ਡਾ. ਆਦਰਸ਼ਪਾਲ ਕੌਰ ਨੇ ਪ੍ਰੋਗਰਾਮ ਅਫ਼ਸਰਾਂ ਨਾਲ ਕੀਤੀ ਮੀਟਿੰਗ, ਕੰਮਾਂ ਦੀ ਸਮੀਖਿਆ
ਐਸ.ਏ.ਐਸ ਨਗਰ, 27 ਮਈ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਤਮਾਮ ਸਿਹਤ ਪ੍ਰੋਗਰਾਮ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਚੱਲ ਰਹੇ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਬਿਹਤਰ ਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਵੱਖ-ਵੱਖ ਸੂਬਾਈ ਤੇ ਕੌਮੀ ਸਿਹਤ ਪ੍ਰੋਗਰਾਮਾਂ ਤੇ ਯੋਜਨਾਵਾਂ ਸਬੰਧੀ ਸਮੀਖਿਆ ਬੈਠਕ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਆਖਿਆ ਕਿ ਕਿਸੇ ਵੀ ਸਿਹਤ ਪ੍ਰੋਗਰਾਮ ਅਤੇ ਯੋਜਨਾ ਨੂੰ ਲਾਗੂ ਕਰਨ ’ਚ ਢਿੱਲਮੱਠ ਜਾਂ ਕੁਤਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਨਾਲ ਸਬੰਧਤ ਕੋਈ ਵੀ ਕੰਮ ਕਿਸੇ ਵੀ ਅਧਿਕਾਰੀ ਦੇ ਦਫ਼ਤਰ ਵਿਚ ਲਟਕਿਆ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਰ ਦਫ਼ਤਰੀ ਕੰਮ ਸਮੇਂ ਸਿਰ ਮੁਕੰਮਲ ਕਰ ਕੇ ਉਸ ਦੀ ਰੀਪੋਰਟ ਉੱਚ-ਅਧਿਕਾਰੀਆਂ ਨੂੰ ਭੇਜੀ ਜਾਵੇ। ਜੇ ਕਿਸੇ ਅਰਜ਼ੀ ਵਿਚ ਕੋਈ ਕਮੀ ਹੈ ਜਾਂ ਹੋਰ ਕਾਗ਼ਜ਼ਾਂ ਦੀ ਲੋੜ ਹੈ ਤਾਂ ਬਿਨੈਕਾਰ ਨੂੰ ਸਮੇਂ ਸਿਰ ਸੂਚਿਤ ਕੀਤਾ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਹਰ ਅਰਜ਼ੀ ਦਾ ਨਿਪਟਾਰਾ ਤੈਅ ਸਮੇਂ ਦੇ ਅੰਦਰ-ਅੰਦਰ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਅਧਿਕਾਰੀ ਵਲੋਂ ਅਪਣੀ ਡਿਊਟੀ ’ਚ ਅਣਗਹਿਲੀ ਜਾਂ ਕੰਮ ’ਚ ਬੇਲੋੜੀ ਦੇਰੀ ਕਰਨ ’ਤੇ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਾ. ਆਦਰਸ਼ਪਾਲ ਕੌਰ ਨੇ ਅੱਗੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਤੇ ਸੁਚੱਜੀਆਂ ਸਿਹਤ ਸੇਵਾਵਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਲਈ ਹਰ ਅਧਿਕਾਰੀ ਅਪਣਾ ਫ਼ਰਜ਼ ਤੇ ਜ਼ਿੰਮੇਵਾਰੀ ਪੂਰੀ ਤਨਦੇਹੀ, ਈਮਾਨਦਾਰੀ ਤੇ ਲਗਨ ਨਾਲ ਨਿਭਾਏ। ਉਨ੍ਹਾਂ ਟੀਕਾਕਰਨ, ਜਨਮ ਅਤੇ ਮੌਤ ਸਰਟੀਫ਼ੀਕੇਟ, ਮੁਫ਼ਤ ਦਵਾਈਆਂ, ਖ਼ੁਰਾਕ ਸੁਰੱਖਿਆ, ਕੌਮੀ ਮਾਨਸਿਕ ਸਿਹਤ ਪ੍ਰੋਗਰਾਮ, ਓਟ ਕਲੀਨਿਕ, ਸਰਬੱਤ ਸਿਹਤ ਬੀਮਾ ਯੋਜਨਾ, ਜਨਨੀ ਸੁਰੱਖਿਆ ਯੋਜਨਾ, 108 ਐਂਬੂਲੈਂਸ ਸੇਵਾ, ਨੈਸ਼ਨਲ ਵੈਕਟਰ ਬੌਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਸਮੇਤ ਤਮਾਮ ਪ੍ਰੋਗਰਾਮਾਂ ਤੇ ਯੋਜਨਾਵਾਂ ਦੀ ਸਮੀਖਿਆ ਕੀਤੀ।
ਸਿਵਲ ਸਰਜਨ ਨੇ ਕਿਹਾ ਕਿ ਪ੍ਰੋਗਰਾਮ ਅਫ਼ਸਰ ਯਕੀਨੀ ਬਣਾਉਣ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਚੰਗੀਆਂ ਓਪੀਡੀ (ਆਊਟ ਪੇਸ਼ੰਟ ਡਿਪਾਰਟਮੈਂਟ) ਤੇ ਐਮਰਜੈਂਸੀ ਸੇਵਾਵਾਂ ਦੇਣ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਹਰ ਸਰਕਾਰੀ ਸੰਸਥਾ ਵਿਚ ਜ਼ਰੂਰੀ ਤੇ ਐਮਰਜੈਂਸੀ ਦਵਾਈਆਂ ਦੀ ਕਮੀ ਨਹੀਂ ਹੋਣੀ ਚਾਹੀਦੀ। ਮਰੀਜ਼ਾਂ ਨੂੰ ਬਾਹਰੋਂ ਮਿਲਣ ਵਾਲੀਆਂ ਦਵਾਈਆਂ ਨਾ ਲਿਖੀਆਂ ਜਾਣ ਅਤੇ ਹਸਪਤਾਲ ਦੀ ਫ਼ਾਰਮੇਸੀ ਵਿਚ ਉਪਲਭਧ ਦਵਾਈਆਂ ਦਿਤੀਆਂ ਜਾਣ।
ਮੀਟਿੰਗ ਵਿਚ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਜ਼ਿਲ੍ਹਾ ਪਰਵਾਰ ਨਿਯੋਜਨ ਅਫ਼ਸਰ ਡਾ. ਨਿਧੀ ਕੌਸ਼ਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਕਸ਼ੇ ਕੁਮਾਰ, ਡਾ. ਵਿਕਰਾਂਤ ਨਾਗਰਾ, ਡਾ. ਹਰਮਨਦੀਪ ਕੌਰ, ਲੇਖਾਕਾਰ ਅਜੇ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਸਨ।
No comments:
Post a Comment