ਵੇਰਕਾ ਦਹੀਂ ਦੇ ਪੈਕਟ ਵਿੱਚ ਚੂਹਾ ਪਾਏ ਜਾਣ ਦੀ ਖਬ਼ਰ ਹੋਈ ਝੂਠੀ ਸਾਬਤ
ਐਸ.ਏ.ਐਸ ਨਗਰ 11 ਅਗਸਤ : ਵੇਰਕਾ ਦਹੀਂ ਦੇ ਪੈਕਟ ਵਿੱਚ ਚੂਹਾ
ਪਾਏ ਜਾਣ ਦੀ ਖਬ਼ਰ ਪਿਛਲੇ ਦਿਨੀ ਪ੍ਰਿੰਟ ਮੀਡੀਆ ਅਤੇ ਸ਼ੋਸਲ ਮੀਡੀਆ ਤੇ ਵਾਇਰਲ ਹੋਈ ਜੋ
ਕਿ ਝੂਠੀ ਸਾਬਤ ਹੋਈ ਹੈ । ਇਹ ਵਿਰੋਧੀਆਂ ਵੱਲੋਂ ਵੇਰਕਾ ਬ੍ਰਾਂਡ ਦਾ ਅਕਸ ਖਰਾਬ ਕਰਨ ਲਈ
ਵਰਤੀ ਗਈ ਕੋਝੀ ਹਰਕਤ ਹੈ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਵੇਰਕਾ ਮਿਲਕ ਪਲਾਂਟ
ਦੇ ਜਨਰਲ ਮੈਨੇਜਰ ਸ਼੍ਰੀ ਰਾਜ ਕੁਮਾਰ ਪਾਲ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਮੋਹਾਲੀ
ਦੀ ਟੀਮ ਵੱਲੋਂ ਇਸ ਖਬਰ ਦੀ ਸਚਾਈ ਦਾ ਪਤਾ ਲਗਾਉਣ ਲਈ ਸ਼ਿਕਾਇਤ-ਕਰਤਾ ਤੱਕ ਪਹੁੰਚ ਕੀਤੀ
ਗਈ। ਉਨ੍ਹਾਂ ਦੱਸਿਆ ਸ਼ਿਕਾਇਤ-ਕਰਤਾ ਸ਼੍ਰੀ ਸੰਤੋਸ਼ ਕੁਮਾਰ ਵਾਸੀ ਬਲਟਾਣਾ, ਜੀਰਕਪੁਰ
(ਮੋਹਾਲੀ) ਪੰਜਾਬ ਵੱਲੋ ਦੱਸਿਆ ਗਿਆ ਕਿ ਉਸਨੇ 9 ਅਗਸਤ ਨੂੰ ਲੋਕਲ ਮਾਰਕੀਟ ਤੋਂ ਵੇਰਕਾ
ਦਹੀਂ ਦਾ 450 ਗ੍ਰਾਮ ਵਾਲਾ ਪੈਕਟ ਖਰੀਦਿਆ ਅਤੇ ਜਿਸ ਨੂੰ ਉਨ੍ਹਾਂ ਵੱਲੋਂ 10 ਅਗਸਤ ਨੂੰ
ਵਰਤਿਆ ਗਿਆ ਅਤੇ ਵਰਤਣ ਤੋਂ ਬਾਅਦ ਖੁੱਲਾ ਪੈਕਟ ਦੁਬਾਰਾ ਵਰਤਣ ਲਈ ਰੱਖ ਦਿੱਤਾ ਗਿਆ ਅਤੇ
ਉਨ੍ਹਾਂ ਅਨੁਸਾਰ ਦੂਜੀ ਵਾਰ ਵਰਤਣ ਦੌਰਾਨ ਉਨ੍ਹਾਂ ਨੂੰ ਦਹੀਂ ਵਿੱਚੋਂ ਚੂਹਾ ਪ੍ਰਾਪਤ
ਹੋਇਆ ਜੋ ਕਿ ਬਿਲਕੁਲ ਹੀ ਗਲਤ ਹੈ ।
ਸ੍ਰੀ ਪਾਲ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਮੋਹਾਲੀ ਇਸ ਸ਼ਿਕਾਇਤ ਦਾ ਉਚੇਚੇ ਤੌਰ ਤੇ ਖੰਡਨ ਕਰਦਾ ਹੈ। ਉਨ੍ਹਾਂ ਦੱਸਿਆ ਵੇਰਕਾ ਦੇ ਸਾਰੇ ਮਿਲਕ ਪਲਾਂਟ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ 2006 (ਐਫ.ਐਸ.ਐਸ.ਏ.ਆਈ) ਦੁਆਰਾ ਨਿਰਧਾਰਿਤ ਸਾਰੀਆਂ ਕਾਨੂੰਨੀ ਜਰੂਰਤਾਂ ਨੂੰ ਪੂਰਾ ਕਰ ਰਹੇ ਹਨ ਅਤੇ ਉਸ ਮੁਤਾਬਕ ਕੰਮ ਕਰਦੇ ਹਨ। ਵੇਰਕਾ ਦੀ ਕਾਰਜਕੁਸ਼ਲਤਾ ਹਰ ਪੱਖ ਤੋਂ ਨਿਪੁੰਨ ਪਾਏ ਜਾਣ ਤੇ ਐਫ.ਐਸ.ਐਸ.ਸੀ 22000 ਦੀ ਸਰਟੀਫਿਕੇਸ਼ਨ ਵੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਵੇਰਕਾ ਮਿਲਕ ਪਲਾਂਟ ਮੋਹਾਲੀ ਵਿਖੇ ਵੇਰਕਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਭਰਾਈ ਅਤਿ-ਆਧੁਨਿਕ ਅਤੇ ਸਵੈ-ਚਲਿਤ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਇਹੋ ਜਿਹੀ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਦਹੀਂ ਦੀ ਭਰਾਈ ਕਰਨ ਵਾਲੀ ਮਸ਼ੀਨ ਵਿੱਚ ਕਈ ਤਰ੍ਹਾਂ ਦੇ ਫਿਲਟਰ ਵਰਤੇ ਜਾਂਦੇ ਹਨ, ਜਿਸ ਕਾਰਨ ਇਸ ਵਿੱਚੋਂ ਦੁੱਧ ਤੋਂ ਇਲਾਵਾਂ ਹੋਰ ਕਿਸੇ ਵੀ ਬਰੀਕ ਤੋਂ ਬਰੀਕ ਚੀਜ਼ ਦਾ ਗੁਜਰਨਾਂ ਵੀ ਅਸੰਭਵ ਹੈ। ਉਨ੍ਹਾਂ ਕਿਹਾ ਜੇਕਰ ਕੋਈ ਵਿਅਕਤੀ ਵੇਰਕਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਭਰਾਈ ਦੀ ਅਤਿ-ਆਧੁਨਿਕ ਕਾਰਜਕੁਸ਼ਲਤਾ ਦੀ ਪੂਰੀ ਪ੍ਰੋਸੈਸਿੰਗ ਨੂੰ ਦੇਖਣਾ ਚਾਹੁੰਦਾ ਹੈ ਤਾਂ ਕਿਸੇ ਸਮੇਂ ਵੀ ਦੇਖ ਸਕਦਾ ਹੈ ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮਿਲਕ ਪਲਾਂਟ ਮੋਹਾਲੀ ਦਾ ਕਾਰੋਬਾਰ ਦੁੱਧ ਦੀ ਪ੍ਰਾਪਤੀ, ਇਸ ਦੀ ਸੰਭਾਲ ਅਤੇ ਦੁੱਧ ਪਦਾਰਥਾਂ ਦੇ ਉਤਪਾਦਨ ਅਤੇ ਮੰਡੀਕਰਨ ਨਾਲ ਜੁੜਿਆ ਹੋਇਆ ਹੈ, ਜੋ ਕਿ ਜਰੂਰੀ ਸੇਵਾਵਾਂ ਅਧੀਨ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਵੇਰਕਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਵਿਕਰੀ ਵਿੱਚ ਸ਼ਲਾਘਾਯੋਗ ਵਾਧਾ ਹੋਇਆ ਤੇ ਆਮ ਜਨਤਾ ਵਿੱਚ ਵੀ ਵੇਰਕਾ ਬ੍ਰਾਂਡ ਪ੍ਰਤੀ ਭਰੋਸਾ ਵਧਿਆ ਹੈ ।
ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਵੇਰਕਾ ਬ੍ਰਾਂਡ ਪ੍ਰਤੀ ਉਨ੍ਹਾਂ ਦੀ ਭਰੋਸੇਯੋਗਤਾ ਕਾਇਮ ਰੱਖਣ ਹਿੱਤ "ਵੇਰਕਾ ਕੁਆਲਟੀ ਭਰਪੂਰ ਦੁੱਧ ਅਤੇ ਦੁੱਧ ਪਦਾਰਥਾਂ ਦਾ ਉਤਪਾਦਨ ਅਤੇ ਮੰਡੀਕਰਨ ਹਿੱਤ ਵੱਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉੱਚ ਕੁਆਲਟੀ ਦੇ ਉਤਪਾਦ ਖਪਤਕਾਰਾਂ ਨੂੰ ਮੁਹੱਈਆ ਕਰਵਾਉਂਦਾ ਰਹੇਗਾ ।
No comments:
Post a Comment