ਐਸ.ਏ.ਐਸ.ਨਗਰ 04.ਮਈ : ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਡਾ. ਰਾਜੇਸ ਕੁਮਾਰ ਰਹੇਜਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਾਲ ਗਰਮੀ ਦੇ ਮੌਸਮ ਵਿੱਚ ਅਚਾਨਕ ਤਾਪਮਾਨ ਵਿੱਚ ਭਾਰੀ ਤਬਦੀਲੀ ਆਉਣ ਨਾਲ ਕਿਸਾਨ ਥੋੜ੍ਹਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਤਜਰੀਹ ਦੇਣ ਅਤੇ ਝੋਨੇ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਕਰੀ ਕੇਂਦਰਾਂ ਤੋਂ ਖ੍ਰੀਦਿਆ ਜਾ ਸਕਦਾ ਹੈ ।
ਉਨ੍ਹਾਂ ਕਿਹਾ ਕਿ ਪੀ.ਆਰ. 130 ਅਤੇ ਪੀ.ਆਰ.131 ਯੂਨੀਵਰਸਿਟੀ ਵੱਲੋਂ ਨਵੀਂ ਕਿਸਮ ਵਿਕਸਤ ਕੀਤੀ ਹੈ ਇਹ ਦੋਵੇਂ ਕਿਸਮਾਂ ਝੁਲਸ ਰੋਗ ਦੇ 10 ਬਿਮਾਰੀਆਂ ਦਾ ਟਾਕਰਾ ਕਰਨ ਵਿੱਚ ਸਮੱਰਥ ਹਨ ਪ੍ਰੰਤੂ ਇਨ੍ਹਾਂ ਕਿਸਮਾਂ ਨੂੰ ਵੱਡੇ ਪੱਧਰ ਤੇ ਨਾ ਬੀਜਿਆ ਜਾਵੇ ਕਿਉਂ ਜੋ ਇਨ੍ਹਾਂ ਕਿਸਮਾਂ ਦੀ ਬਿਜਾਈ ਉਪਰੰਤ ਪਹਿਲੀ ਵਾਰ ਫੀਲਡ ਵਿੱਚ ਨਤੀਜੇ ਪ੍ਰਾਪਤ ਹੋਣਗੇ। ਨਤੀਜਿਆਂ ਉਪਰੰਤ ਹੀ ਅਗਲੇ ਸਾਲਾਂ ਵਿੱਚ ਇਨ੍ਹਾਂ ਕਿਸਮਾਂ ਦੀ ਬਿਜਾਈ ਲਈ ਰਕਬਾ ਵਧਾਉਣ ਲਈ ਵਿਚਾਰਨਾ ਯੋਗ ਹੋਵੇਗਾ। ਇਸ ਤੋਂ ਇਲਾਵਾ ਪੀ.ਆਰ. 126 ਕਿਸਮ ਜੇਕਰ ਸਿੱਧੀ ਬਿਜਾਈ ਨਾਲ ਬੀਜੀ ਜਾਂਦੀ ਹੈ ਤਾਂ ਇਹ ਕਿਸਮ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਜਿਸ ਨਾਲ 4 ਤੋਂ 5 ਸਿੰਚਾਈਆਂ ਦੀ ਬੱਚਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੀ.ਆਰ.126 ਕਿਸਮ ਜੇਕਰ ਕੱਦੂ ਨਾਲ ਲਗਾਉਣੀ ਹੈ ਤਾਂ ਇਸ ਕਿਸਮ ਨੂੰ 5 ਜੂਨ ਤੋਂ ਪਨੀਰੀ ਲਈ ਬੀਜਿਆ ਜਾ ਸਕਦਾ ਹੈ ਅਤੇ 25 ਦਿਨਾਂ ਦੀ ਪਨੀਰੀ ਨੂੰ ਹੀ ਕੱਦੂ ਕਰਕੇ ਖੇਤਾਂ ਵਿੱਚ ਲਗਾਇਆ ਜਾਵੇ। ਪੀ.ਆਰ.126 ਦੀ ਪਨੀਰੀ ਕਿਸੇ ਵੀ ਹਾਲ ਵਿੱਚ 25 ਦਿਨ ਤੋਂ ਬਾਅਦ ਨਾ ਲਗਾਈ ਜਾਵੇ, ਕਿਉਂਕਿ ਗੰਢਾਂ ਬਣ ਜਾਣ ਨਾਲ ਇਸ ਦੀਆਂ ਸ਼ਾਖਾਵਾਂ ਘੱਟ ਫੁੱਟਦੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਪ੍ਰਮਾਣਿਤ ਅਤੇ ਤਸਦੀਕ ਸ਼ੁਦਾ ਬੀਜ ਕਿਸਾਨ ਵੀਰ ਨਿਰਧਾਰਿਤ ਰੇਟ ਤੇ ਬਿਲ ਸਮੇਤ ਲਾਇਸੈਂਸ ਸ਼ੁਦਾ ਵਿਕਰੀ ਕੇਂਦਰਾਂ ਤੋਂ ਪ੍ਰਾਪਤ ਕਰਨ ਅਤੇ ਬਿਲ ਜ਼ਰੂਰ ਸੰਭਾਲ ਕਿ ਰੱਖਣ। ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਰਾਹੀਂ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਲਈ ਹਰ ਕਿਸਾਨ ਵੀਰ ਨੂੰ 1/3 ਹਿੱਸੇ ਵਿੱਚ ਸਿੱਧੀ ਬਿਜਾਈ ਜ਼ਰੂਰ ਕਰਨ ਲਈ ਅਪੀਲ ਕੀਤੀ ਗਈ ਹੈ | ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਵਿਸ਼ੇਸ਼ ਨੁਕਤੇ ਖੇਤੀ ਮਾਹਿਰਾਂ ਨਾਲ ਸਲਾਹ ਕਰਦੇ ਹੋਏ ਅਮਲ ਵਿੱਚ ਲਿਆਉਣ ਦੀ ਅਪੀਲ ਵੀ ਕੀਤੀ ਗਈ। ਇਸ ਤਰ੍ਹਾਂ ਸਿੰਚਾਈ ਪਾਣੀ ਦੀ ਬੱਚਤ ਦੇ ਨਾਲ ਨਾਲ ਮੀਂਹ ਦਾ ਪਾਣੀ ਵੀ ਮਿੱਟੀ ਵਿੱਚ ਜਜਬ ਹੋ ਸਕੇਗਾ । ਹਲਕੀਆਂ ਅਤੇ ਰੇਤਲੀਆਂ ਮਸ਼ੀਨਾਂ ਵਿੱਚ ਸਿੱਧੀ ਬਿਜਾਈ ਤੋਂ ਗੁਰੇਜ ਕੀਤਾ ਜਾਵੇ ਅਤੇ ਤਕਨੀਕੀ ਸਲਾਹ ਲਈ ਖੇਤੀ ਮਾਹਿਰਾਂ ਨਾਲ ਜ਼ਰੂਰ ਰਾਬਤਾ ਰੱਖਿਆ ਜਾਵੇ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ ਦੇ ਫੀਲਡ ਅਧਿਕਾਰੀਆਂ ਨੂੰ ਪਿੰਡਾਂ ਦੀ ਤਕਸੀਮ ਕਰ ਦਿੱਤੀ ਗਈ ਹੈ ਅਤੇ ਇਹ ਅਧਿਕਾਰੀ ਪੋਰਟਲ ਤੇ ਸਿੱਧੀ ਬਿਜਾਈ ਦੀ ਕਿਸਾਨ ਦੀ ਰਜਿਸਟ੍ਰੇਸ਼ਨ ਕਰਨਗੇ ਅਤੇ ਕਿਸਾਨ 1500 ਰੁਪਏ ਪ੍ਰਤੀ ਏਕੜ ਦੀ ਦਰ ਨਾਲ ਸਿੱਧੀ ਬਿਜਾਈ ਦਾ ਡੀ.ਬੀ.ਟੀ. ਰਾਹੀਂ ਲਾਹਾ ਲੈ ਸਕਣਗੇ।
No comments:
Post a Comment