ਚੰਡੀਗੜ੍ਹ, 02 ਜਨਵਰੀ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ 100 ਦਿਨਾਂ ਦੇ ਸ਼ਾਸਨ ਕਾਲ 'ਚ 100 ਫ਼ੈਸਲਿਆਂ ਨੂੰ ਸੂਬੇ ਦੀ ਜਨਤਾ ਨਾਲ ਸ਼ਰੇਆਮ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੂੰ ਧੋਖੇ-ਦਰ-ਧੋਖੇ ਦਾ ਕਰਾਰਾ ਜਵਾਬ 2022 'ਚ ਦੇਣ ਲਈ ਪੰਜਾਬ ਦੇ ਲੋਕ ਤਿਆਰ-ਬਰ-ਤਿਆਰ ਬੈਠੇ ਹਨ। ਚੰਨੀ ਸਰਕਾਰ ਨੂੰ ਲੋਕਾਂ ਦੀ ਕਚਹਿਰੀ 'ਚ ਕਾਂਗਰਸੀ ਵਾਅਦਾ-ਖਿਲਾਫੀਆਂ ਅਤੇ ਫੋਕੇ ਐਲਾਨਾਂ ਦੇ ਨਾਲ-ਨਾਲ ਇਸ ਕੂੜ ਪ੍ਰਚਾਰ ਲਈ ਇਸ਼ਤਿਹਾਰਾਂ ਅਤੇ ਬੋਰਡਾਂ-ਫਲੈਕਸਾਂ ਉੱਤੇ ਸਿਆਸੀ ਖ਼ਜ਼ਾਨੇ 'ਚੋਂ ਫੂਕੇ ਜਾ ਰਹੇ ਕਰੋੜਾਂ ਅਰਬਾਂ ਰੁਪਏ ਦਾ ਹਿਸਾਬ ਵੀ ਦੇਣਾ ਪਵੇਗਾ, ਇਸ ਲਈ ਚੰਨੀ ਸਮੇਤ ਸਾਰੇ ਕਾਂਗਰਸੀ ਤਿਆਰੀ ਨਾਲ ਹੀ ਲੋਕਾਂ 'ਚ ਜਾਣ।
ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਨੀ ਸਰਕਾਰ ਵੱਲੋਂ ਅੱਜ ਜਾਰੀ ਕੀਤੇ 100 ਫ਼ੈਸਲਿਆਂ ਵਾਲੇ ਇਸ਼ਤਿਹਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ 100 ਵਿਚੋਂ ਸਿਰਫ਼ 25 ਫ਼ੈਸਲਿਆਂ ਤੇ ਗਜ਼ਟ ਨੋਟੀਫ਼ਿਕੇਸ਼ਨ ਦਾ ਵੇਰਵਾ ਸਰਕਾਰੀ ਇਸ਼ਤਿਹਾਰ 'ਚ ਦਰਜ ਹੈ। ਇਨ੍ਹਾਂ 25 ਫ਼ੀਸਦੀ ਫ਼ੈਸਲਿਆਂ 'ਚ ਜਿੰਨਾ ਫ਼ੈਸਲਿਆਂ ਦਾ ਜਨਤਾ ਨਾਲ ਸਿੱਧਾ ਸੰਬੰਧ ਹੈ, ਉਨ੍ਹਾਂ ਦੀ ਜ਼ਮੀਨੀ ਹਕੀਕਤ ਸਰਕਾਰ ਦੇ ਦਾਅਵਿਆਂ ਦੀ ਫ਼ੂਕ ਕੱਢਦੀ ਹੈ। ਮਿਸਾਲ ਵਜੋਂ 36 ਨੰਬਰ ਫ਼ੈਸਲੇ 'ਚ ਕਿਹਾ ਗਿਆ ਹੈ ਕਿ ਰੇਤ ਤੇ ਬਜਰੀ ਦਾ ਪਿਟ ਹੈੱਡ ਰੇਟ 9 ਰੁਪਏ ਪ੍ਰਤੀ ਘਣ ਫੁੱਟ ਤੋਂ ਘਟਾ ਕੇ 5.5 ਰੁਪਏ ਪ੍ਰਤੀ ਘਣ ਫੁੱਟ ਕਰ ਦਿੱਤਾ ਗਿਆ ਹੈ। ਜਿਸ ਬਾਰੇ 10 ਨਵੰਬਰ 2021 ਨੂੰ ਨੋਟੀਫ਼ਿਕੇਸ਼ਨ ਹੋਈ ਸੀ।
ਚੀਮਾ ਨੇ ਮੁੱਖਮੰਤਰੀ ਚੰਨੀ ਨੂੰ ਘੇਰਦਿਆਂ ਕਿਹਾ ਕਿ ਰੇਤ ਮਾਫ਼ੀਆ ਜਿਉਂ ਦਾ ਤਿਉਂ ਜਾਰੀ ਹੈ। ਆਮ ਆਦਮੀ ਨੂੰ ਇਸ 'ਸ਼ਗੂਫ਼ੇ' ਦਾ ਕੋਈ ਲਾਭ ਨਹੀਂ ਮਿਲਿਆ। 10 ਨਵੰਬਰ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਮੁੱਖਮੰਤਰੀ ਦੇ ਆਪਣੇ ਚਮਕੌਰ ਸਾਹਿਬ ਹਲਕੇ 'ਚ ਜਾਰੀ ਰੇਤ ਮਾਫ਼ੀਆ ਦਾ ਪਰਦਾਫਾਸ਼ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਵੀ ਮੀਡੀਆ ਨੇ ਰੇਤ ਮਾਫ਼ੀਆ ਉੱਤੇ ਫ਼ੋਟੋਆਂ, ਦਸਤਾਵੇਜ਼ਾਂ ਸਮੇਤ ਵੱਡੀਆਂ-ਵੱਡੀਆਂ ਰਿਪੋਰਟਾਂ ਨਸ਼ਰ ਕੀਤੀਆਂ ਇੱਥੋਂ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਚੰਨੀ ਸਰਕਾਰ ਦੇ ਇਸ ਦਾਅਵੇ ਦੀ 'ਟਵੀਟ' ਰਾਹੀਂ ਹਰ ਤੀਜੇ ਦਿਨ ਫ਼ੂਕ ਕੱਢ ਦਿੰਦੇ ਹਨ। ਇਸੇ ਤਰਾਂ 27 ਨੰਬਰ ਫ਼ੈਸਲੇ ਤਹਿਤ ਹੋਣਹਾਰ ਵਿਦਿਆਰਥੀਆਂ ਲਈ ਵਜ਼ੀਫ਼ਾ ਯੋਜਨਾ 'ਤੇ ਟਿੱਪਣੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੱਖਾਂ ਐਸ.ਸੀ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਕੇ ਅਰਬਾਂ ਰੁਪਏ ਦਾ ਸਕਾਲਰਸ਼ਿਪ ਘੁਟਾਲਾ ਕਰਨ ਵਾਲੇ ਤੱਤਕਾਲੀ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਗੈਂਗ ਬਾਰੇ ਚੰਨੀ ਅਤੇ ਕਾਂਗਰਸੀ ਲੋਕਾਂ ਨੂੰ ਕੀ ਜਵਾਬ ਦੇਣਗੇ?
ਚੀਮਾ ਨੇ ਕਿਹਾ ਕਿ ਇਨ੍ਹਾਂ 100 ਫ਼ੈਸਲਿਆਂ 'ਚ ਕਈਆਂ ਬਾਰੇ ਸਰਕਾਰ ਖ਼ੁਦ ਮੰਨ ਰਹੀ ਹੈ ਕਿ ਅਜੇ ਕੋਈ ਨੀਤੀ ਵੀ ਤਿਆਰ ਨਹੀਂ ਕੀਤੀ ਗਈ। ਮਿਸਾਲ ਵਜੋਂ ਮਲੇਰਕੋਟਲਾ ਵਿਖੇ ਹੱਜ ਹਾਊਸ ਦੀ ਸਥਾਪਨਾ ਕੀਤੀ ਜਾਵੇਗੀ, (ਫ਼ੈਸਲਾ ਨੰਬਰ 64) ਰਾਜ ਦੇ ਸਾਰੇ ਕਾਲਜ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਪਾਸ ਪ੍ਰਦਾਨ ਕੀਤੇ ਜਾਣਗੇ (ਫ਼ੈਸਲਾ ਨੰਬਰ 73) ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ 'ਕਿਸਾਨ ਸਮਾਰਕ' ਦੀ ਸਥਾਪਨਾ (ਫ਼ੈਸਲਾ ਨੰਬਰ 99) ਬਾਰੇ ਦਾਅਵਾ ਵੀ ਕੀਤਾ ਹੈ ਪਰੰਤੂ ਨਾਲ ਹੀ ਲਿਖਿਆ ਗਿਆ ਹੈ, ''ਨੀਤੀ (ਪਾਲਿਸੀ) ਦਸਤਾਵੇਜ਼ ਕੀਤੇ ਜਾ ਰਹੇ ਹਨ।'' ਮਤਲਬ ਅਜੇ ਤੱਕ ਨੀਤੀ ਤਿਆਰ ਨਹੀਂ ਕੀਤੀ, ਪਰੰਤੂ ਫ਼ੈਸਲਾ ਛਾਪ ਦਿੱਤਾ।
ਚੀਮਾ ਨੇ ਚੰਨੀ ਸਰਕਾਰ ਨੂੰ ਬਾਦਲਾਂ ਨਾਲੋਂ ਵੀ ਝੂਠੀ ਅਤੇ ਕੈਪਟਨ ਨਾਲੋਂ ਵੀ ਫ਼ਰੇਬੀ ਸਰਕਾਰ ਦੱਸਦਿਆਂ ਪੁੱਛਿਆ ਕਿ ਚੰਨੀ ਆਪਣੇ 3 ਨੰਬਰ ਫ਼ੈਸਲੇ 'ਬਿਜਲੀ ਸਮਝੌਤੇ ਰੱਦ' ਬਾਰੇ ਪੰਜਾਬ ਦੇ ਲੋਕਾਂ ਨੂੰ ਐਨਾ ਝੂਠ ਕਿਵੇਂ ਬੋਲ ਸਕਦੇ ਹਨ? ਜਦਕਿ ਤਲਵੰਡੀ ਸਾਬੋ, ਰਾਜਪੁਰਾ ਅਤੇ ਗੋਇੰਦਵਾਲ ਪ੍ਰਾਈਵੇਟ ਥਰਮਲ ਪਲਾਂਟ ਅੱਜ ਵੀ ਉਸੇ ਰੇਟ 'ਤੇ ਪੰਜਾਬ ਨੂੰ ਬਿਜਲੀ ਸਪਲਾਈ ਦੇ ਰਹੇ ਹਨ। ਸਰਕਾਰੀ ਸਕੂਲਾਂ ਦੇ ਅੱਠਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ ਜਾਣਗੀਆਂ ਵਾਲੇ 25 ਨੰਬਰ ਫ਼ੈਸਲੇ 'ਤੇ ਟਿੱਪਣੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਵਿਅੰਗ ਕੀਤਾ ਕਿ ਸਰਦੀਆਂ ਸਿਖਰ 'ਤੇ ਹਨ ਅਜੇ ਤੱਕ ਸਾਰਿਆਂ ਨੂੰ ਤਾਂ ਦੂਰ ਐਸ.ਸੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਵੀ ਸਕੂਲੀ ਵਰਦੀਆਂ ਨਸੀਬ ਨਹੀਂ ਹੋਈਆਂ। ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਅਪੀਲ ਕੀਤੀ ਕਿ ਉਹ ਗ਼ਰੀਬ ਵਿਦਿਆਰਥੀਆਂ ਦੀ ਗ਼ਰੀਬੀ ਦਾ ਮਜ਼ਾਕ ਨਾ ਉਡਾਉਣ।
'ਪੰਜਾਬ 'ਚ ਨਸ਼ਿਆਂ ਵਿਰੁੱਧ ਲੜਾਈ ਨੂੰ ਅੰਤਿਮ ਪੜਾਅ ਤੱਕ ਲਿਜਾਣਾ ਅਤੇ ਦੋਸ਼ੀਆਂ ਵਿਰੁੱਧ ਐਫ.ਆਈ.ਆਰ ਵਾਲੇ 100 ਨੰਬਰ ਫ਼ੈਸਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਚੀਮਾ ਨੇ ਕਿਹਾ ਕਿ 100 ਦਿਨਾਂ 'ਚ ਬਿਕਰਮ ਸਿੰਘ ਮਜੀਠੀਆ ਵਿਰੁੱਧ ਜਿਹੜੀ ਇਕਲੌਤੀ ਐਫ.ਆਈ.ਆਰ ਦਰਜ ਕੀਤੀ ਗਈ ਹੈ, ਇਹ ਵੀ ਸਿਆਸੀ ਸਟੰਟ ਸਾਬਤ ਹੋਈ ਹੈ, ਕਿਉਂਕਿ ਅਜੇ ਤੱਕ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਕਿਉਂਕਿ ਇਹ 'ਫਿਕਸ ਮੈਚ' ਹੈ। ਨਤੀਜਣ ਅੱਜ ਵੀ ਪੰਜਾਬ ਅੰਦਰ ਨਸ਼ਿਆਂ ਦਾ ਕਾਲਾ-ਕਾਰੋਬਾਰ ਜਿਉਂ ਦਾ ਤਿਉਂ ਜਾਰੀ ਹੈ।
ਚੀਮਾ ਨੇ ਚੰਨੀ ਸਰਕਾਰ ਨੂੰ ਪੁੱਛਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਅਤੇ ਸੰਗਤ ਨੂੰ ਇਨਸਾਫ਼ ਅੱਜ ਤੱਕ ਕਿਉਂ ਨਹੀਂ ਮਿਲਿਆ?
ਚੀਮਾ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਸਾਰੇ ਝੂਠੇ ਵਾਅਦਿਆਂ ਦੇ ਸਰਕਾਰੀ ਪੈਸੇ ਨਾਲ ਕੀਤੇ ਕੂੜ ਪ੍ਰਚਾਰ ਦਾ ਹਿਸਾਬ ਵੀ ਮੁੱਖਮੰਤਰੀ ਚੰਨੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਦੇਣਾ ਪਵੇਗਾ, ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਦੇ ਝੂਠ 'ਤੇ ਝੂਠ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ।
No comments:
Post a Comment