ਐਸ.ਏ.ਐਸ ਨਗਰ 6 ਦਸੰਬਰ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਅੱਜ ਕੌਮਾਂਤਰੀ ਜਥੇਬੰਦੀ ਜੀ-20 ਗਰੁੱਪ ਸੰਮੇਲਨ ਅਤੇ ਫਰਵਰੀ ਦੇ ਮਹੀਨੇ ਹੋਣ ਵਾਲੇ ਇਨਵੈਸਟਰ ਸੰਮੇਲਨ ਸਬੰਧੀ ਕੀਤੀਆਂ ਜਾ ਰਹੀਆ ਤਿਆਰੀਆਂ ਦਾ ਜ਼ਮੀਨੀ ਪੱਧਰ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ । ਇਸ ਦੌਰਾਨ ਉਨ੍ਹਾਂ ਸ਼ਹਿਰ ਦੇ ਸੁੰਦਰੀਕਰਨ ਲਈ ਏਅਰਪੋਰਟ ਰੋਡ ਸਮੇਤ ਜਿਲ੍ਹੇ ਦੇ ਵੱਖ-ਵੱਖ ਥਾਂਵਾ ਤੇ ਕੀਤੀ ਜਾ ਰਹੀ ਸਾਫ਼-ਸਾਫਾਈ ਅਤੇ ਹੋਰ ਪ੍ਰਬੰਧਾ ਦਾ ਮੌਕੇ ਤੇ ਜਾ ਕੇ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਸ਼ਹਿਰ ਦੇ ਸੁੰਦਰੀਕਰਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ । ਡਿਪਟੀ ਕਮਿਸ਼ਨਰ ਵੱਲੋਂ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਨਾਲ ਵੀ ਵੱਖਰੀ ਮੀਟਿੰਗ ਕੀਤੀ ਗਈ ਅਤੇ ਇਨ੍ਹਾਂ ਸਮਾਗਮਾਂ ਸਬੰਧੀ ਸਹਿਯੋਗ ਦੀ ਮੰਗ ਕੀਤੀ । ਇਸ ਦੌਰਾਨ ਉਨ੍ਹਾਂ ਗਮਾਡਾ ,ਕਾਰਪੋਰੇਸ਼ਨ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਬਕਾਇਆ ਕੰਮਾਂ ਨੂੰ ਛੇਤੀ ਹੱਲ ਕਰਨ ਦੇ ਆਦੇਸ਼ ਦਿੱਤੇ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ ਦੇ ਰਸਤੇ ਤੇ ਜੀ-20 ਗਰੁੱਪ ਵਿੱਚ ਸ਼ਾਮਲ ਦੇਸ਼ਾ ਦੇ ਝੰਡੇ ਲਗਾਏ ਜਾਣ ਲਈ ਏਅਰਪੋਰਟ ਅਥਾਰਟੀ ਨੂੰ ਪਹਿਲਾ ਹੀ ਕਹਿ ਦਿੱਤਾ ਗਿਆ ਹੈ ਜਦਕਿ ਗਮਾਡਾ ਨੂੰ ਏਅਰਪੋਰਟ ਤੋਂ ਚੰਡੀਗੜ੍ਹ ਨੂੰ ਜਾਣ ਵਾਲੇ ਸੜਕੀ ਰਸਤਿਆਂ ਤੇ ਚੱਲ ਰਹੇ ਨਿਰਮਾਣ ਕਾਰਜ਼ਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨ ਲਈ ਪੀ.ਡਬਲਯੂ.ਡੀ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਮਿਉਂਸਿਪਲ ਕਾਰਪੋਰੇਸ਼ਨ ਨੂੰ ਸ਼ਹਿਰ ਦੀ ਸਾਫ਼-ਸਫਾਈ ਅਤੇ ਸੜ੍ਹਕੀ ਰਸਤਿਆਂ ਦੇ ਸੁੰਦਰੀਕਰਨ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਕਾਰਜ਼ਾ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਅਧਿਕਾਰੀਆਂ ਨੂੰ ਕੰਮ ਛੇਤੀ ਤੋਂ ਛੇਤੀ ਨੇਪਰੇ ਚਾੜ੍ਹਨ ਦੇ ਆਦੇਸ਼ ਦਿੱਤੇ ਗਏ ਹਨ ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੂੰ ਜੀ-20 ਸਕੱਤਰੇਤ ਦੇ ਨੋਡਲ ਅਫ਼ਸਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਜਨਵਰੀ ਅਤੇ ਮਾਰਚ 2023 ਵਿੱਚ ਵਿੱਤ (30 ਜਨਵਰੀ ਤੋਂ 31 ਜਨਵਰੀ, 2023) ਅਤੇ ਖੇਤੀਬਾੜੀ (09 ਮਾਰਚ ਤੋਂ 11 ਮਾਰਚ, 2023) ਵਿੱਚ ਦੋ ਮੀਟਿੰਗਾਂ ਹੋਣੀਆਂ ਹਨ।
ਜਿਕਰਯੋਗ ਹੈ ਕਿ ਜੀ-20 ਦੇਸ਼ਾਂ ਵਿੱਚ ਵਿਸ਼ਵ ਦੀਆਂ ਪ੍ਰਮੁੱਖ ਵਿਕਸਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਸ਼ਾਮਲ ਹਨ, ਜੋ ਕਿ ਗਲੋਬਲ ਜੀਡੀਪੀ ਦਾ 85% ਹਿੱਸਾ ਹਨ। ਅੰਤਰਰਾਸ਼ਟਰੀ ਵਪਾਰ ਦਾ 75% ਅਤੇ ਵਿਸ਼ਵ ਦੀ ਆਬਾਦੀ ਦਾ ਦੋ ਤਿਹਾਈ ਹਿੱਸਾ, ਇਸ ਨੂੰ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਫੋਰਮ ਬਣਾਉਂਦਾ ਹੈ ।
ਇਸ ਮੌਕੇ ਮੁੱਖ ਪ੍ਰਸ਼ਾਸਕ ਗਮਾਡਾ ਅਮਨਦੀਪ ਬਾਂਸਲ, ਕਾਰਪੋਰੇਸ਼ਨ ਦੇ ਜੁਆਇੰਟ ਕਮਿਸ਼ਨਰ ਕਿਰਨ ਸ਼ਰਮਾਂ, ਐਸ.ਡੀ.ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾ) ਸ੍ਰੀ ਤਰਸੇਮ ਚੰਦ, ਗਮਾਡਾ ਦੇ ਅਸਿਸਟੈਂਟ ਕਮਿਸ਼ਨਰ ਵਰਿੰਦਰ ਜੈਨ, ਸੁਪਰਡੰਟ ਇੰਜ਼: ਨਰੇਸ਼ ਬੱਤਾ ਤੋਂ ਇਲਾਵਾ ਬਿਜਲੀ ਬੋਰਡ ਦੇ ਅਧਿਕਾਰੀ ਵਿਸ਼ੇਸ ਤੌਰ ਤੇ ਹਾਜ਼ਰ ਸਨ ।
No comments:
Post a Comment