ਚੰਡੀਗੜ੍ਹ, 06 ਜਨਵਰੀ : ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੀ ਲੱਚਰ ਸੁਰੱਖਿਆ ਵਿਵਸਥਾ ਲਈ ਕਾਂਗਰਸ ਦੀ ਚੰਨੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਚੰਨੀ ਸਰਕਾਰ ਨੂੰ ਬਹੁਤ ਹੀ ਕਮਜ਼ੋਰ ਅਤੇ ਨਿਕੰਮੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਕਮਜ਼ੋਰ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮਅਸਫ਼ਲ ਰਹੀ ਹੈ।
ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਪੰਜਾਬ ਦੇ ਲੋਕ ਅਮਨ ਪਸੰਦ ਲੋਕ ਹਨ। ਰਲ-ਮਿਲ ਕੇ ਰਹਿਣਾ ਅਤੇ ਆਪਸੀ ਭਾਈਚਾਰਾ ਪੰਜਾਬ ਦੀ ਖੂਬਸੂਰਤੀ ਹੈ। ਲੇਕਿਨ ਕੁਝ ਪੰਜਾਬ ਵਿਰੋਧੀ ਤਾਕਤਾਂ ਹਰ ਵਾਰ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। 2017 ਵਿਚ ਵੀ ਚੋਣਾਂ ਤੋਂ ਠੀਕ ਪਹਿਲਾਂ ਮੌੜ ਵਿਚ ਬੰਬ ਧਮਾਕੇ ਹੋਏ ਸਨ, ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸਾਹਿਬ ਦੀ ਬੇਅਦਬੀ ਹੋਈ ਸੀ। ਇਸ ਵਾਰ ਵੀ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕੁਝ ਪੰਜਾਬ ਵਿਰੋਧੀ ਤਾਕਤਾਂ ਲੋਕਾਂ ਦੇ ਮਨਾਂ ਵਿਚ ਡਰ ਅਤੇ ਭੈਅ ਪੈਦਾ ਕਰਨ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਅਤੇ ਲੁਧਿਆਣਾ ਵਿੱਚ ਦਿਨ ਦਿਹਾੜੇ ਬੰਬ ਧਮਾਕੇ ਦੀ ਘਟਨਾ ਵਾਪਰੀ।
ਚੱਢਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦੀ ਘਟਨਾ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ 'ਚ ਪੀਐੱਮ ਮੋਦੀ ਅਤੇ ਭਾਜਪਾ ਨੂੰ ਕੋਈ ਪਸੰਦ ਨਹੀਂ ਕਰਦਾ। ਸਾਡੀ ਸਿਆਸੀ ਵਿਚਾਰਧਾਰਾ ਵੀ ਮੋਦੀ ਅਤੇ ਭਾਜਪਾ ਨਾਲੋਂ ਪੂਰੀ ਤਰ੍ਹਾਂ ਵੱਖਰੀ ਹੈ, ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਹੋਣਾ ਹੈਰਾਨੀ ਦੀ ਗੱਲ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨੂੰ ਰੈਲੀ ਰੱਦ ਕਰਨ ਦਾ ਬਹਾਨਾ ਚਾਹੀਦਾ ਸੀ, ਕਿਉਂਕਿ ਰੈਲੀ ਵਿੱਚ ਕੁਰਸੀਆਂ ਪੂਰੀ ਤਰ੍ਹਾਂ ਖਾਲੀ ਸਨ। ਕਮਜ਼ੋਰ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਬਹਾਨਾ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਖਾਮੀਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਚੱਢਾ ਨੇ ਕਾਂਗਰਸ ਸਰਕਾਰ 'ਤੇ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਚੰਨੀ ਸਰਕਾਰ ਇੰਨੀ ਨਿਕੰਮੀ ਅਤੇ ਕਮਜ਼ੋਰ ਹੈ ਕਿ 100 ਦਿਨਾਂ ਦੇ ਅਰਸੇ 'ਚ ਚਾਰ ਡੀਜੀਪੀ ਬਦਲੇ ਗਏ ਅਤੇ ਹਰ ਬਾਰਾਂ ਘੰਟਿਆਂ ਬਾਅਦ ਤਬਾਦਲੇ-ਪੋਸਟਿੰਗ ਦੀ ਨਵੀਂ ਸੂਚੀ ਜਾਰੀ ਕੀਤੀ ਜਾ ਰਹੀ ਹੈ। ਸੱਤਾ ਲਈ ਆਪਸ ਵਿੱਚ ਲੜਨ ਵਾਲੇ ਕਾਂਗਰਸੀ ਆਗੂ ਕਦੇ ਵੀ ਪੰਜਾਬ ਦੀ ਰਾਖੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਅਮਨ-ਸ਼ਾਂਤੀ ਅਤੇ ਬਿਹਤਰ ਸੁਰੱਖਿਆ ਉਪਲਬਧ ਕਰਵਾਉਣ ਵਾਲੀ ਸਰਕਾਰ ਦੀ ਲੋੜ ਹੈ। ਇਹ ਕੰਮ ਨਾ ਤਾਂ ਕਮਜ਼ੋਰ ਚੰਨੀ ਸਰਕਾਰ ਕਰ ਸਕਦੀ ਹੈ ਅਤੇ ਨਾ ਹੀ ਭ੍ਰਿਸ਼ਟ ਬਾਦਲ ਸਰਕਾਰ। ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਇੱਕ ਸਥਿਰ ਅਤੇ ਮਜ਼ਬੂਤ ਸਰਕਾਰ ਦੇਵੇਗੀ। 'ਆਪ' ਸਰਕਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਪੂਰੀ ਸੁਰੱਖਿਆ ਕਰੇਗੀ ਅਤੇ ਪੰਜਾਬ ਨੂੰ ਮੁੜ ਤੋਂ ਸ਼ਾਂਤ ਅਤੇ ਖੁਸ਼ਹਾਲ ਸੂਬਾ ਬਣਾਏਗੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜ ਸਾਲਾਂ ਵਿੱਚ ਮੌੜ ਬੰਬ ਧਮਾਕੇ ਅਤੇ ਬੇਅਦਬੀ ਕਾਂਡ ਦੇ ਇੱਕ ਵੀ ਦੋਸ਼ੀ ਨੂੰ ਫੜ ਨਹੀਂ ਸਕੀ। ਸਗੋਂ ਮਾਫੀਆ ਅਤੇ ਅਪਰਾਧੀਆਂ ਨੂੰ ਸੁਰੱਖਿਆ ਦੇ ਰਹੀ ਹੈ। ਜੇਕਰ ਬੇਅਦਬੀ, ਗੋਲੀਕਾਂਡ ਅਤੇ ਬੰਬ ਧਮਾਕਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਅੱਜ ਪੰਜਾਬ ਵਿੱਚ ਮੁੜ ਤੋਂ ਅਜਿਹੀਆਂ ਦਰਦਨਾਕ ਘਟਨਾਵਾਂ ਨਾ ਵਾਪਰਦੀਆਂ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਪੰਜਾਬ ਦੇ ਲੋਕਾਂ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕਰਕੇ ਉਨ੍ਹਾਂ ਦੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਰ ਹੁਣ ਪੰਜਾਬ ਦੇ ਲੋਕ ਉਸ ਦੇ ਨਾਪਾਕ ਮਨਸੂਬਿਆਂ ਨੂੰ ਸਮਝ ਚੁੱਕੇ ਹਨ। ਇਸ ਵਾਰ ਪੰਜਾਬ ਦੇ ਲੋਕ ਉਨ੍ਹਾਂ ਦੇ ਨਾਪਾਕ ਮਨਸੂਬੇ ਨੂੰ ਪੂਰਾ ਨਹੀਂ ਹੋਣ ਦੇਣਗੇ।
No comments:
Post a Comment