ਵੱਡੀ ਲੀਡ ਨਾਲ ਜਿੱਤਣਗੇ ਕੁਲਵੰਤ ਸਿੰਘ : ਭਗਵੰਤ ਮਾਨ
ਮੋਹਾਲੀ, 06 ਫ਼ਰਵਰੀ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਪੂਰੇ ਜ਼ੋਰਾਂ ਉਤੇ ਹੈ ਅਤੇ ਆਉਣ ਵਾਲੀ 20 ਫ਼ਰਵਰੀ ਨੂੰ ਜਿਉਂ-ਜਿਉਂ ਵੋਟਿੰਗ ਮਸ਼ੀਨ ਉਤੇ ਬਟਨ ਦੱਬਣ ਉਪਰੰਤ ‘ਬੀਪ’ ਦੀ ਅਵਾਜ਼ ਆਵੇਗੀ ਤਾਂ ਉਸ ਦਾ ਮਤਲਬ ਇਹੋ ਹੋਵੇਗਾ ਕਿ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਆਗੂਆਂ ਦੀਆਂ ਚੀਕਾਂ ਨਿਕਲ ਰਹੀਆਂ ਹਨ।
ਉਕਤ ਵਿਚਾਰ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਹਾਲੀ ਤੋਂ ‘ਆਪ’ ਦੇ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿੱਚ ਮੋਹਾਲੀ ਦੇ ਵੱਖ-ਵੱਖ ਖੇਤਰਾਂ ਪਿੰਡ ਬਲੌਂਗੀ, ਫੇਜ਼ 3ਬੀ2, ਸੈਕਟਰ 79 ਅਤੇ ਸੈਕਟਰ 82 ਵਿੱਚ ਵਿੱਚ ਕੀਤੇ ਗਏ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਭਗਵੰਤ ਮਾਨ ਨੇ ਕਿਹਾ ਅੱਜ ਦਾ ਮੋਹਾਲੀ ਵਿਖੇ ਲੋਕਾਂ ਦਾ ਉਤਸ਼ਾਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇੱਕ ਬਹੁਤ ਹੀ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਆਪਣੀ ਮਿਹਨਤ ਨਾਲ ਬੁਲੰਦੀਆਂ ਉਤੇ ਪਹੁੰਚੇ ‘ਆਪ’ ਉਮੀਦਵਾਰ ਕੁਲਵੰਤ ਸਿੰਘ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ।
ਹਲਕਾ ਮੋਹਾਲੀ ਦੇ ਪਿੰਡ ਬਲੌਂਗੀ ਨਿਵਾਸੀਆਂ ਨੇ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਅਤੇ ਉਸ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਉਤੇ ਧੱਕੇਸ਼ਾਹੀਆਂ ਦੇ ਦੋਸ਼ ਲਗਾਉਂਦਿਆਂ ਭਗਵੰਤ ਮਾਨ ਨੂੰ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਗਈ ਕਿ ਹਲਕਾ ਮੋਹਾਲੀ ਵਿੱਚ ਸਿੱਧੂ ਭਰਾਵਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਭਗਵੰਤ ਮਾਨ ਨੇ ਬਲੌਂਗੀ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ‘ਆਪ’ ਦੀ ਸਰਕਾਰ ਬਣਨ ’ਤੇ ਧੱਕੇਸ਼ਾਹੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਬਾਦਲਾਂ ਉਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਹ ਕਹਿ ਚੁੱਕੇ ਸੀ ਕਿ ਬਾਦਲਾਂ ਦੇ ਹੈਲੀਕਾਪਟਰ ਨੂੰ ਜ਼ਮੀਨ ’ਤੇ ਉਤਾਰਿਆ ਜਾਵੇਗਾ ਅਤੇ ਉਹ ਗੱਲ ਸਾਬਿਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੇ ਚੋਣ ਪ੍ਰਚਾਰ ਦੌਰਾਨ ਇਹ ਐਲਾਨ ਕਰਦੇ ਹਨ ਕਿ ਉਹ ਵਿਦੇਸ਼ਾਂ ਵਿੱਚ ਜਾਣ ਵਾਲੇ ਬੱਚਿਆਂ ਨੂੰ ਕਰਜ਼ਾ ਉਪਲਬਧ ਕਰਵਾਉਣਗੇ ਪਰ ਆਮ ਆਦਮੀ ਪਾਰਟੀ ਦੀ ਸੋਚ ਇਹ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਬਜਾਇ ਪੰਜਾਬ ਵਿੱਚ ਹੀ ਰੋਜ਼ਗਾਰ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਨ ਉਪਰੰਤ ਪੰਜਾਬ ਦੇ ਬੱਚਿਆਂ ਦੇ ਹੱਥਾਂ ਵਿੱਚੋਂ ਟੀਕੇ ਛੁਡਵਾ ਕੇ ਉਨ੍ਹਾਂ ਦੇ ਹੱਥ ਟਿਫਨ ਫਡ਼ਾਏਗੀ ਅਤੇ ਉਨ੍ਹਾਂ ਨੂੰ ਕੰਮ ਧੰਦੇ ਲਾਇਆ ਜਾਵੇਗਾ।
ਮੋਹਾਲੀ ਹਲਕਾ ਵਿੱਚ ਪਹੁੰਚਣ ’ਤੇ ਉਮੀਦਵਾਰ ਕੁਲਵੰਤ ਸਿੰਘ ਨੇ ਭਗਵੰਤ ਮਾਨ ਨੂੰ ਜੀ ਆਇਆਂ ਆਖਿਆ ਅਤੇ ਵਿਸ਼ਵਾਸ ਦਿਵਾਇਆ ਕਿ ਮੋਹਾਲੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਈ ਜਾਵੇਗੀ ਅਤੇ ਇੱਥੋਂ ਭ੍ਰਿਸ਼ਟਾਚਾਰ, ਗੁੰਡਾਗਰਦੀ ਦਾ ਖ਼ਾਤਮਾ ਕਰਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਵਸੀਲੇ ਜੁਟਾਏ ਜਾਣਗੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਡਾ ਸੰਨੀ ਆਹਲੂਵਾਲੀਆ, ਪ੍ਰਭਜੋਤ ਕੌਰ, ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਕੌਂਸਲਰ ਗੁਰਮੀਤ ਕੌਰ, ਰਮਨਪ੍ਰੀਤ ਕੌਰ ਕੁੰਭਡ਼ਾ, ਸਰਬਜੀਤ ਸਿੰਘ ਸਮਾਣਾ, ਕੁਲਦੀਪ ਸਿੰਘ ਸਮਾਣਾ, ਸਟੇਟ ਐਵਾਰਡੀ ਫੂਲਰਾਜ ਸਿੰਘ, ਸੁਰਿੰਦਰ ਸਿੰਘ ਰੋਡਾ ਸੋਹਾਣਾ, ਕਮਲਜੀਤ ਕੌਰ ਸੋਹਾਣਾ ਸਾਬਕਾ ਕੌਂਸਲਰ, ਸਾਬਕਾ ਕੌਂਸਲਰ ਬੀਬੀ ਜਸਬੀਰ ਕੌਰ ਅੱਤਲੀ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਅਕਵਿੰਦਰ ਸਿੰਘ ਗੋਸਲ, ਹਰਮੇਸ਼ ਸਿੰਘ ਕੁੰਭਡ਼ਾ ਸਮੇਤ ਵੱਡੀ ਗਿਣਤੀ ਵਿਚ ਆਪ ਆਗੂ ਅਤੇ ਵਰਕਰ ਮੌਜੂਦ ਸਨ।
ਡੱਬੀ :
ਅਵਤਾਰ ਸਿੰਘ ਮੌਲ਼ੀ ਵੀ ਹੋਏ ‘ਆਪ’ ਵਿੱਚ ਸ਼ਾਮਿਲ :
ਆਮ ਆਦਮੀ ਪਾਰਟੀ ਉਮੀਦਵਾਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੀ ਭਰ੍ਹਵਾਂ ਹੁਲਾਰਾ ਮਿਲਿਆ ਜਦੋਂ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਮੌਲੀ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਨੂੰ ਸਮਰਥਨ ਦੇ ਦਿੱਤਾ ਅਤੇ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਕੁਲਵੰਤ ਸਿੰਘ ਨੇ ਅਵਤਾਰ ਸਿੰਘ ਮੌਲੀ ਦਾ ਸਾਥੀਆਂ ਸਮੇਤ ਪਾਰਟੀ ਵਿੱਚ ਸਵਾਗਤ ਕੀਤਾ।
No comments:
Post a Comment