ਐਸ.ਏ.ਐਸ. ਨਗਰ 18 ਮਈ : ਬਾਗਬਾਨੀ ਵਿਭਾਗ, ਪੰਜਾਬ ਰਾਜ ਵਿੱਚ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਬਦਲ ਵਜੋਂ ਬਾਗਬਾਨੀ ਫਸਲਾਂ ਜਿਵੇਂ ਕਿ ਫਲ, ਸਬਜ਼ੀਆਂ ਤੇ ਫੁੱਲਾਂ ਆਦਿ ਦੀ ਕਾਸ਼ਤ ਨੂੰ ਵਧਾਉਣ ਲਈ ਜਿਮੀਦਾਰਾਂ ਦੀ ਭਲਾਈ ਵਾਸਤੇ ਕਈ ਸਕੀਮਾਂ ਲਾਗੂ ਕਰਕੇ ਉਤਸ਼ਾਹਿਤ ਕਰਦਾ ਆ ਰਿਹਾ ਹੈ ਤਾਂ ਕਿ ਰਾਜ ਵਿੱਚ ਖੇਤੀ ਵਿਭਿੰਨਤਾ ਅਧੀਨ ਨਾ ਸਿਰਫ ਕਿਸਾਨਾਂ ਦੀ ਆਮਦਨ ਵਧਾਈ ਜਾਵੇ, ਸਗੋਂ ਰਾਜ ਦੇ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਆਦਿ ਦੀ ਸੰਭਾਲ ਵੀ ਕੀਤੀ ਜਾ ਸਕੇ। ਇਸ ਨੂੰ ਮੁੱਖ ਰੱਖਦੇ ਹੋਇਆ ਬਾਗਬਾਨੀ ਵਿਭਾਗ ਵੱਲੋਂ ਫਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਲਈ ਖਾਸ ਤੌਰ ਤੇ ਛੋਟੇ ਅਤੇ ਸੀਮਾਂਤ ਜਿਮੀਦਾਰਾਂ ਲਈ ਉਨ੍ਹਾਂ ਦੇ ਖੇਤਾਂ ਵਿੱਚ ਹੀ ਛੋਟੇ ਕੋਲਡ ਰੂਮ (ਆਨ ਫਾਰਮ ਕੋਲਡ ਰੂਮ) ਸਕੀਮ ਅਧੀਨ ਬਲਾਕ ਖਰੜ, ਜਿਲ੍ਹਾ ਐਸ.ਏ.ਐਸ.ਨਗਰ ਦੇ ਅਗਾਂਹਵਧੂ ਬਾਗਬਾਨ ਸ਼੍ਰੀ ਜਸਵਿੰਦਰ ਸਿੰਘ ਗਰੇਵਾਲ, ਪਿੰਡ ਘਟੌਰ ਵੱਲੋਂ ਬਣਾਏ ਗਏ ਕੋਲਡ ਰੂਮ ਦਾ ਰਸਮੀ ਉਦਘਾਟਨ ਕੀਤਾ।
ਸ਼੍ਰੀਮਤੀ ਸ਼ੈਲਿੰਦਰ ਕੌਰ, ਆਈ.ਐਫ.ਐਸ., ਡਾਇਰੈਕਟਰ ਬਾਗਬਾਨੀ ਵੱਲੋਂ ਦੱਸਿਆ ਗਿਆ ਕਿ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਜਿਮੀਦਾਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆ ਆਨ ਫਾਰਮ ਕੋਲਡ ਰੂਮ ਸਕੀਮ ਸਬੰਧੀ ਪ੍ਰੋਪੋਜ਼ਲ ਭਾਰਤ ਸਰਕਾਰ ਨੂੰ ਮੁੱਖ ਸਕੱਤਰ, ਪੰਜਾਬ ਰਾਹੀਂ ਪ੍ਰਵਾਨਗੀ ਲਈ ਭੇਜੀ ਗਈ ਸੀ। ਸਰਕਾਰ ਵੱਲੋਂ ਇਸ ਸਕੀਮ ਦੀ ਸ਼ਲਾਘਾ ਕਰਦੇ ਹੋਏ ਵਿਭਾਗ ਨੂੰ ਫੰਡਜ਼ ਜਾਰੀ ਕੀਤੇ ਸਨ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਕੋਲਡ ਰੂਮ ਜਿਸ ਦੀ ਸਮਰੱਥਾ ਲਗਭਗ 3 ਮੀ.ਟਨ ਹੈ, ਵਿੱਚ ਲਗਭਗ ਸਾਰੀਆਂ ਹੀ ਬਾਗਬਾਨੀ ਫਸਲਾਂ ਵੱਖ-ਵੱਖ ਤਾਮਪਾਨ ਅਤੇ ਨਮੀ ਤੇ ਸਟੋਰ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਕੋਲਡ ਰੂਮਾਂ ਦੀ ਸਹਾਇਤਾ ਨਾਲ ਕਿਸਾਨ ਆਪਣੀਆਂ ਫਸਲਾਂ ਨੂੰ ਤੁੜਾਈ ਉਪਰੰਤ ਲੋੜ ਅਨੁਸਾਰ ਮੰਡੀਕਰਨ ਲਈ ਲੈ ਕੇ ਜਾ ਸਕਦਾ ਹੈ, ਜਿਸ ਕਰਕੇ ਮਾਰਕੀਟ ਵਿੱਚ ਕਿਸਾਨ ਆਪਣੀ ਫਸਲ ਦਾ ਚੰਗਾ ਮੁੱਲ ਪਾ ਸਕਦਾ ਹੈ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ। ਉਨ੍ਹਾਂ ਵੱਲੋਂ ਸਮੂਹ ਜਿਮੀਦਾਰਾਂ ਨੂੰ ਅਪੀਲ ਕੀਤੀ ਗਈ ਕਿ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਬਲਾਕ/ਜਿਲ੍ਹਾ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਗਾਂਹਵਧੂ ਜਿਮੀਦਾਰ ਸ਼੍ਰੀ ਜਸਵਿੰਦਰ ਸਿੰਘ ਗਰੇਵਾਲ, ਪਿੰਡ ਘਟੌਰ, ਖਰੜ ਵੱਲੋਂ ਦੱਸਿਆ ਗਿਆ ਕਿ ਆਪਣੇ ਖੇਤ ਦੀ ਉਪਜ ਦੇ ਨਾਲ-ਨਾਲ ਸਬਜ਼ੀ ਦੀ ਕਾਸ਼ਤ ਕਰਦੇ ਜਿਮੀਦਾਰਾਂ ਦੀ ਸਬਜ਼ੀ ਜਿਵੇਂ ਕੇ ਘੀਆ, ਕੱਦੂ, ਟਮਾਟਰ ਆਦਿ ਵੀ ਸਟੋਰ ਕਰ ਰਿਹਾ ਹੈ ਤਾਂ ਜੋ ਜਿਮੀਦਾਰ ਨੂੰ ਮਜਬੂਰੀ ਵਿੱਚ ਆਪਣੀ ਫਸਲ ਮੰਡੀ ਵਿੱਚ ਨਾ ਵੇਚਣੀ ਪਵੇ। ਜਿਮੀਦਾਰ ਨੇ ਇਹ ਵੀ ਦੱਸਿਆ ਕਿ ਵਿਭਾਗ ਦੇ ਤਕਨੀਕੀ ਅਧਿਕਾਰੀ ਅਤੇ ਫੀਲਡ ਸਟਾਫ ਲਗਾਤਾਰ ਉਨ੍ਹਾਂ ਦੇ ਫਾਰਮ ਦੀ ਵਿਜ਼ਿਟ ਕਰਦੇ ਹਨ ਅਤੇ ਫਸਲਾਂ ਸਬੰਧੀ ਐਡਵਾਇਜ਼ਰੀ ਵੀ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਵੱਲੋਂ ਲਗਭਗ 10000 ਸੁਕੇਅਰ ਮੀਟਰ ਦੇ ਪੌਲੀਹਾਊਸਾਂ ਵਿੱਚੋਂ ਬਹੁਤ ਚੰਗਾ ਮੁਨਾਫਾ ਕਮਾਇਆ ਹੈ। ਡਾਇਰੈਕਟਰ ਬਾਗਬਾਨੀ, ਪੰਜਾਬ ਜੀ ਵੱਲੋਂ ਜਿਮੀਦਾਰ ਦੇ ਇਸ ਨਿਵੇਕਲੀ ਪਹਿਲ ਦੀ ਪ੍ਰਸੰਸ਼ਾ ਕਰਦੇ ਹੋਏ ਸਬੰਧਤ ਤਕਨੀਕੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਪਿੰਡ ਨੂੰ ਸਬਜ਼ੀਆਂ ਦੇ ਕਲੱਸਟਰ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇ ਤਾਂ ਜੋ ਇਸ ਇਲਾਕੇ ਦੇ ਜਿਮੀਦਾਰਾਂ ਨੂੰ ਮੰਡੀਕਰਨ ਸਬੰਧੀ ਕੋਈ ਮੁਸ਼ਕਿਲ ਨਾ ਆਵੇ। ਡਾਇਰੈਕਟਰ ਬਾਗਬਾਨੀ, ਪੰਜਾਬ ਜੀ ਨੇ ਇਹ ਵੀ ਦੱਸਿਆ ਕਿ ਬਾਗਬਾਨੀ ਵਿਭਾਗ ਨੇ ਬਾਗਬਾਨੀ ਫਸਲਾਂ ਦੇ ਮੰਡੀਕਰਨ ਲਈ ਜਿਮੀਦਾਰਾਂ ਨੂੰ 51 ਮੋਬਾਇਲ ਈ-ਵੈਡਿੰਗ ਕਾਰਟ ਵੀ ਸਬਸਿਡੀ ਤੇ ਉਪਲੱਭਧ ਕਰਵਾਏ ਹਨ, ਜੋ ਕਿ ਜਿਮੀਦਾਰਾਂ ਦੇ ਆਰਥਿਕ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਸਿੱਧ ਹੋਏ ਹਨ।
ਇਸ ਤੋਂ ਇਲਾਵਾ ਇਸ ਸਮਾਰੋਹ ਵਿੱਚ ਵੱਖ-ਵੱਖ ਜਿਲ੍ਹਿਆਂ ਜਿਵੇਂ ਕਿ ਲੁਧਿਆਣਾ, ਰੂਪਨਗਰ ਤੋਂ ਪਹੁੰਚੇ ਵਿਭਾਗ ਦੇ ਤਕਨੀਕੀ ਸਟਾਫ ਨੇ ਅਗਾਂਹਵਧੂ ਜਿਮੀਦਾਰਾਂ ਸਮੇਤ ਭਾਗ ਲਿਆ ਅਤੇ ਜਿਮੀਦਾਰਾਂ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਚੱਲ ਰਹੀਆਂ ਸਕੀਮਾਂ ਸਬੰਧੀ ਗੋਸ਼ਟੀ ਵੀ ਕੀਤੀ ਗਈ। ਮੌਕੇ ਤੇ ਆਏ ਕਿਸਾਨਾਂ ਵੱਲੋਂ ਡਾਇਰੈਕਟਰ ਬਾਗਬਾਨੀ, ਪੰਜਾਬ ਜੀ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਲਿਆਂਦੇ ਗਏ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਗਈ ਅਤੇ ਵਿਭਾਗ ਦੇ ਤਕਨੀਕੀ ਅਫਸਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਪ੍ਰਤੀ ਸਹਿਮਤੀ ਜਤਾਈ ਗਈ। ਜਿਲ੍ਹਾ ਲੁਧਿਆਣਾ ਤੋਂ ਅਗਾਂਹਵਧੂ ਕਿਸਾਨ ਸ਼੍ਰੀ ਲਖਵਿੰਦਰ ਸਿੰਘ, ਪਿੰਡ ਪੰਜੇਟਾ, ਜਿਲ੍ਹਾ ਲੁਧਿਆਣਾ ਵੱਲੋਂ ਪੈਕ ਹਾਊਸ ਦੀ ਮੰਗ ਕੀਤੀ ਗਈ। ਇਸ ਸਬੰਧੀ ਦੱਸਿਆ ਗਿਆ ਕਿ ਪੈਕ ਹਾਊਸ ਲਈ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਸਬਸਿਡੀ ਦਾ ਉਪਬੰਧ ਹੈ। ਇਸ ਸਬੰਧੀ ਜਿਮੀਦਾਰ ਵਿਭਾਗ ਦੁਆਰਾ ਤੈਅ ਕੀਤੀਆਂ ਸਪੈਸੀਫਿਕੇਸ਼ਨਾਂ ਅਨੁਸਾਰ ਪੈਕ ਹਾਊਸ ਤਿਆਰ ਕਰਕੇ ਵਿਭਾਗ ਪਾਸੋਂ ਸਬਸਿਡੀ ਲਈ ਅਪਲਾਈ ਕਰ ਸਕਦਾ ਹੈ। ਅਗਾਂਹਵਧੂ ਕਿਸਾਨ ਸ਼੍ਰੀ ਹਰਦੀਪ ਸਿੰਘ ਕਿੰਗਰਾ ਵੱਲੋਂ ਹਾਜ਼ਰ ਸਮੂਹ ਜਿਮੀਦਾਰਾਂ ਨੂੰ ਬੇਨਤੀ ਕੀਤੀ ਕਿ ਆਪਣੀ ਉਪਜ ਦਾ ਸਹੀ ਮੁੱਲ ਪਾਉਣ ਲਈ ਇਸ ਦੀ ਸੁਚੱਜੀ ਮਾਰਕੀਟਿੰਗ ਵੱਲ ਖਾਸ ਧਿਆਨ ਦਿੱਤਾ ਜਾਵੇ ਅਤੇ ਵਿਭਾਗ ਵੱਲੋਂ ਇਸ ਨਿਵੇਕਲੇ ਪ੍ਰੋਜੈਕਟ ਆਨ ਫਾਰਮ ਕੋਲਡ ਰੂਮ ਦਾ ਫਾਇਦਾ ਜਰੂਰ ਲਿਆ ਜਾਵੇ।
ਇਸ ਸਮਾਰੋਹ ਵਿੱਚ ਸ਼੍ਰੀ ਦਨੇਸ਼ ਕੁਮਾਰ, ਉਪ ਡਾਇਰੈਕਟਰ ਬਾਗਬਾਨੀ, ਸ਼੍ਰੀ ਹਰਮੇਲ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ, ਡਾ. ਦਲਜੀਤ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ-ਕਮ-ਪ੍ਰੋਜੈਕਟ ਅਫਸਰ, ਸੀ.ਓ.ਈ, ਕਰਤਾਰਪੁਰ, ਡਾ. ਬਲਵਿੰਦਰ ਸਿੰਘ, ਪ੍ਰੋਜੈਕਟ ਅਫਸਰ, ਸੀ.ਓ.ਈ, ਖਨੌੜਾ, ਹੁਸ਼ਿਆਰਪੁਰ, ਸ਼੍ਰੀ ਬਿਕਰਮਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ ਅਤੇ ਸ਼੍ਰੀ ਰਵੀਪਾਲ ਸਿੰਘ, ਬਾਗਬਾਨੀ ਵਿਕਾਸ ਅਫਸਰ (ਪ੍ਰੋਜੈਕਟ) ਸ਼ਾਮਲ ਹੋਏ।
No comments:
Post a Comment