ਸਿਹਤ ਵਿਭਾਗ ਵੱਲੋਂ ਦੰਦਾਂ, ਅੱਖਾਂ ਅਤੇ ਕੰਨਾਂ ਦਾ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ
ਐਸ ਏ ਐਸ ਨਗਰ 30 ਜੁਲਾਈ : ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਦੇ ਨਿਰਦੇਸ਼ਾਂ ਹੇਠ ਅਤੇ ਸਕੱਤਰ ਕਿਰਤ ਵਿਭਾਗ ਸ੍ਰੀ ਮਨਵੇਸ਼ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਪਿੰਡ ਨਵਾਂ ਗਰਾਉਂ ਵਿਖੇ ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਨ ਅਤੇ ਉਨ੍ਹਾਂ ਦੀ ਭਲਾਈ ਲਈ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ । ਇਸ ਮੌਕੇ ਸਿਹਤ ਵਿਭਾਗ ਵੱਲੋਂ ਦੰਦਾਂ, ਅੱਖਾਂ ਅਤੇ ਕੰਨਾਂ ਦਾ ਮੁਫ਼ਤ ਮੈਡੀਕਲ ਚੈੱਕਅੱਪ ਲਈ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਵੱਡੀ ਗਿਣਤੀ ਵਿਚ ਉਸਾਰੀ ਕਿਰਤੀਆਂ ਅਤੇ ਮਜ਼ਦੂਰਾਂ ਨੇ ਕੈਂਪ ਦੌਰਾਨ ਆਪਣਾ ਨਾਮ ਦੀ ਰਜਿਸਟ੍ਰੇਸ਼ਨ ਕਰਵਾਈ। ਇਸ ਮੌਕੇ ਕਿਰਤ ਕਮਿਸ਼ਨਰ ਸ੍ਰੀ ਅਰੁਣ ਸੇਖੜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਇਸ ਮੌਕੇ ਉਸਾਰੀ ਕਿਰਤੀਆਂ ਅਤੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਕੱਤਰ ਕਿਰਤ ਵਿਭਾਗ ਸ੍ਰੀ ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਖਰੜ ਹਲਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੱਲੋਂ ਇਲਾਕੇ ਦੇ ਉਸਾਰੀ ਕਿਰਤੀਆਂ ਤੇ ਮਜ਼ਦੂਰਾਂ ਦੀ ਭਲਾਈ ਲਈ ਖਾਸ ਤੌਰ ਤੇ ਇਹ ਕੈਂਪ ਆਯੋਜਿਤ ਕੀਤਾ ਗਿਆ ਹੈ । ਇਸ ਮੌਕੇ ਸਿਹਤ ਵਿਭਾਗ ਵੱਲੋਂ ਵੀ ਉਸਾਰੀ ਕਿਰਤੀਆਂ ਅਤੇ ਆਮ ਲੋਕਾਂ ਦੀ ਮੈਡੀਕਲ ਜਾਂਚ ਸਬੰਧੀ ਮੁਫ਼ਤ ਕੈਂਪ ਲਗਾਇਆ ਗਿਆ । ਜਿਸ ਵਿਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀ ਬੀਮਾਰੀਆਂ ਦਾ ਚੈੱਕਅਪ ਕਰ ਕੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਲਈ ਵੱਖ ਵੱਖ ਸਕੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਮੂਹ ਕਿਰਤੀਆਂ ਦੀ ਵਿਭਾਗ ਵਲੋਂ ਰਜਿਸਟਰੇਸ਼ਨ ਕੀਤੀ ਜਾਵੇਗੀ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਸਮੂਹ ਸਕੀਮਾਂ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਕਿਰਤੀਆਂ ਦੀਆਂ 2 ਧੀਆਂ ਦੇ ਵਿਆਹ ਲਈ ਸ਼ਗਨ ਸਕੀਮ ਅਧੀਨ 65 ਹਜ਼ਾਰ ਰੁਪਏ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਐਕਸਗ੍ਰੇਸ਼ੀਆਂ ਸਕੀਮ ਤਹਿਤ ਕਿਰਤੀ ਦੀ ਦੁਰਘਟਨਾ ਸਮੇਂ ਮੌਤ ਹੋ ਜਾਣ ਨਾਲ ਰਾਸ਼ੀ 4 ਲੱਖ ਰੁਪਏ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਉਸਾਰੀ ਕਿਰਤੀ ਜਿਸ ਨੇ ਪਿਛਲੇ 12 ਮਹੀਨਿਆਂ ਵਿਚ 90 ਦਿਨਾਂ ਤੋਂ ਵੱਧ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ ਅਤੇ ਉਸ ਦੀ ਉਮਰ 18-60 ਸਾਲਾਂ ਵਿਚਕਾਰ ਹੋਵੇ ਉਹ ਵਿਅਕਤੀ ਲਾਭਪਾਤਰੀ ਬਣ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਆਨਲਾਈਨ ਅਰਜ਼ੀ ਨੇਡ਼ੇ ਦੇ ਸੇਵਾ ਕੇਂਦਰਾਂ ਵਿਚ ਸਮੇਤ ਰਜਿਸਟ੍ਰੇਸ਼ਨ ਫੀਸ ਵਜੋਂ 25 ਰੁਪਏ ਅਤੇ 10 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 1 ਸਾਲ ਤੋਂ 3 ਸਾਲ ਤਕ ਲਈ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਉਪਰੰਤ ਉਸਾਰੀ ਕਿਰਤੀ ਨੂੰ ਵਜ਼ੀਫ਼ਾ ਸਕੀਮ, ਸ਼ਗਨ ਸਕੀਮ,ਐਕਸਗ੍ਰੇਸ਼ੀਆ ਸਕੀਮ, ਯਾਤਰਾ ਭੱਤਾ, ਐਨਕਾਂ, ਦੰਦਾਂ ਅਤੇ ਸੁਣਨ ਯੰਤਰ ਅਤੇ ਹੋਰ ਸਕੀਮਾਂ ਆਦਿ ਦਾ ਲਾਭ ਮਿਲਦਾ ਹੈ । ਉਨ੍ਹਾਂ ਦੱਸਿਆ ਕਿ ਇਹ ਕਿਰਤੀਆਂ ਵੱਲੋਂ ਲਾਭ ਲੈਣ ਲਈ ਸਰਕਾਰ ਵੱਲੋਂ ਜਲਦ ਹੀ ਇਕ ਐਪ ਵੀ ਲਾਂਚ ਕੀਤੀ ਜਾਵੇਗੀ । ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਉਸਾਰੀ ਕਿਰਤੀ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਲਾਭਪਾਤਰੀ ਬਣਾਇਆ ਜਾਵੇ। ਉਨ੍ਹਾਂ ਨੇ ਕਿਰਤੀ ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
ਇਸ ਮੌਕੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਦੇ ਨੁਮਾਇੰਦੇ ਜਸਪਾਲ ਮਾਨਖੇੜਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਜੋਕਿ ਕਿਰਤੀ ਕਾਮਿਆਂ, ਮਿਹਨਤਕਸ਼ ਮਜਦੂਰਾਂ ਦੀ ਭਲਾਈ ਲਈ ਵੱਚਨਬੱਧ ਹੈ। ਉਨ੍ਹਾਂ ਕਿਹਾ ਕਿ ਖਰੜ ਹਲਕੇ ਦੇ ਵਿਕਾਸ ਦੇ ਕੰਮ ਪਾਰਟੀਬਾਜੀ ਤੋਂ ਉਪਰ ਉਠ ਕੇ ਕੀਤੇ ਜਾਣਗੇ ਅਤੇ ਹਲਕੇ ਖਰੜ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਅਤੇ ਚੰਗਾ ਜੀਵਨ ਦੇਣ ਨੂੰ ਯਕੀਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਂਦੇ 5 ਸਾਲਾਂ ਵਿਚ ਖਰੜ ਹਲਕੇ ਨੂੰ ਨਵੀਂ ਨੁਹਾਰ ਤੇ ਨਵੀਂ ਦਿੱਖ ਦਿੱਤੀ ਜਾਵੇਗੀ।
ਇਸ ਮੌਕੇ ਲੇਬਰ ਕੋਰਡੀਨੇਟਰ ਰਘਬੀਰ ਸਿੰਘ ਨੇ ਕਿਰਤੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਜਲਦੀ ਰਜਿਸਟ੍ਰੇਸ਼ਨ ਕਰਨ ਲਈ ਕਿਹਾ । ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਆਮ ਜਨਤਾ ਅਤੇ ਉਸਾਰੀ ਕਿਰਤੀਆਂ ਲਈ ਚਾਹ ਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ । ਇਸ ਮੌਕੇ ਵਿਭਾਗ ਦੇ ਹੋਰ ਅਧਿਕਾਰੀ, ਕਰਮਚਾਰੀ, ਨਵਾਂ ਗਰਾਉਂ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਵੱਡੀ ਗਿਣਤੀ ਅਤੇ ਵਲੰਟੀਅਰ ਹਾਜ਼ਰ ਸਨ।
No comments:
Post a Comment