਨੁਕਸਾਨਾਂ ਨੂੰ ਘੱਟ ਕਰਨ ’ਚ ਵੀ ਸਹਾਈ ਹੋਣਗੀਆਂ।
ਡਾ. ਰਸ਼ਮੀ ਨੇ ਕਿਹਾ ਕਿ ਸਮਾਜਿਕ ਪੱਧਰ ’ਤੇ ਦਰਪੇਸ਼ ਆ ਰਹੀਆਂ ਛੋਟੀਆਂ ਤੋਂ ਛੋਟੀਆਂ ਚੁਣੌਤੀਆਂ ਦੇ ਸਥਾਈ ਹੱਲਾਂ ਲਈ ਵਿਦਿਆਰਥੀ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸਰੀਰਕ ਤਾਕਤ ਦੇ ਨਾਲ-ਨਾਲ ਤੁਹਾਡੀ ਰਚਨਾਤਮਕਤਾ ਅਤੇ ਵਿਚਾਰਾਂ ਦੀ ਤਾਕਤ ਜ਼ਿਆਦਾ ਅਹਿਮੀਅਤ ਰੱਖਦੀ ਹੈ।ਉਨ੍ਹਾਂ ਕਿਹਾ ਕਿ ਸਾਡੇ ਬਹੁਤ ਸਾਰੇ ਰੋਜ਼ਮਰਾਂ ਦੇ ਕੰਮ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਰਗੀਆਂ ਉਭਰਦੀਆਂ ਤਕਨੀਕਾਂ ’ਤੇ ਨਿਰਭਰ ਹੁੰਦੇ ਜਾ ਰਹੇ ਹਨ, ਜਿਨ੍ਹਾਂ ਨੇ ਸਾਡੇ ਜ਼ਿੰਦਗੀ ਨੂੰ ਸੁਖਾਵਾਂ ਅਤੇ ਸੌਖਾਲਾ ਵੀ ਬਣਾਇਆ ਹੈ,ਜਿਸ ’ਚ ਗੂਗਲ ਮੈਪ, ਅਲੈਕਸਾ ਵਰਗੀਆਂ ਤਕਨੀਕਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇੰਡਸਟਰੀ ਦੇ ਸਹਿਯੋਗ ਨਾਲ ’ਵਰਸਿਟੀ ’ਚ ਸਥਾਪਿਤ ਕੀਤੀਆਂ ਲੈਬਾਂ ਅਤੇ ਖੋਜ ਕੇਂਦਰਾਂ ਦਾ ਲਾਭ ਫੈਕਲਟੀ ਅਤੇ ਵਿਦਿਆਰਥੀਆਂ ਤੋਂ ਇਲਾਵਾ ਇੰਡਸਟਰੀ ਨੂੰ ਮਿਲੇਗਾ, ਕਿਉਂਕਿ ਇਸ ਤਰ੍ਹਾਂ ਸਾਂਝੇ ਵਿਚਾਰਾਂ ਨਾਲ ਸਮਾਜਿਕ ਪੱਧਰ ’ਤੇ ਦਰਪੇਸ਼ ਆ ਰਹੀਆਂ ਚੁਣੌਤੀਆਂ ਦਾ ਹੱਲ ਢੁੱਕਵੇਂ ਤਰੀਕੇ ਨਾਲ ਕੀਤਾ ਜਾ ਸਕਦਾ ਹੈ।
ਮੋਬਾਇਲ ਐਪਲੀਕੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ’ਵਰਸਿਟੀ ਦੇ ਖੋਜ ਅਤੇ ਵਿਕਾਸ ਵਿਭਾਗ ਦੇ ਪ੍ਰਾਜੈਕਟ ਸਾਇੰਸਟਿਸਟ ਅਮਿਤ ਵਰਮਾ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਪ੍ਰਾਜੈਕਟ ਵਿੱਚ ਪੱਤੇ ਦੀਆਂ ਬਿਮਾਰੀਆਂ ਸਬੰਧੀ ਤਸਵੀਰਾਂ ਨੂੰ ਚਾਰ ਪਰਤਾਂ ਦੇ ਮਾਡਲ ਨਾਲ ਕਨਵੋਲਿਊਸ਼ਨਲ ਨਿਊਰਲ ਨੈਟਵਰਕ ਦੀ ਵਰਤੋਂ ਕਰਕੇ ਵਰਗੀਕਰਨ ਕੀਤਾ ਗਿਆ ਹੈ, ਜੋ ਫਸਲ ਦੀ ਬਿਮਾਰੀ ਦੀ ਪਛਾਣ ਕਰਕੇ ਢੁੱਕਵੇਂ ਇਲਾਜ ਦੀ ਸਿਫ਼ਾਰਿਸ਼ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਐਪਲੀਕੇਸ਼ਨ ਸੰਪੂਰਨ ਤੌਰ ’ਤੇ ਗੈਰ ਵਪਾਰਕ ਹੈ, ਜਿਸ ਦੀ ਵਰਤੋਂ ਕਿਸਾਨ ਬਿਨ੍ਹਾਂ ਕਿਸੇ ਸਬਕਿ੍ਰਪਸ਼ਨ ਤੋਂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ ਦਾ ਤਜ਼ਰਬਾ ਜ਼ਮੀਨੀ ਪੱਧਰ ’ਤੇ ਕੀਤਾ ਗਿਆ ਹੈ, ਜੋ 94 ਫ਼ੀਸਦੀ ਤੱਕ ਕਾਰਗਾਰ ਸਿੱਧ ਹੋਈ ਹੈ। 6 ਤੋਂ 7 ਮਹੀਨੇ ਦੀ ਮਿਹਨਤ ਨਾਲ ਬਣਾਈ ਇਹ ਐਂਡਰੌਇਡ ਐਪ ਕਿਸਾਨਾਂ ਲਈ ਫ਼ਸਲਾਂ ਦੀ ਬਿਮਾਰੀ ਦੀ ਪਛਾਣ ਕਰਨ ਅਤੇ ਇਸਦੇ ਇਲਾਜ ਲਈ ਢੁੱਕਵੇਂ ਇਲਾਜਾਂ ਦੀ ਸਿਫ਼ਾਰਿਸ਼ ਕਰਨ ’ਚ ਸਹਾਈ ਹੋਵੇਗੀ, ਜੋ ਕਿਸੇ ਵੀ ਐਂਡਰੌਇਡ ਮੋਬਾਇਲ ਫੋਨ ’ਚ ਡਾਊਨਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਇਸ ਪ੍ਰਾਜੈਕਟ ਨੂੰ ਬਣਾਉਣ ’ਚ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਦੇ ਨਾਲ-ਨਾਲ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸੰਪੂਰਨ ਸਹਿਯੋਗ ਮੁਹੱਈਆ ਕਰਵਾਇਆ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ’ਵਰਸਿਟੀ ਖੋਜ ਅਤੇ ਇਨੋਵਸ਼ਨ ਦੇ ਖੇਤਰ ’ਚ ਮੋਹਰੀ ਭੂਮਿਕਾ ਨਿਭਾ ਰਹੀ ਹੈ। ਸਮਾਜਿਕ ਪੱਧਰ ’ਤੇ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੇ ਸਥਾਈ ਹੱਲਾਂ ਲਈ ’ਵਰਸਿਟੀ ਵਿਖੇ ਸਥਾਪਿਤ ਲੈਬਾਰਟਰੀਆਂ ’ਚ ਖੋਜ ਕਾਰਜ ਆਰੰਭੇ ਗਏ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਖੋਜ ਕਾਰਜਾਂ ਪ੍ਰਤੀ ਉਤਸ਼ਾਹਿਤ ਕਰਨ ਲਈ 12 ਕਰੋੜ ਦਾ ਵਿਸ਼ੇਸ਼ ਬਜਟ ਰਾਖਵਾਂ ਰੱਖਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਕੋਲ ਇੰਡਸਟਰੀ ਸਹਿਯੋਗ ਅਧੀਨ 14 ਪ੍ਰਯੋਗਸ਼ਾਲਾਵਾਂ, 30 ਤੋਂ ਵੱਧ ਖੋਜ ਸਮੂਹ ਅਤੇ 800 ਤੋਂ ਵੱਧ ਰਿਸਰਚ ਸਕਾਲਰ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਵੀਨਤਕਾਰੀ ਹੱਲਾਂ ਨਾਲ ਅੱਗੇ ਆ ਰਹੇ ਹਨ।

No comments:


Wikipedia

Search results

Powered By Blogger