ਚੋਣਾਂ ਦੌਰਾਨ ਉਲੰਘਣਾ ਤਹਿਤ ਕੁੱਲ 32, ਆਬਕਾਰੀ ਤਹਿਤ 113, ਐਨ.ਡੀ.ਪੀ.ਐਸ ਤਹਿਤ 54, ਆਈ.ਪੀ.ਸੀ ਐਕਟ ਤਹਿਤ 4 ਅਤੇ ਆਰਮ ਐਕਟ ਤਹਿਤ 2 ਮਾਮਲੇ ਕੀਤੇ ਦਰਜ*
ਐਸ.ਏ.ਐਸ ਨਗਰ 11 ਫਰਵਰੀ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਤਿਆਰੀਆਂ ਦੇ ਸੰਬੰਧ ਚ ਪ੍ਰੈਸ ਕਾਨਫਰੰਸ ਕੀਤੀ ਗਈ । ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਮਤਦਾਨ ਕਰਨਾ ਹਰ ਭਾਰਤੀ ਦਾ ਮੌਲਿਕ ਅਧਿਕਾਰ ਹੈ ਅਤੇ ਇਸ ਦਾ ਇਸਤੇਮਾਲ ਬਿਨਾ ਕਿਸੇ ਲਾਲਚ ਅਤੇ ਭੈਅ ਤੋਂ ਕਰਨਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਭਾਰਤੀ ਲੋਕਤੰਤਰ ਵਿੱਚ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ।
ਪੱਤਰਕਾਰ ਮਿਲਣੀ ਦੌਰਾਨ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ ਵੋਟਰਾਂ ਦੀ ਗਿਣਤੀ 794983 ਹੈ । ਉਨ੍ਹਾਂ ਕਿਹਾ ਕੁੱਲ ਮਰਦ ਵੋਟਰਾਂ ਦੀ ਗਿਣਤੀ 415456, ਕੁੱਲ ਔਰਤ ਵੋਟਰਾਂ ਦੀ ਗਿਣਤੀ 377635 ਅਤੇ ਕੁੱਲ ਥਰਡ ਜੈਂਡਰ ਵੋਟਰਾਂ ਦੀ ਗਿਣਤੀ 43 ਹੈ । ਉਨ੍ਹਾਂ ਦੱਸਿਆ ਕਿ 1849 ਵੋਟਰ ਸਰਵਿਸ ਇਲੈਕਟੋਰਸ ਹਨ । ਜ਼ਿਲ੍ਹੇ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 907 ਹੈ ਜਿਸ ਨਾਲ ਹਰੇਕ ਪੋਲਿੰਗ ਸਟੇਸ਼ਨ ਤੇ 874 ਵੋਟਰਾਂ ਦੀ ਔਸਤ ਆਵੇਗੀ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਸਟੇਸ਼ਨ ਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਵੋਟਰ ਦੇ ਐਪਿਕ ਕਾਰਡ ਪੈਂਡਿੰਗ ਹਨ ਉਹ 16 ਫਰਵਰੀ ਤੱਕ ਵੋਟਰਾਂ ਨੂੰ ਮੁਹੱਈਆ ਕਰਵਾ ਦਿੱਤੇ ਜਾਣਗੇ ਇਸ ਦੇ ਨਾਲ ਹੀ ਵੋਟਰ ਸੂਚੀਆਂ ਵੀ ਤਿਆਰ ਹੋ ਜਾਣਗੀਆਂ। ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ 80 ਸਾਲ ਤੋਂ ਵੱਧ ਅਤੇ 40 ਫੀਸਦ ਤੋਂ ਵੱਧ ਦਿਵਿਆਂਗ ਵਿਅਕਤੀਆਂ ਲਈ ਪੋਸਟਲ ਬੈਲਟ ਰਾਹੀ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਵੀ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 80 ਸਾਲ ਤੋਂ ਵੱਧ 1.03 ਫੀਸਦ ਵਿਅਕਤੀਆਂ ਅਤੇ ਦਿਵਿਆਂਗ 0.47 ਫੀਸਦ ਵਿਅਕਤੀਆਂ ਨੇ ਪੋਸਟ ਬੈਲਟ ਰਾਹੀ ਵੋਟ ਪਾਉਂਣ ਲਈ ਅਪਲਾਈ ਕੀਤਾ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਹਲਕੇ ਵਿੱਚ 32 ਅਤੇ ਜਿਲ੍ਹੇ ਵਿੱਚ ਕੁੱਲ 96 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਦਕਿ ਹਰੇਕ ਹਲਕੇ ਵਿੱਚ 2 ਪਿੰਕ ਅਤੇ ਜਿਲ੍ਹੇ ਵਿੱਚ ਕੁੱਲ 6 ਪਿੰਕ ਪੋਲਿੰਗ ਸ਼ਟੇਸ਼ਨ ਜਿੱਥੇ ਸਾਰਾ ਸਟਾਫ ਮਹਿਲਾਵਾਂ ਦਾ ਹੋਵੇਗਾ। ਇਸ ਦੇ ਨਾਲ ਹਰੇਕ ਹਲਕੇ ਵਿੱਚ 1 ਅਤੇ ਜਿਲ੍ਹੇ ਵਿੱਚ ਕੁੱਲ 3 ਪੂਰੇ ਤੌਰ ਤੇ ਦਿਵਿਆਂਗਾ ਵੱਲੋ ਸੰਭਾਲੇ ਜਾਣ ਵਾਲੇ ਪੋਲਿੰਗ ਸਟੇਸ਼ਨ ਬਣਾਏ ਗਏ ਹਨ ।
ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਸਮੂਹ ਚੋਣ ਅਮਲੇ ਦੀ ਕੋਵਿਡ ਵੈਕਸੀਨੇਸ਼ਨ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਸਮੂਹ ਪੋਲਿੰਗ ਸਟਾਫ ਦੀ ਕੋਵਿਡ ਵੈਕਸੀਨੇਸ਼ਨ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ 13 ਫਰਵਰੀ ਨੂੰ ਤੀਜੀ ਪੋਲਿੰਗ ਰਿਹਰਸਲ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਕੁੱਲ 40 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ । ਜਿਨ੍ਹਾ ਵਿੱਚ ਵਿਧਾਨ ਸਭਾ ਹਲਕਾ 52 ਖਰੜ੍ਹ ਤੋ ਕੁੱਲ 17, ਵਿਧਾਨ ਸਭਾ ਹਲਕਾ 53 ਐਸ.ਏ.ਐਸ ਨਗਰ ਤੋਂ ਕੁੱਲ 9 ਅਤੇ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਕੁੱਲ 14 ਨਾਮਜ਼ਦਗੀ ਪੱਤਰ ਸ਼ਾਮਲ ਹਨ । ਇਸ ਦੇ ਨਾਲ ਹੀ ਖਰੜ ਹਲਕੇ ਵਿੱਚ 17 ਉਮੀਦਾਵਾਰ ਹੋਣ ਨਾਲ 2 ਬੈਲਟ ਯੂਨੀਟ ਲੱਗਣਗੇ।
ਉਨ੍ਹਾਂ ਦੱਸਿਆ ਕਿ ‘ਨੋਅ ਯੂਅਰ ਕੈਂਡੀਡੇਟ’ ਐਪ ਰਾਹੀਂ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਪਤਾ ਲੱਗ ਸਕੇਗਾ ਤੇ ਇਹ ਐਪ ਉਨਾਂ ਨੂੰ ਅਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਵਿਚ ਮਦਦਗਾਰ ਹੋਵੇਗੀ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਵਾਰ ਐਸ.ਏ.ਐਸ ਨਗਰ ਦੇ ਤਿੰਨੋਂ ਹਲਕਿਆਂ ਈ.ਵੀ.ਐਮ. ਵੀ.ਵੀ.ਪੈਟਸ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਧਾਨ ਸਭਾ ਹਲਕਾ ਖਰੜ ਲਈ ਪੋਲੀਟੈਕਨਿਕਲ ਕਾਲਜ ਖੂਨੀਮਾਜਰਾਂ ਤੋਂ ਹਲਕਾ ਮੋਹਾਲੀ ਲਈ ਸਪੋਰਟਸ ਕੰਪਲੈਕਸ ਸੈਕਟਰ 78 ਤੋਂ ਅਤੇ ਹਲਕਾ ਡੇਰਾਬੱਸੀ ਲਈ ਸਰਕਾਰੀ ਕਾਲਜ ਡੇਰਾਬੱਸੀ ਤੋਂ ਮਸ਼ੀਨਾ ਦੀ ਵੰਡ ਅਤੇ ਕੁਲੈਕਸ਼ਨ ਕੀਤੀ ਜਾਵੇਗੀ। ਇਸ ਦੇ ਨਾਲ ਹੀ ਈ.ਵੀ.ਐਮ. ਦੀ ਸਟੋਰੇਜ਼ ਵੋਟਿੰਗ ਤੋਂ ਬਾਅਦ ਖਰੜ ਅਤੇ ਡੇਰਾਬੱਸੀ ਹਲਕੇ ਲਈ ਰਤਨ ਪ੍ਰੋਫੇਸ਼ਨਲ ਕਾਲਜ ਵਿਖੇ ਅਤੇ ਮੋਹਾਲੀ ਹਲਕੇ ਲਈ ਸਪੋਰਟਸ ਕੰਪਲੈਕਸ ਵਿਖੇ ਕੀਤੀ ਜਾਵੇਗੀ। ਈ.ਵੀ.ਐਮ. ਮਸ਼ੀਨਾਂ ਨੂੰ ਲਿਆਉਣ ਅਤੇ ਲਿਜਾਉਣ ਲਈ ਜੀ.ਪੀ.ਐਸ. ਲੱਗੇ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਤਹਿਤ ਗੈਰਕਾਨੂੰਨੀ ਸ਼ਰਾਬ 10547 ਲੀਟਰ , ਪੋਪੀ ਹਸਕ 28ਕਿਲੋ, ਅਫੀਮ 1.172 ਕਿਲੋ, ਹੈਰੋਈਨ 2407.5 ਗ੍ਰਾਮ, ਡਰੱਗ ਪਾਊਡਰ 40 ਗ੍ਰਾਮ, ਸਮੈਕ 20 ਗ੍ਰਾਮ, ਟੈਬਲੈਟਸ 52323, ਗਾਜ਼ਾ 4.45 ਕਿਲੋ, ਟੀਕੇ 2700 ਅਤੇ ਚਰਸ 160 ਗ੍ਰਾਮ ਜਬਤ ਕੀਤੀ ਗਈ ਹੈ। ਇਸ ਦੇ ਨਾਲ ਹੀ ਨਕਦੀ ਰਕਮ 1,35,40,220 ਰੁਪਏ , 3 ਕਿਲੋ ਸਿਲਵਰ ਅਤੇ 216 ਗ੍ਰਾਮ ਗੋਲਡ ਜਬਤ ਕੀਤਾ ਗਿਆ ਹੈ। ਉਪਰੋਕਤ ਚੋਣਾਂ ਦੌਰਾਨ ਚੋਣ ਜਾਬਤੇ ਦੀ ਉਲੰਘਣਾ ਦੇ ਕੁੱਲ 32, ਆਬਕਾਰੀ ਤਹਿਤ 113, ਐਨ.ਡੀ.ਪੀ.ਐਸ ਤਹਿਤ 54, ਆਈ.ਪੀ.ਸੀ ਐਕਟ ਤਹਿਤ 4 ਅਤੇ ਆਰਮ ਐਕਟ ਤਹਿਤ 2 ਮਾਮਲੇ ਦਰਜ ਕੀਤੇ ਗਏ ਹਨ ।
ਉਨ੍ਹਾਂ ਦੱਸਿਆ ਕਿ ਮੀਡੀਆ ਸਰਟੀਫਿਕੇਸਨ ਐਂਡ ਮੋਨੀਟਰਿੰਗ ਕਮੇਟੀ(ਐਮ.ਸੀ.ਐਮ.ਸੀ) ਵੱਲੋਂ ਪੇਡ ਨਿਊਜ਼ ਦੇ 5 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਰਾਜਨੀਤਿਕ ਪਾਰਟੀਆਂ/ਉਮੀਦਵਾਰਾਂ ਵਿਰੁੱਧ 2,71,464 ਰੁਪਏ ਦਾ ਖਰਚਾ ਬੁੱਕ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 18 ਫ਼ਰਵਰੀ 2022 ਨੂੰ ਸ਼ਾਮ 6 ਵਜੇ ਤੋਂ 20 ਫ਼ਰਵਰੀ 2022 ਨੂੰ ਵੋਟਾਂ ਪੈਣ ਦੀ ਸਮਾਪਤੀ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ (10 ਮਾਰਚ 2022) ਨੂੰ ਸ਼ਰਾਬ ਦੀ ਵਿਕਰੀ ਉੱਪਰ ਜਿਲ੍ਹੇ ਅੰਦਰ ਰੋਕ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਬ ਦੀਆਂ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਵੇਚਣ ਵਾਲੇ ਹੋਰ ਅਦਾਰਿਆਂ ਨੂੰ ਉਪਰੋਕਤ ਦਿਨਾਂ ਦੌਰਾਨ ਕਿਸੇ ਨੂੰ ਵੀ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਵਾਰ ਵਿਧਾਨ ਸਭਾ ਚੋਣਾਂ-2022 ਵਿੱਚ ਵੋਟਰਾਂ ਨੂੰ ਫੋਟੋ ਵੋਟਰ ਸਲਿੱਪ ਦੀ ਥਾਂ 'ਤੇ ਵੋਟਰ ਫੋਟੋ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਜਿਸ ਦੀ ਵਰਤੋਂ ਉਹ ਵੋਟ ਪਾਉਣ ਲਈ ਕਰ ਸਕਦੇ ਹਨ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਿਤ 11 ਵਿਕਲਪਕ ਸ਼ਨਾਖਤੀ ਕਰਾਡ ਵਿੱਚ ਪਾਸਪੋਰਟ, ਡਰਾਇਵਿੰਗ ਲਾਇਸੰਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ/ਪਬਲਿਕ ਲਿਮਟਿਡ ਕੰਪਨੀਆਂ ਵਲੋਂ ਕਰਮਚਾਰੀਆਂ ਨੂੰ ਜਾਰੀ ਫੋਟੋਗ੍ਰਾਫ ਵਾਲਾ ਸਰਵਿਸ ਸ਼ਨਾਖਤੀ ਕਾਰਡ, ਬੈਂਕ/ਪੋਸਟ ਆਫਿਸ ਵਲੋਂ ਜਾਰੀ ਫੋਟੋਗ੍ਰਾਫ ਵਾਲੀ ਪਾਸਬੁੱਕ, ਪੈਨ ਕਾਰਡ, ਐਨ.ਪੀ.ਐਰ ਤਹਿਤ ਆਰ.ਜੀ.ਆਈ ਵਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਕਾਰਡ, ਕਿਰਤ ਮੰਤਰਾਲੇ ਵਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਗ੍ਰਾਫ ਵਾਲਾ ਪੈਨਸ਼ਨ ਦਸਤਾਵੇਜ, ਐਮ.ਪੀ./ਐਮ.ਐਲ.ਏ./ਐਮ.ਐਲ.ਸੀ. ਵਲੋਂ ਜਾਰੀ ਅਧਿਕਾਰਤ ਪਛਾਣ ਪੱਤਰ ਅਤੇ ਅਧਾਰ ਕਾਰਡ ਸ਼ਾਮਿਲ ਹੈ। ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਵਿਦੇਸ਼ੀ ਵੋਟਰਾਂ ਨੂੰ ਸਿਰਫ਼ ਪਛਾਣ ਲਈ ਆਪਣਾ ਅਸਲ ਪਾਸਪੋਰਟ ਪੇਸ਼ ਕਰਨਾ ਹੋਵੇਗਾ।
ਇਸ ਦੌਰਾਨ ਡਿਪਟ ਕਮਿਸ਼ਨਰ ਨੇ ਸਮੂਹ ਪੱਤਰਕਾਰਾਂ ਜ਼ਰੀਏ ਜ਼ਿਲ੍ਹੇ ਦੇ ਹਰੇਕ ਵੋਟਰ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਆਪਣੀ ਵੋਟ ਜ਼ਰੂਰ ਪਾਉਣ ਤਾਂ ਜੋ ਜ਼ਿਲੇ ਵਿੱਚ 100 ਫੀਸਦੀ ਵੋਟਿੰਗ ਹੋ ਸਕੇ ਅਤੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਅਤੇ ਵੱਖ ਵੱਖ ਅਦਾਰਿਆ ਦੇ ਪੱਤਰਕਾਰ ਵਿਸ਼ੇਸ ਤੌਰ ਤੇ ਹਾਜ਼ਰ ਸਨ ।
No comments:
Post a Comment