ਬ੍ਰਹਮਗਿਆਨ ਦਾ ਠਹਿਰਾਵ ਹੀ ਜੀਵਨ ਵਿੱਚ ਮੁਕਤੀ ਮਾਰਗ ਦਿਖਾਉਂਦੈ
ਮੋਹਾਲੀ , 02 ਜਨਵਰੀ :- “ਬ੍ਰਹਮਗਿਆਨ ਦੀ ਪ੍ਰਾਪਤੀ ਨਾਲ ਜੀਵਨ ਵਿੱਚ ਅਸਲ ਭਗਤੀ ਸ਼ੁਰੂ ਹੁੰਦੀ ਹੈ ਅਤੇ ਇਸ ਦੇ ਟਿਕੇ ਰਹਿਣ ਨਾਲ ਹੀ ਸਾਡਾ ਜੀਵਨ ਭਗਤੀ ਅਤੇ ਅਨੰਦਮਈ ਬਣ ਜਾਂਦਾ ਹੈ।” ਉਪਰੋਕਤ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਗਰਾਊਂਡ ਨੰਬਰ 8, ਨਿਰੰਕਾਰੀ ਚੌਕ ਬੁਰਾੜੀ ਰੋਡ, ਵਿਖੇ ਕਰਵਾਏ ਗਏ 'ਨਵੇਂ ਸਾਲ' ਦੇ ਵਿਸ਼ੇਸ਼ ਸਤਿਸੰਗ ਸਮਾਗਮ ਵਿੱਚ ਹਾਜ਼ਰ ਸਮੂਹ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਤਿਸੰਗ ਦਾ ਆਨੰਦ ਪ੍ਰਾਪਤ ਕਰਨ ਲਈ ਦਿੱਲੀ ਅਤੇ ਹੋਰਨਾਂ ਥਾਵਾਂ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਅਤੇ ਸਾਲ ਦੇ ਪਹਿਲੇ ਦਿਨ ਸਤਿਗੁਰੂ ਦੇ ਇਲਾਹੀ ਦਰਸ਼ਨਾਂ ਅਤੇ ਪਾਵਨ ਪ੍ਰਵਚਨਾਂ ਰਾਹੀਂ ਸਭ ਨੇ ਆਨੰਦ ਮਾਣਿਆ।
ਸਤਿਗੁਰੂ ਮਾਤਾ ਜੀ ਨੇ ਬ੍ਰਹਮਗਿਆਨ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਕਿਹਾ ਕਿ ਬ੍ਰਹਮਗਿਆਨ ਦਾ ਅਰਥ ਹਰ ਪਲ ਇਸਦੀ ਰੌਸ਼ਨੀ ਵਿੱਚ ਰਹਿਣਾ ਹੈ ਅਤੇ ਇਹ ਅਵਸਥਾ ਸਾਡੇ ਜੀਵਨ ਵਿੱਚ ਉਦੋਂ ਹੀ ਆਉਂਦੀ ਹੈ ਜਦੋਂ ਇਸਦਾ ਠਹਿਰਾਵ ਬਣਿਆ ਰਹਿੰਦਾ ਹੈ, ਤਦ ਹੀ ਅਸਲ ਰੂਪ ਵਿੱਚ
ਮੁਕਤੀ ਸੰਭਵ ਹੈ। ਇਸ ਦੇ ਉਲਟ, ਜੇਕਰ ਅਸੀਂ ਮਾਇਆ ਦੇ ਪ੍ਰਭਾਵ ਅਧੀਨ ਰਹਿੰਦੇ ਹਾਂ ਤਾਂ ਯਕੀਨਨ ਆਨੰਦ ਅਤੇ ਮੁਕਤੀ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਜੀਵਨ ਦਾ ਮਕਸਦ ਇਸੇ ਵਿੱਚ ਹੈ ਕਿ ਅਸੀਂ ਮਾਇਆ ਦੇ ਪ੍ਰਭਾਵ ਤੋਂ ਆਪਣੇ ਆਪ ਨੂੰ ਬਚਾ ਕੇ ਆਪਣੇ ਜੀਵਨ ਦਾ ਮਕਸਦ ਸਮਝੀਏ ਕਿ ਇਹ ਪਰਮਾਤਮਾ ਕੀ ਹੈ ਅਤੇ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਇਸ ਸੰਸਾਰ ਵਿਚ ਨਿਰੰਕਾਰ ਅਤੇ ਮਾਇਆ ਦੋਹਾਂ ਦਾ ਪ੍ਰਭਾਵ ਸਦਾ ਬਣਿਆ ਰਹਿੰਦਾ ਹੈ। ਇਸ ਲਈ ਸਾਨੂੰ ਨਿਰੰਕਾਰ ਨਾਲ ਜੁੜ ਕੇ ਭਗਤੀ ਕਰਨੀ ਪਵੇਗੀ। ਸਾਡੇ ਜੀਵਨ ਵਿੱਚ ਸੇਵਾ, ਸਿਮਰਨ, ਸਤਿਸੰਗ ਕੇਵਲ ਇੱਕ ਕਿਰਿਆ ਨਹੀਂ ਹੈ ਇੱਕ ਚੈੱਕ ਲਿਸਟ ਦੇ ਰੂਪ ਵਿੱਚ ਨਹੀਂ ਹੈ ਜੋ ਸਿਰਫ ਆਪਣੀ ਮੌਜੂਦਗੀ ਨੂੰ ਪ੍ਰਗਟ ਕਰਨ ਲਈ ਹੈ, ਬਲਕਿ ਅਸਲ ਰੂਪ ਵਿੱਚ ਨਿਰੰਕਾਰ ਨਾਲ ਜੁੜ ਕੇ ਆਪਣਾ ਕਲਿਆਣ ਕਰਨਾ ਹੈ।
ਸਤਿਗੁਰੂ ਮਾਤਾ ਜੀ ਨੇ ਇੱਕ ਉਦਾਹਰਣ ਦੇ ਕੇ ਸਮਝਾਇਆ ਕਿ ਜਿਸ ਤਰ੍ਹਾਂ ਸਾਰੇ ਵਿਦਿਆਰਥੀ ਇੱਕ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਜਾਂਦੇ ਹਨ ਅਤੇ ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਚੀਜ਼ ਸਮਝ ਨਾ ਆਵੇ ਤਾਂ ਉਨ੍ਹਾਂ ਨੂੰ ਸਮਝਾਉਣ ਲਈ ਉੱਥੇ ਅਧਿਆਪਕ ਮੌਜੂਦ ਹੁੰਦੇ ਹਨ ਜੋ ਉਹਨਾਂ ਦੇ ਸ਼ੰਕਿਆਂ ਨੂੰ ਦੂਰ ਕਰਦੇ ਹਨ ਅਤੇ ਉਹਨਾਂ ਨੂੰ ਸਹੀ ਸੇਧ ਦਿੰਦੇ ਹਨ, ਜਿਸ ਤੋਂ ਬਾਅਦ ਉਹ ਉਨ੍ਹਾਂ ਸਿੱਖਿਆਵਾਂ ਦੁਆਰਾ ਆਪਣਾ ਜੀਵਨ ਸਫਲ ਬਣਾ ਲੈਂਦੇ ਹਨ। ਦੂਜੇ ਪਾਸੇ ਕੁਝ ਵਿਦਿਆਰਥੀ ਝਿਜਕ ਜਾਂ ਕਿਸੇ ਹੋਰ ਕਾਰਨ ਕਰਕੇ, ਉਹ ਉਨ੍ਹਾਂ ਸ਼ੰਕਾਵਾਂ ਨੂੰ ਆਪਣੇ ਮਨ ਵਿਚ ਰੱਖਦੇ ਹਨ ਅਤੇ ਫਿਰ ਉਹੀ ਸ਼ੰਕੇ ਨਕਾਰਾਤਮਕ ਭਾਵਨਾਵਾਂ ਵਿਚ ਬਦਲ ਜਾਂਦੇ ਹਨ, ਜਿਸ ਦੇ ਪ੍ਰਭਾਵ ਵਿਚ ਉਹ ਉਨ੍ਹਾਂ ਸ਼ੰਕਿਆਂ ਨੂੰ ਦੂਰ ਨਹੀਂ ਕਰਦੇ ਅਤੇ ਨਤੀਜੇ ਵਜੋਂ ਉਹ ਜੀਵਨ ਵਿਚ ਕਦੇ ਵੀ ਸਫਲ ਨਹੀਂ ਹੁੰਦੇ। ਸਤਿਗੁਰੂ ਦਾ ਭਾਵ ਕੇਵਲ ਇਹ ਹੈ ਕਿ ਜੀਵਨ ਵਿੱਚ ਸਫ਼ਲਤਾ ਕੇਵਲ ਬ੍ਰਹਮਗਿਆਨ ਲੈਣ ਨਾਲ ਹੀ ਸੰਭਵ ਨਹੀਂ ਹੈ, ਸਗੋਂ ਇਸ ਨੂੰ ਸਮਝ ਕੇ ਜੀਵਨ ਵਿੱਚ ਟਿਕੇ ਰਹਿਣ ਨਾਲ ਹੀ ਸੰਭਵ ਹੈ। ਨਹੀਂ ਤਾਂ ਗਿਆਨ ਦੀ ਰੌਸ਼ਨੀ ਵਿਚ ਵੀ ਸਾਡਾ ਜੀਵਨ ਹਨੇਰੇ ਵਿੱਚ ਹੀ ਰਹਿੰਦਾ ਹੈ ਅਤੇ ਅਸੀਂ ਆਪਣਾ ਕੀਮਤੀ ਜਨਮ ਭਰਮ ਭੁਲੇਖਿਆਂ ਵਿੱਚ ਹੀ ਬਤੀਤ ਕਰ ਦਿੰਦੇ ਹਾਂ।
ਮੁਕਤੀ ਦੇ ਮਾਰਗ ਦਾ ਜ਼ਿਕਰ ਕਰਦਿਆਂ ਸਤਿਗੁਰੂ ਨੇ ਕਿਹਾ ਕਿ ਮੁਕਤੀ ਕੇਵਲ ਉਨ੍ਹਾਂ ਸੰਤਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਅਸਲ ਵਿੱਚ ਬ੍ਰਹਮਗਿਆਨ ਦੀ ਮਹੱਤਤਾ ਨੂੰ ਸਮਝਿਆ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਜ਼ਿੰਦਗੀ ਦੀ ਮਹੱਤਤਾ ਅਤੇ ਕੀਮਤ ਉਦੋਂ ਹੀ ਹੁੰਦੀ ਹੈ ਜਦੋਂ ਇਸ ਨੂੰ ਦਿਖਾਵੇ ਲਈ ਨਹੀਂ, ਅਮਲੀ ਰੂਪ ਜੀਇਆ ਜਾਂਦਾ ਹੈ। ਅਸਲੀ ਭਗਤੀ ਉਹ ਹੈ ਜਿਸ ਵਿੱਚ ਅਸੀਂ ਸਾਰੇ ਹਰ ਪਲ ਇਸ ਨਿਰੰਕਾਰ ਪ੍ਰਭੂ ਨਾਲ ਜੁੜੇ ਰਹਿੰਦੇ ਹਾਂ।
ਅੰਤ ਵਿੱਚ ਸਤਿਗੁਰੂ ਨੇ ਸਾਰਿਆਂ ਲਈ ਅਰਦਾਸ ਕੀਤੀ ਕਿ ਅਸੀਂ ਸਾਰੇ ਆਪਣੇ ਉੱਤਮ ਵਿਵਹਾਰ ਅਤੇ ਭਗਤੀ ਭਰੇ ਜੀਵਨ ਨਾਲ ਸਾਰੇ ਸੰਸਾਰ ਨੂੰ ਪ੍ਰਭਾਵਿਤ ਕਰਦੇ ਹੋਏ ਸੁਖੀ ਅਤੇ ਅਨੰਦਮਈ ਜੀਵਨ ਬਤੀਤ ਕਰੀਏ। ਸਾਰੇ ਸੰਤਾਂ ਦਾ ਜੀਵਨ ਨਿਰੰਕਾਰ ਦਾ ਆਧਾਰ ਲੈਂਦੇ ਹੋਏ ਸ਼ੁਭ ਅਤੇ ਅਨੰਦਮਈ ਬਤੀਤ ਹੋਵੇ।
No comments:
Post a Comment