SBP GROUP

SBP GROUP

Search This Blog

Total Pageviews

ਡੀਸੀ ਦੀ ਪ੍ਰਧਾਨਗੀ ਹੇਠ ਹੋਈ ਬੈਂਕਾਂ ਦੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ

ਐਸ ਏ ਐਸ ਨਗਰ, 28 ਦਸੰਬਰ : ਸਤੰਬਰ 2022 ਨੂੰ ਖਤਮ ਹੋਈ ਤਿਮਾਹੀ ਲਈ ਬੈਂਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਲੀਡ ਬੈਂਕ ਦਫਤਰ, ਪੰਜਾਬ ਨੈਸ਼ਨਲ ਬੈਂਕ, ਐਸ.ਏ.ਐਸ.ਨਗਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਬੁਲਾਈ ਗਈ| ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਅਮਿਤ ਤਲਵਾਰ, ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ | ਸ਼੍ਰੀ ਜਗਜੀਤ ਸਿੰਘ ਟੀਣਾ, ਚੀਫ਼ ਲੀਡ ਜ਼ਿਲ੍ਹਾ ਮੈਨੇਜਰ, ਐਸ.ਏ.ਐਸ. ਨਗਰ ਨੇ ਡੀ. ਡੀ.ਐਮ. ਨਾਬਾਰਡ ਸ਼੍ਰੀ ਗੁਰਪ੍ਰੀਤ ਸਿੰਘ, ਆਰ.ਬੀ.ਆਈ. ਤੋਂ ਅਸਿਸਟੈਂਟ ਜਨਰਲ ਮੈਨੇਜਰ ਸ਼੍ਰੀਮਤੀ ਅਨੀਤਾ ਸ਼ਰਮਾ, ਪੰਜਾਬ ਨੈਸ਼ਨਲ ਬੈਂਕ ਐੱਸ. ਏ.ਐੱਸ. ਨਗਰ ਤੋਂ ਅਸਿਸਟੈਂਟ ਜਨਰਲ ਮੈਨੇਜਰ ਸ਼੍ਰੀਮਤੀ ਰੀਟਾ ਜੁਨੇਜਾ , ਆਰ.ਸੇਟੀ ਤੋਂ ਸਟੇਟ ਡਾਇਰੈਕਟਰ ਸ਼੍ਰੀ ਚਰਨਜੀਤ ਸਿੰਘ ਪਾਹਵਾ ,ਸਾਰੇ ਬੈਂਕਾਂ ਦੇ ਕੋਆਰਡੀਨੇਟਰ, ਸਰਕਾਰੀ ਵਿਭਾਗਾਂ ਦੇ ਡਿਪਟੀ ਡਾਇਰੈਕਟਰ ਅਤੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ| 
 
ਸ਼੍ਰੀ ਅਮਿਤ ਤਲਵਾਰ ਨੇ ਸਲਾਨਾ ਕ੍ਰੈਡਿਟ ਯੋਜਨਾ 2022-23 ਦੇ ਤਹਿਤ ਤਿਮਾਹੀ ਸਿਤੰਬਰ 2022 ਲਈ ਸਾਰੇ ਬੈਂਕਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਬੈਂਕਾਂ ਨੂੰ ਸੂਖਮ ਪੱਧਰ ਦੇ ਕਰਜ਼ੇ ਦੇ ਕੇ ਕਮਜ਼ੋਰ ਸੈਕਟਰ , ਗਰੀਬਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਮਦਦ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਾਰੇ ਬੈਂਕਾਂ ਨੂੰ ਸਰਕਾਰੀ ਸਪਾਂਸਰਡ ਸਕੀਮਾਂ ਜਿਵੇਂ ਕਿ ਪੀ.ਐੱਫ. ਐਮ.ਈ., ਏ.ਆਈ. ਐੱਫ., ਡੇਅਰੀ ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ, ਸੈਲਫ ਹੈਲਪ ਗਰੁੱਪ ਕ੍ਰੈਡਿਟ ਲਿੰਕੇਜ, ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਅਤੇ ਪ੍ਰਧਾਨ ਮੰਤਰੀ ਸਵਨਿਧੀ ਆਦਿ ਨੂੰ ਤਰਜੀਹ ਦੇਣ ਦੀ ਸਲਾਹ ਦਿੱਤੀ।


 ਸ਼੍ਰੀ ਜਗਜੀਤ ਸਿੰਘ ਟੀਣਾ, ਮੁੱਖ ਐਲ. ਡੀ.ਐਮ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੈਂਕਾਂ ਵੱਲੋਂ ਸਿਤੰਬਰ ਤਿਮਾਹੀ ਤੱਕ ਤਰਜੀਹੀ ਖੇਤਰ ਦੇ ਟੀਚੇ 3566 ਕਰੋੜ ਦੇ ਵਿਰੁੱਧ 3441 ਕਰੋੜ ਰੁਪਏ ਰਿਣ ਵੰਡਿਆ ਗਿਆ ਹੈ| ਪ੍ਰਧਾਨ ਮੰਤਰੀ ਜੀਵਣ ਜਯੋਤੀ ਬੀਮਾ ਯੋਜਨਾ ਦੇ ਤਹਿਤ 71466 , ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ 209731 ਅਤੇ ਅਟਲ ਪੈਨਸ਼ਨ ਯੋਜਨਾ ਦੇ ਤਹਿਤ 50094 ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ ਹੈ। 

ਸ਼੍ਰੀਮਤੀ ਰੀਟਾ ਜੁਨੇਜਾ ਨੇ ਸਾਰੇ ਬੈਂਕਾਂ ਨੂੰ ਨਿਰਧਾਰਿਤ ਟੀਚੇ ਪ੍ਰਾਪਤ ਕਰਨ ਦੀ ਅਪੀਲ ਦਿੱਤੀ ਤਾਂ ਜੋ ਜਿਲੇ ਦਾ ਵਿਕਾਸ ਹੋਰ ਵੀ ਵਧੀਆ ਹੋ ਸਕੇ।
  ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਅਨੀਤਾ ਸ਼ਰਮਾ ਨੇ ਆਪਣਾ ਸੰਦੇਸ਼ ਦਿੱਤਾ ਕਿ ਜ਼ਿਲ੍ਹੇ ਦੇ ਖੇਤੀਬਾੜੀ ਸੈਕਟਰ ਅਤੇ ਕਮਜ਼ੋਰ ਸੈਕਟਰ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੇ ਵਿਕਾਸ ਲਈ ਪੌਪ-ਅੱਪ ਯੋਜਨਾਵਾਂ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਡੀਸੀਓਜ਼ ਨੂੰ ਡਿਜੀਟਲਾਈਜ਼ੇਸ਼ਨ ਕੈਂਪਾਂ ਦਾ ਆਯੋਜਨ ਕਰਨ ਦੀ ਵੀ ਸਲਾਹ ਦਿੱਤੀ ਕਿਉਂਕਿ ਆਮ ਲੋਕਾਂ ਨੂੰ ਡਿਜੀਟਲਾਈਜ਼ੇਸ਼ਨ ਦੇ ਫਾਇਦਿਆਂ ਤੋਂ ਜਾਣੂ ਕਰਵਾਉਣਾ ਹੁੰਦਾ ਹੈ ਤਾਂ ਜੋ ਉਹ ਵਧੇਰੇ ਆਤਮ ਵਿਸ਼ਵਾਸ ਨਾਲ ਡਿਜੀਟਲ ਉਤਪਾਦਾਂ ਦੀ ਵਰਤੋਂ ਕਰ ਸਕਣ।

 ਚੀਫ ਐਲ.ਡੀ.ਐਮ. ਨੇ ਡਿਪਟੀ ਕਮਿਸ਼ਨਰ ਦੇ ਮਾਰਗਦਰਸ਼ਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਯਕੀਨ ਦਵਾਇਆ ਕਿ ਬੈਂਕ ਸਾਰੀਆਂ ਸਰਕਾਰੀ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ ਅਤੇ ਭਵਿੱਖ ਵਿੱਚ ਵੀ ਜ਼ਿਲ੍ਹੇ ਦੇ ਸਾਰੇ ਤਰਜੀਹੀ ਖੇਤਰ ਦੇ ਟੀਚਿਆਂ ਨੂੰ ਪ੍ਰਾਪਤ ਕਰਨਗੇ।

No comments:


Wikipedia

Search results

Powered By Blogger