ਪਦਮਸ੍ਰੀ ਜਗਜੀਤ ਸਿੰਘ ਦਰਦੀ ਦੇ ਸਨਮਾਨ ਲਈ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਵਿੱਤ ਮੰਤਰੀ ਨੇ ਕੀਤੀ ਸ਼ਿਰਕਤ
ਐਸ.ਏ.ਐਸ.ਨਗਰ, 21 ਮਈ : ਪੰਜਾਬ ਦੇ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਸ਼ਨਿਚਰਵਾਰ ਨੂੰ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿਖੇ ਦਿਸ਼ਾ ਵੂਮੈਨ ਵੈੱਲਫੈਅਰ ਟਰੱਸਟ ਵੱਲੋਂ ਸੀਨੀਅਰ ਪੱਤਰਕਾਰ ਸ. ਜਗਜੀਤ ਸਿੰਘ ਦਰਦੀ ,ਚੇਅਰਮੈਨ ਚੜਦੀਕਲਾ ਟਾਈਮ ਟੀਵੀ ਅਤੇ ਚੜਦੀਕਲਾ ਗਰੁੱਪ ਆਫ ਨਿਊਜ਼ਪੇਪਰਜ਼ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕਰਨ ਲਈ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮੇਂ ਦੇ ਨਾਲ ਸਮਾਜ ਬਦਲਦਾ ਰਹਿੰਦਾ ਹੈ। ਇਸ ਸਥਿਤੀ ਵਿੱਚ ਮੀਡੀਆ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਅਗਵਾਈ ਕਰਦਾ ਹੈ, ਇਸੇ ਲਈ ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਵੀ ਮੰਨਿਆ ਜਾਂਦਾ ਹੈ। ਉਨਾਂ ਕਿਹਾ ਕਿ ਪ੍ਰੈਸ ਸਮਾਜ ਦਾ ਸ਼ੀਸ਼ਾ ਹੈ ਅਤੇ ਸਮਾਜ ਦੀ ਅਸਲ ਤਸਵੀਰ ਪੇਸ਼ ਕਰਨਾ ਇਸਦਾ ਫਰਜ਼ ਹੈ। ਉਨਾਂ ਕਿਹਾ ਕਿ ਮੀਡੀਆ ਨੂੰ ਸਮਾਜ ਨਾਲ ਜੋੜ ਕੇ ਆਮ ਆਦਮੀ ਦੀ ਆਵਾਜ਼ ਬਣਨਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਮੀਡੀਆ ਨੇ ਵੀ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਹੈ। ਉਨਾਂ ਕਿਹਾ ਕਿ ਮੀਡੀਆ ਹੀ ਦੇਸ਼ ਦੇ ਲੋਕਾਂ ਦੀ ਦੁਰਦਸ਼ਾ ਤੇ ਬੇਬਸੀ ਨੂੰ ਦਰਸਾਉਂਦਾ ਹੈ ਅਤੇ ਉਨਾਂ ਨੂੰ ਆਜ਼ਾਦੀ ਦੀ ਲੜਾਈ ਲਈ ਪ੍ਰੇਰਿਤ ਕਰਦਾ ਹੈ। ਉਨਾਂ ਕਿਹਾ ਕਿ ਮੀਡੀਆ ਦੀ ਭੂਮਿਕਾ ਸਾਡੇ ਸਮਾਜ ਵਿੱਚ ਵੱਧ ਰਹੇ ਅਪਰਾਧਾਂ ਦੇ ਮੱਦੇਨਜ਼ਰ ਹੋਰ ਸਮਝਦਾਰੀ ਅਤੇ ਲਗਨ ਨਾਲ ਕੰਮ ਕਰਨਾ ਹੈ।
ਇਸ ਮੌਕੇ ਮੰਤਰੀ ਨਾਲ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਵਿਧਾਇਕ ਡੇਰਾਬਸੀ ਸ੍ਰੀ ਕੁਲਜੀਤ ਸਿੰਘ ਰੰਧਾਵਾ, ਵਿਧਾਇਕ ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ ਅਤੇ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੀ ਹਾਜ਼ਰ ਸਨ।
ਇਸ ਮੌਕੇ ਸੀਨੀਅਰ ਜਰਨਲਿਸਟ ਸ੍ਰੀ ਜਗਜੀਤ ਸਿੰਘ ਦਰਦੀ ਦੇ ਜੀਵਨ ਅਤੇ ਸੰਘਰਸ਼ ਬਾਰੇ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਸ੍ਰੀ ਦਰਦੀ ਨੇ ਪੱਤਰਕਾਰੀ ਵਿੱਚ ਆਪਣਾ ਤਜਰਬਾ ਵੀ ਸਾਂਝਾ ਕੀਤਾ।
-------------
No comments:
Post a Comment