SBP GROUP

SBP GROUP

Search This Blog

Total Pageviews

Saturday, October 8, 2022

ਕੋਹੜ ਛੂਤ ਦਾ ਰੋਗ ਨਹੀਂ, ਹੋਰਨਾਂ ਬੀਮਾਰੀਆਂ ਵਾਂਗ ਇਲਾਜਯੋਗ : ਡਾ. ਜਸਕੰਵਲ ਕੌਰ

ਐਸ ਏ ਐਸ ਨਗਰ, 08 ਅਕਤੂਬਰ : ਜ਼ਿਲ੍ਹਾ ਸਿਹਤ ਵਿਭਾਗ ਦੁਆਰਾ ਕੋਹੜ ਰੋਗ ਵਿਰੁਧ ਜਾਗਰੂਕਤਾ ਦਾ ਹੋਕਾ ਦੇਣ ਦੇ ਮਕਸਦ ਨਾਲ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ ਕੁਸ਼ਟ ਜਾਗਰੂਕਤਾ ਕੈਂਪ ਲਗਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਲੱਗੇ ਕੈਂਪ ਵਿਚ ਏ.ਐਨ.ਐਮਜ਼ ਤੇ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਜਸਕੰਵਲ ਕੌਰ ਅਤੇ ਡਾ.ਅਰੁਣ ਬਾਂਸਲ ਨੇ ਕਿਹਾ ਕਿ ਕੋਹੜ ਦਾ ਰੋਗ ਛੂਆ-ਛਾਤ ਵਾਲਾ ਰੋਗ ਨਹੀਂ ਹੈ ਅਤੇ ਇਸ ਬੀਮਾਰੀ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। 


ਉਨ੍ਹਾਂ ਕਿਹਾ ਕਿ ਕੋਹੜ ਪੀੜਤਾਂ ਦੇ ਨੇੜੇ ਜਾਣ ਜਾਂ ਉਨ੍ਹਾਂ ਨਾਲ ਹੱਥ ਮਿਲਾਉਣ ਨਾਲ ਕੁਝ ਨਹੀਂ ਹੁੰਦਾ। ਕੋਹੜ  ਦਾ ਰੋਗ ਵੀ ਹੋਰਨਾਂ ਬੀਮਾਰੀਆਂ ਜਿਹਾ ਹੀ ਹੈ ਅਤੇ ਇਸ ਦਾ ਡਾਕਟਰੀ ਇਲਾਜ ਕੀਤਾ ਜਾ ਸਕਦਾ ਹੈ ਜਿਸ ਨਾਲ ਹੁਣ ਤਕ ਲੱਖਾਂ ਮਰੀਜ਼ ਠੀਕ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮਕਸਦ ਸਿਹਤ ਸਟਾਫ਼ ਦੀ ਜਾਣਕਾਰੀ ਵਿਚ ਵਾਧਾ ਕਰਨ ਤੋਂ ਇਲਾਵਾ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਹੈ ਕਿ ਕੋਹੜ ਪੀੜਤ ਲੋਕ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਨਾਲ ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਹੀ ਗ਼ਲਤ ਧਾਰਨਾ ਹੈ ਕਿ ਕੋਹੜ ਪੀੜਤਾਂ ਕੋਲੋਂ ਦੂਰ ਰਹਿਣਾ ਤੇ ਉਨ੍ਹਾਂ ਦੇ ਅੰਗਾਂ ਨੂੰ ਛੂਹਣਾ ਨਹੀਂ ਚਾਹੀਦਾ।

        ਸਿਹਤ ਅਧਿਕਾਰੀਆਂ ਨੇ ਕੋਹੜ ਰੋਗ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਕਿਹਾ ਕਿ ਕੋਹੜ ਪੀੜਤਾਂ ਨੂੰ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ ਜਿਵੇਂ ਪੀੜਤਾਂ ਨੂੰ ਅਪਣੇ ਹੱਥ ਗਰਮ ਭਾਂਡਿਆਂ ਜਾਂ ਹੋਰ ਗਰਮ ਚੀਜ਼ਾਂ ਤੋਂ ਦੂਰ ਰਖਣੇ ਚਾਹੀਦੇ ਹਨ, ਪੈਰਾਂ ਵਿਚ ਜੁੱਤੀ ਪਾਉਣੀ ਚਾਹੀਦੀ ਹੈ, ਪੌਸ਼ਟਿਕ ਖ਼ੁਰਾਕ ਖਾਣੀ ਚਾਹੀਦੀ ਹੈ। ਕੋਹੜ ਦੇ ਰੋਗ ਬਾਰੇ ਛੇਤੀ ਪਤਾ ਲੱਗ ਜਾਣ ’ਤੇ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਬੀਮਾਰੀ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਬੀਮਾਰੀ ਦਾ ਇਲਾਜ ਛੇ ਮਹੀਨੇ ਤੋਂ ਇਕ ਸਾਲ ਅੰਦਰ ਹੋ ਜਾਂਦਾ ਹੈ। ਇਸ ਮੌਕੇ ਡਾ. ਬਿਕਰਮਜੀਤ ਸਿੰਘ, ਡਾ.ਅੰਚਲਾ, ਐਨ.ਐਸ.ਐਸ. ਗੁਰਜਿੰਦਰ ਸਿੰਘ, ਐਸ.ਆਈ. ਸਵਰਨ ਸਿੰਘ ਤੇ ਹੋਰ ਸਟਾਫ਼ ਮੌਜੂਦ ਸੀ।

No comments:


Wikipedia

Search results

Powered By Blogger