ਮੋਹਾਲੀ,13 ਮਈ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਿਦਿਆਰਥੀਆਂ ਨਾਲ ਵਿਸ਼ੇਸ਼ ਰੂਬਰੂ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਤੇਲੰਗਾਨਾ ਦੇ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਮਾਲਾ ਰੈੱਡੀ ਨੇ ਕਿਹਾ ਕਿ ਸਾਡੇ ਦੇਸ਼ ਦੀ ਧਰਤੀ ਨੂੰ ਬਖਸ਼ਿਸ਼ ਪ੍ਰਾਪਤ ਹੈ, ਜਿਸ ਨੇ ਸੂਝਵਾਨ ਅਤੇ ਹੋਣਹਾਰ ਦਿਮਾਗਾਂ ਨੂੰ ਜਨਮ ਦਿੱਤਾ ਹੈ।ਸ਼੍ਰੀ ਰੈੱਡੀ ਨੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਮਿਆਰੀ ਸਿੱਖਿਆ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ, ਤਾਂ ਜੋ ਦੇਸ਼ ਨੂੰ ਹਰ ਸੰਭਵ ਤਰੀਕੇ ਨਾਲ ਵਿਸ਼ਵ ਦੇ ਸਿਖਰ ’ਤੇ ਲਿਆਉਂਦਾ ਜਾ ਸਕੇ।
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਸ਼ੇਸ਼ ਦੌਰੇ ’ਤੇ ਆਏ ਸ਼੍ਰੀ ਰੈਡੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ’ਵਰਸਿਟੀ ਦੀ ਫੈਕਲਟੀ ਨਾਲ ਆਧੁਨਿਕ ਸਿੱਖਿਆ ਅਤੇ ਤਕਨਾਲੋਜੀ ਦੇ ਅਹਿਮ ਪਹਿਲੂਆਂ ’ਤੇ ਚਰਚਾ ਕੀਤੀ। ਇਸ ਦੌਰਾਨ ਸ਼੍ਰੀ ਰੈਡੀ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ (ਟੀ.ਬੀ.ਆਈ) ਸੈਂਟਰ ਅਤੇ ਕਲਪਨਾ ਚਾਵਲਾ ਸੈਂਟਰ ਫਾਰ ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨਾਲੋਜੀ (ਕੇ.ਸੀ.ਸੀ.ਆਰ.ਐੱਸ.ਟੀ.) ਦਾ ਦੌਰਾ ਵੀ ਕੀਤਾ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਸਥਾਪਤ ਕੀਤੀਆਂ ਜਾ ਰਹੀਆਂ ਅਗਾਊਂ ਤਕਨਾਲੋਜੀ ਅਤੇ ਸਹੂਲਤਾਂ ਬਾਰੇ ਜਾਣਿਆ।ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ.ਬਾਵਾ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਤੇਲੰਗਾਨਾ ਨਾਲ ਸਬੰਧਤ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਆਯੋਜਿਤ ਇੱਕ ਵਿਸ਼ੇਸ਼ ਰੂਬਰੂ ਸੈਸ਼ਨ ’ਚ ਸ਼੍ਰੀ ਮਾਲਾ ਰੈਡੀ ਨੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਵਿਸ਼ਵ ਪੱਧਰੀ ਸਹੂਲਤਾਂ ਦਾ ਬਿਹਤਰੀਨ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।ਅਜੋਕੇ ਪਰਿਪੇਖ ਵਿਚ ਤਕਨਾਲੋਜੀ ਦੀ ਮਹੱਤਤਾ ਅਤੇ ਆਧੁਨਿਕਤਾ ਵੱਲ ਵਧ ਰਹੇ ਵਿਸ਼ਵ ਬਾਰੇ ਗੱਲ ਕਰਦਿਆਂ ਸ਼੍ਰੀ ਮਾਲਾ ਰੈਡੀ ਨੇ ਕਿਹਾ ਕਿ ਤਕਨਾਲੋਜੀ ਨੇ ਨਾ ਸਿਰਫ਼ ਮਨੁੱਖ ਦਾ ਜੀਵਨ ਪੱਧਰ ਉੱਚਾ ਚੁੱਕਿਆ ਹੈ, ਸਗੋਂ ਦੇਸ਼ ਅਤੇ ਵਿਸ਼ਵ ਦੇ ਵਿਕਾਸ ਦੇ ਖੇਤਰ ਵਿਚ ਵੀ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ।ਉਨ੍ਹਾਂ ਕਿਹਾ ਕਿ ਤਕਨਾਲੋਜੀ ਅਤੇ ਆਰਥਿਕ ਵਿਕਾਸ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਟੈਕਨਾਲੋਜੀ, ਨਵੇਂ ਗੈਜੇਟਸ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਣੇ ਕੈਰੀਅਰ ਦੇ ਵਾਧੇ ਅਤੇ ਹੁਨਰ ਨੂੰ ਨਿਖਾਰਨ ਲਈ ਅਜਿਹਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦੇ ਸਭ ਤੋਂ ਵੱਡੇ ਮੁਲਕਾਂ ਵਿੱਚੋਂ ਇੱਕ ਹੈ ਅਤੇ ਸਾਡੀ ਨੌਜਵਾਨ ਪੀੜ੍ਹੀ ਇਸ ਨੂੰ ਹਰ ਖੇਤਰ ਵਿੱਚ ਵਿਸ਼ਵ ਦੇ ਸਿਖਰ ’ਤੇ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ।
No comments:
Post a Comment