SBP GROUP

SBP GROUP

Search This Blog

Total Pageviews

Monday, October 17, 2022

ਫ਼ੂਡ ਸੇਫ਼ਟੀ ਟੀਮ ਨੇ 15 ਦਿਨਾਂ ’ਚ 50 ਸੈਂਪਲ ਲਏੇ ਖਾਧ ਪਦਾਰਥਾਂ ’ਚ ਮਿਲਾਵਟ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡਾ . ਸੁਭਾਸ਼ ਕੁਮਾਰ

ਐਸ ਏ ਐਸ ਨਗਰ, 17 ਅਕਤੂਬਰ :  ਜ਼ਿਲ੍ਹਾ ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਟੀਮ ਨੇ ਪਿਛਲੇ 15 ਦਿਨਾਂ ਦੌਰਾਨ ਵੱਖ-ਵੱਖ ਖਾਧ ਪਦਾਰਥਾਂ ਦੇ 50 ਸੈਂਪਲ ਲਏ ਹਨ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਫ਼ੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਦੇ ਕਮਿਸ਼ਨਰ ਸ੍ਰੀ ਅਭਿਨਵ ਤ੍ਰਿਖਾ ਦੀਆਂ ਹਦਾਇਤਾਂ ’ਤੇ ਟੀਮ ਨੇ ਤਿਉਹਾਰਾਂ ਦੇ ਪਹਿਲੇ 15 ਦਿਨਾਂ ਦੌਰਾਨ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ’ਤੇ ਵਿਆਪਕ ਚੈਕਿੰਗ ਕੀਤੀ, ਜਿਸ ਦੌਰਾਨ ਦੁੱਧ, ਖੋਆ, ਮਠਿਆਈ, ਬੇਕਰੀ ਤੇ ਹੋਰ ਚੀਜ਼ਾਂ ਦੇ 50 ਸੈਂਪਲ ਲਏ ਗਏ। ਇਨ੍ਹਾਂ ਸਾਰੇ ਸੈਂਪਲਾਂ ਦੀ ਟੈਸਟ ਰਿਪੋਰਟ ਹਾਲੇ ਆਉਣੀ ਹੈ। ਇਸ ਤੋਂ ਇਲਾਵਾ, ਗੁਆਂਢੀ ਸੂਬਿਆਂ ਦੁਆਰਾ ਜ਼ਿਲ੍ਹਾ ਮੋਹਾਲੀ ਵਿਚ ਵੇਚੀਆਂ ਜਾ ਰਹੀਆਂ ਖਾਣ-ਪੀਣ ਦੀਆਂ ਚੀਜ਼ਾਂ ’ਚ ਮਿਲਾਵਟ ਚੈੱਕ ਕਰਨ ਲਈ ਚਾਰ ਵੱਡੀਆਂ ਮੁਹਿੰਮਾਂ ਨੂੰ ਅੰਜਾਮ ਦਿਤਾ ਗਿਆ। ਇਹ ਸਾਰੀਆਂ ਜਾਂਚ ਮੁਹਿੰਮਾਂ ਵੱਖ ਵੱਖ ਥਾਈਂ ਤੜਕਸਾਰ ਚਲਾਈਆਂ ਗਈਆਂ। ਉਨ੍ਹਾਂ ਦਸਿਆ ਕਿ ਫ਼ੂਡ ਸੇਫ਼ਟੀ ਟੀਮ ਸਥਾਨਕ ਪ੍ਰਸ਼ਾਸਨ ਜਿਵੇਂ ਐਸ.ਡੀ.ਐਮ ਮੋਹਾਲੀ ਅਤੇ ਡੇਰਾਬੱਸੀ ਦੀ ਟੀਮ ਦੇ ਸਹਿਯੋਗ ਨਾਲ ਵੀ ਛਾਪੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਸੁਨੇਹਾ ਬਿਲਕੁਲ ਸਪੱਸ਼ਟ ਹੈ ਕਿ ਖਾਧ ਪਦਾਰਥਾਂ ਵਿਚ ਮਿਲਾਵਟ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਫ਼ੂਡ ਸੇਫ਼ਟੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।



        ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੁੱਧ ਦੀਆਂ ਵਸਤਾਂ ਬਣਾਉਣ ਵਾਲੇ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਹਦਾਇਤ ਕੀਤੀ। ਡੀ.ਐਚ.ਓ. ਨੇ ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ”ਤਹਿਤ ਹਰ ਦੁਕਾਨਦਾਰ, ਦੋਧੀ ਜਾਂ ਹੋਰ ਸਬੰਧਤ ਵਿਅਕਤੀ ਲਈ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣਾ ਜ਼ਰੂਰੀ ਹੈ। ਜੇ ਕੋਈ ਵੀ ਦੁਕਾਨਦਾਰ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਤਿਉਹਾਰਾਂ ਦੇ ਦਿਨਾਂ ’ਚ ਦੁਕਾਨਦਾਰਾਂ ਖ਼ਾਸਕਰ ਮਠਿਆਈ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਸ਼ੁੱਧ ਅਤੇ ਮਿਲਾਵਟ ਰਹਿਤ ਮਠਿਆਈਆਂ ਬਣਾਉਣਾ ਯਕੀਨੀ ਬਣਾਉਣ। ਅਜਿਹਾ ਨਾ ਕਰਨ ਦੀ ਹਾਲਤ ਵਿਚ ਉਨ੍ਹਾਂ ਦਾ ਵਿਕਰੀ ਲਾਇਸੰਸ ਰੱਦ ਕੀਤਾ ਜਾਵੇਗਾ ਅਤੇ ਨਾਲ ਹੀ ਕਾਨੂੰਨ ਵਿਚ ਜੁਰਮਾਨੇ ਅਤੇ ਸਜ਼ਾ ਦਾ ਵੀ ਪ੍ਰਬੰਧ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਵੀ ਜਾਗਰੂਕ ਹੋਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਖ਼ਰੀਦ ਸਮੇਂ ਮਿਆਰ ਅਤੇ ਸ਼ੁੱਧਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ।

No comments:


Wikipedia

Search results

Powered By Blogger