ਬਾਬਾ ਨੰਦ ਸਿੰਘ ਜੀ ਦੀ ਬਰਸੀ ਤੋਂ ਪਹਿਲਾਂ ਸੜਕ ਮੁਕੰਮਲ ਕਰਨ ਦੀ ਹਦਾਇਤ
ਜਗਰਾਉਂ, 20 ਅਗਸਤ : ਨਾਨਕਸਰ ਤੋਂ ਝੋਰੜਾਂ ਤੱਕ ਵਾਇਆ ਕਾਉਂਕੇ ਕਲਾਂ, ਡੱਲਾ, ਦੇਹੜਕਾ, ਮਾਣੂੰਕੇ ਆਦਿ ਪਿੰਡਾਂ ਵਿਚਕਾਰ ਦੀ ਲੰਘਦੀ 22.63 ਕਿਲੋ ਮੀਟਰ ਲੰਮੀ ਸੜਕ ਉਪਰ ਪ੍ਰੀਮਿਕਸ ਪਾ ਕੇ ਤਿਆਰ ਕਰਨ ਦਾ ਉਦਘਾਟਨ ਅੱਜ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਰੀਬਨ ਕੱਟਕੇ ਕੀਤਾ ਗਿਆ। ਇਹ ਸੜਕ ਮੰਡੀ ਬੋਰਡ ਪੰਜਾਬ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਕਿ ਗੁਰਦੁਆਰਾ ਨਾਨਕਸਰ ਵਿਖੇ ਰੋਜ਼ਾਨਾਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਆ ਕੇ ਮੱਥਾ ਟੇਕਦੇ ਨੇ ਅਤੇ ਅੱਗੇ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਆ ਰਹੇ ਹਨ।
ਇਸ ਲਈ ਬਰਸੀ ਸਮਾਗਮਾਂ ਤੋਂ ਪਹਿਲਾਂ-ਪਹਿਲਾਂ ਹਰ ਹਾਲਤ ਵਿੱਚ ਪ੍ਰੀਮਿਕਸ ਪਾ ਕੇ ਸੜਕ ਤਿਆਰ ਕੀਤੀ ਜਾਵੇ, ਤਾਂ ਜੋ ਬਰਸੀ ਸਮਾਗਮਾਂ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾਂ ਨਾ ਕਰਨਾ ਪਵੇ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜੰਗੀ ਪੱਧਰ ਤੇ ਵਿਕਾਸ ਕਾਰਜਾਂ ਵਿੱਚ ਜੁਟੀ ਹੋਈ ਹੈ ਅਤੇ ਜੋ ਵੀ ਸੜਕਾਂ ਟੁੱਟ ਚੁੱਕੀਆਂ ਸਨ, ਉਹਨਾਂ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾ ਰਿਹਾ ਹੈ ਅਤੇ ਜੋ ਸੜਕਾਂ 9 ਫੁੱਟ ਚੌੜੀਆਂ ਬਣੀਆਂ ਸਨ, ਉਹਨਾਂ ਨੂੰ ਵੀ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾਂ ਨਾ ਕਰਨਾ ਪਵੇ। ਵਿਧਾਇਕਾ ਨੇ ਆਖਿਆ ਕਿ ਮਾਨਯੋਗ ਮੁੱਖ ਮੰਤਰੀ ਵੱਲੋਂ ਸੰਗਤਾਂ ਦੀ ਸ਼ਰਧਾ ਅਤੇ ਸਤਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਚੌੜੀਆਂ ਅਤੇ ਨਵੀਂਆਂ ਬਨਾਉਣ ਲਈ ਯਤਨ ਆਰੰਭ ਦਿੱਤੇ ਹਨ ਅਤੇ ਇਹਨਾਂ ਸੜਕਾਂ ਦੀ ਨਿਗਰਾਨੀ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਕਰ ਰਹੇ ਹਨ, ਕਿਉਂਕਿ ਪੰਜਾਬ ਸਰਕਾਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ। ਬੀਬੀ ਮਾਣੂੰਕੇ ਨੇ ਹੋਰ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਜਾਣਗੇ ਅਤੇ ਜੋ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉਹਨਾਂ ਦਾ ਮਿਆਰ ਲੋਕ ਖੁਦ ਵੇਖ ਸਕਦੇ ਹਨ ਅਤੇ ਵਧੀਆ ਕੁਆਲਿਟੀ ਦੀਆਂ ਬਣਾਈਆਂ ਜਾ ਰਹੀਆਂ ਹਨ। ਉਹਨਾਂ ਆਖਿਆ ਕਿ ਅਸੀਂ ਸਿਆਸਤ ਵਿੱਚ ਕਮਿਸ਼ਨ ਲਈ ਨਹੀਂ, ਬਲਕਿ ਮਿਸ਼ਨ ਲਈ ਆਏ ਹਾਂ ਅਤੇ ਲੋਕਾਂ ਦਾ ਪੈਸਾ ਲੋਕਾਂ ਉਪਰ ਹੀ ਲਗਾਇਆ ਜਾਵੇਗਾ। ਜੇਕਰ ਕੋਈ ਅਧਿਕਾਰੀ ਸਰਕਾਰੀ ਪੈਸੇ ਦਾ ਦੁਰ-ਉਪਯੋਗ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਮੰਡੀ ਬੋਰਡ ਦੇ ਮੁੱਖ ਇੰਜਨੀਅਰ ਜਤਿੰਦਰ ਸਿੰਘ, ਐਕਸੀਅਨ ਅਮਨਦੀਪ ਸਿੰਘ, ਐਸ.ਡੀ.ਓ.ਜਤਿਨ ਸਿੰਗਲਾ, ਪਰਮਿੰਦਰ ਸਿੰਘ ਢੋਲਣ ਜੇਈ, ਕੁਲਵਿੰਦਰ ਸਿੰਘ ਕਾਲਾ, ਰਛਪਾਲ ਸਿੰਘ ਜਗਰਾਉਂ ਅਤੇ ਵੱਡੀ ਗਿਣਤੀ ਵਿੱਚ ਨਾਨਕਸਰ ਦੀਆਂ ਸੰਗਤਾਂ ਵੀ ਹਾਜ਼ਰ ਸਨ।
No comments:
Post a Comment