ਚੰਡੀਗੜ੍ਹ, 17 ਜਨਵਰੀ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੇਸ਼ ਦੇ
ਮੁੱਖ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਵੋਟਾਂ ਪਾਉਣ ਦੀ ਤਰੀਕ 20 ਫਰਵਰੀ ਕੀਤੇ ਜਾਣ ਦਾ
ਜ਼ੋਰਦਾਰ ਸਵਾਗਤ ਕੀਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਭਾਵਨਾ ਦਾ ਸਤਿਕਾਰ
ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਵੋਟਾਂ ਪਾਉਣ
ਦੀ ਤਰੀਕ 14 ਫਰਵਰੀ ਤੋਂ 20 ਫਰਵਰੀ ਕੀਤੀ ਹੈ, ਅਜਿਹਾ ਸੰਗਤ ਦੀ ਆਸਥਾ ਦੇ ਸਤਿਕਾਰ ਅਤੇ
ਵੋਟ ਦੇ ਅਧਿਕਾਰ ਦੀ ਵਰਤੋਂ ਲਈ ਕੀਤਾ ਜਾਣਾ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੂੰ ਇੱਕ
ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਨ
ਪੰਜਾਬ ਸਮੇਤ ਪੂਰੇ ਭਾਰਤ ਵਿੱਚ 16 ਫਰਵਰੀ ਨੂੰ ਮਨਾਇਆ ਜਾਣਾ ਹੈ, ਜਿਸ ਕਾਰਨ ਸਮੂਹ ਗੁਰੂ
ਰਵਿਦਾਸ ਨਾਮ ਲੇਵਾ ਸੰਗਤ ਕਰੀਬ ਇੱਕ ਹਫ਼ਤਾ ਧਾਰਮਿਕ ਕਾਰਜਾਂ ਵਿੱਚ ਲੱਗੀ ਰਹੇਗੀ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚੋ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਵਾਰਾਣਸੀ (ਬਨਾਰਸ) ਜਾਂਦੇ ਹਨ। ਇਹ ਸ਼ਰਧਾਲੂ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਤਰੀਕ ਤੋਂ ਇੱਕ ਹਫ਼ਤਾ ਪਹਿਲਾਂ ਬਨਾਰਸ ਚਲੇ ਜਾਂਦੇ ਹਨ ਅਤੇ ਆਮ ਤੌਰ 'ਤੇ 3-4 ਦਿਨਾਂ ਬਾਅਦ ਵਾਪਸ ਆਉਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਲਈ 14 ਫਰਵਰੀ ਨੂੰ ਵੋਟਾਂ ਪਾਈਆਂ ਜਾਣੀਆਂ ਹਨ, ਇਸ ਕਾਰਨ ਜਾਂ ਤਾਂ ਬਹੁਤ ਸਾਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਬਨਾਰਸ ਦਰਸ਼ਨ ਕਰਨ ਤੋਂ ਵਾਂਝੀ ਰਹਿ ਜਾਵੇਗੀ ਜਾਂ ਫਿਰ ਉਹ ਆਪਣੀ ਵੋਟ ਪਾਉਣ ਦੇ ਸੰਵਿਧਾਨਕ ਹੱਕ ਦੀ ਵਰਤੋਂ ਨਹੀਂ ਕਰ ਸਕੇਗੀ।
ਪੱਤਰ ਅਨੁਸਾਰ ਮਾਨ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਅੰਦਰ ਵੋਟਾਂ ਪਾਉਣ ਦੀ ਤਰੀਕ ਵਿੱਚ ਘੱਟੋ -ਘੱਟ ਇੱਕ ਹਫ਼ਤੇ ਦਾ ਵਾਧਾ ਕੀਤਾ ਜਾਵੇ, ਤਾਂ ਜੋ ਪੰਜਾਬ ਵਿੱਚੋਂ ਬਨਾਰਸ ਜਾਣ ਵਾਲੀ ਸੰਗਤ ਬਿਨ੍ਹਾਂ ਕਿਸੇ ਰੁਕਾਵਟ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਖੁਸ਼ੀਆਂ ਨਾਲ ਮਨਾਂ ਸਕੇ ਅਤੇ ਉਥੋਂ ਵਾਪਸ ਆ ਕੇ ਆਪਣੇ ਸੰਵਿਧਾਨਕ ਹੱਕ ਵੋਟ ਪਾਉਣ ਦੀ ਵਰਤੋਂ ਵੀ ਕਰ ਸਕੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨਰ ਨੇ ਅਪੀਲ ਨੂੰ ਪ੍ਰਵਾਨ ਕਰਦਿਆਂ ਪੰਜਾਬ ’ਚ ਵੋਟਾਂ ਪਾਉਣ ਦੀ ਤਰੀਕ 20 ਫਰਵਰੀ ਕਰ ਦਿੱਤੀ ਹੈ, ਜਿਸ ਦਾ ਆਮ ਆਦਮੀ ਪਾਰਟੀ ਵੱਲੋਂ ਸਵਾਗਤ ਕੀਤਾ ਜਾਂਦਾ ਹੈ।
No comments:
Post a Comment