ਐਸ.ਏ.ਐਸ ਨਗਰ , 18 ਜਨਵਰੀ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਅੱਜ ਸ਼ਹਿਰ ਦੇ ਫ਼ੇਜ਼ 3ਬੀ1 ’ਚ
ਅਰਬਨ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਦੀ ਉਸਾਰੀ ਅਧੀਨ ਇਮਾਰਤ ਦਾ ਜਾਇਜ਼ਾ ਲਿਆ
ਅਤੇ ਅਧਿਕਾਰੀਆਂ ਨੂੰ ਉਸਾਰੀ ਦੇ ਕੰਮ ਵਿਚ ਤੇਜ਼ੀ ਲਿਆਉਣ ਦੀ ਹਦਾਇਤ ਦਿਤੀ। ਜ਼ਿਕਰਯੋਗ ਹੈ
ਕਿ ਮੌਜੂਦਾ ਪ੍ਰਾਇਮਰੀ ਹੈਲਥ ਸੈਂਟਰ ਦਾ ਦਰਜਾ ਵਧਾ ਕੇ ਇਸ ਨੂੰ 30 ਬਿਸਤਰਿਆਂ ਵਾਲਾ
ਸ਼ਹਿਰੀ ਸੀ.ਐਚ.ਸੀ. ਬਣਾਇਆ ਗਿਆ ਹੈ ਜਿਸ ਲਈ ਨਵੀਂ ਇਮਾਰਤ ਉਸਾਰੀ ਜਾ ਰਹੀ ਹੈ। ਇਸ ਮੌਕੇ
ਮੌਜੂਦ ਅਧਿਕਾਰੀਆਂ ਕੋਲੋਂ ਉਨ੍ਹਾਂ ਹੁਣ ਤਕ ਹੋ ਚੁੱਕੇ ਕੰਮ ਬਾਰੇ ਜਾਣਿਆ। ਉਨ੍ਹਾਂ ਕਿਹਾ
ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਮਿਆਰੀ ਬੁਨਿਆਦੀ ਢਾਂਚਾ ਬਹੁਤ ਜ਼ਰੂਰੀ
ਹੈ।
ਇਸ ਲਈ ਵਰਤੀ ਗਈ ਸਾਰੀ ਸਮੱਗਰੀ ਉਚ-ਪਾਏ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ
ਨੂੰ ਕਿਹਾ ਕਿ ਹਸਪਤਾਲ ਦੇ ਐਂਟਰੀ ਤੇ ਐਗਜ਼ਿਟ ਪੁਆਇੰਟ ਵੱਖੋ-ਵੱਖਰੇ ਹੋਣੇ ਚਾਹੀਦੇ ਹਨ
ਅਤੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਉਣ ਵਾਲਿਆਂ ਦੇ ਬੈਠਣ ਲਈ ਢੁਕਵਾਂ ਪ੍ਰਬੰਧ ਹੋਵੇ।
ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿਚ ਸਟਾਫ਼ ਦੀਆਂ ਵੱਖੋ-ਵੱਖ ਲੋੜੀਂਦੀਆਂ ਆਸਾਮੀਆਂ ਦਾ
ਪ੍ਰਬੰਧ ਕੀਤਾ ਗਿਆ ਹੈ ਤਾਕਿ ਲੋਕਾਂ ਨੂੰ ਮਿਆਰੀ ਤੇ ਸੁਚੱਜੀਆਂ ਸਿਹਤ ਸਹੂਲਤਾਂ ਦੇਣ ਵਿਚ
ਕੋਈ ਦਿੱਕਤ ਪੇਸ਼ ਨਾ ਆਵੇ।
ਸਿਵਲ ਸਰਜਨ ਨੇ ਕਿਹਾ ਕਿ ਇਹ ਸੀ.ਐਚ.ਸੀ. ਆਲੇ ਦੁਆਲੇ ਦੇ ਲੋਕਾਂ ਲਈ ਵਰਦਾਨ
ਸਿੱਧ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਮਿਆਰੀ ਸਿਹਤ ਸਹੂਲਤਾਂ ਲਈ ਫ਼ੇਜ਼ 6 ਦੇ ਹਸਪਤਾਲ ਜਾਂ
ਹੋਰ ਕਿਤੇ ਜਾਣ ਦੀ ਲੋੜ ਨਹੀਂ ਪਵੇਗੀ। ਮੌਕੇ ’ਤੇ ਮੌਜੂਦ ਪੰਜਾਬ ਹੈਲਥ ਸਿਸਟਮਜ਼
ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਸਿਵਲ ਸਰਜਨ ਨੂੰ ਭਰੋਸਾ ਦਿਤਾ ਕਿ ਉਸਾਰੀ ਦਾ ਕੰਮ ਤੇਜ਼ੀ
ਨਾਲ ਮੁਕੰਮਲ ਕੀਤਾ ਜਾ ਰਿਹਾ ਹੈ ਤਾਕਿ ਇਸ ਹਸਪਤਾਲ ਨੂੰ ਜਲਦੀ ਚਾਲੂ ਕੀਤਾ ਜਾ ਸਕੇ। ਇਸ
ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਐਸ.ਐਮ.ਓ. ਡਾ.
ਐਚ.ਐਸ.ਚੀਮਾ, ਐਸ.ਡੀ.ਓ. ਕਮਲਦੀਪ ਸਿੰਘ ਤੋਂ ਇਲਾਵਾ ਹੋਰ ਸਿਹਤ ਅਧਿਕਾਰੀ ਮੌਜੂਦ ਸਨ।
No comments:
Post a Comment