ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਨੂੰ 21 ਫਰਵਰੀ ਤੋਂ ਪਹਿਲਾਂ ਆਪਣੇ ਸਾਈਨਬੋਰਡ ਪੰਜਾਬੀ ਵਿੱਚ ਲਿਖਣ ਦੀ ਅਪੀਲ
ਐਸ.ਏ.ਐਸ. ਨਗਰ, 15 ਫਰਵਰੀ : ਮਨੁੱਖ ਜਾਤੀ ਲਈ ਭਾਸ਼ਾ ਅਤੇ ਸਭਿਆਚਾਰ ਦੀ ਬਹੁਤ ਜ਼ਿਆਦਾ ਅਹਿਮੀਅਤ ਹੋਣ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਭਾਸ਼ਾ ਅਤੇ ਸਭਿਆਚਾਰ ਕਿਸੇ ਵੀ ਸਮਾਜ ਦੀ ਪਛਾਣ ਹੁੰਦੇ ਹਨ ਅਤੇ ਇਨ੍ਹਾਂ ਦੇ ਖੁਸ ਜਾਣ ਕਾਰਨ ਮਨੁੱਖ ਆਪਣੇ ਜੀਵਨ ਦੀ ਮਹੱਤਵਪੂਰਨ ਪੂੰਜੀ ਤੋਂ ਵਿਰਵਾ ਹੋ ਜਾਂਦਾ ਹੈ।
ਅੱਜ ਸਥਾਨਿਕ ਭਾਸ਼ਾ ਵਿਭਾਗ ਦੇ ਦਫਤਰ ਵਿਖੇ ਸਾਹਿਤ ਦੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇਣ ਮੌਕੇ ਸ੍ਰੀਮਤੀ ਜੈਨ ਨੇ ਕਿਹਾ ਕਿ ਮਨੁੱਖ ਜਾਤੀ ਵਿੱਚ ਭਾਸ਼ਾ ਅਤੇ ਸਭਿਆਚਾਰ ਦੀ ਸਭ ਤੋਂ ਵੱਧ ਮਹੱਤਤਾ ਹੈ ਅਤੇ ਜੇ ਕਿਸੇ ਭਾਸ਼ਾ ਨੂੰ ਨਾ ਸੰਭਾਲਿਆ ਜਾਵੇ ਤਾਂ ਉਹ ਖਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੇ ਵਿਕਾਸ ਵਿੱਚ ਮਾਂ ਬੋਲੀ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਉਹ ਆਪਣੀ ਮਾਂ ਬੋਲੀ ਵਿੱਚ ਹੀ ਆਪਣੇ ਭਾਵਾਂ ਦਾ ਬੇਹਤਰ ਪ੍ਰਗਟਾਵਾ ਕਰ ਸਕਦਾ ਹੈ। ਇਸੇ ਕਰਕੇ ਹੀ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਹਰ ਖੇਤਰ ਵਿੱਚ ਲਾਗੂ ਕਰਨ ਲਈ ਯਤਨ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਆਪਣੀ ਸਿੱਖਣ ਦੀ ਸਮਰੱਥਾ ਨੂੰ ਬੇਹਤਰ ਬਨਾਉਣ ਅਤੇ ਆਪਣੀ ਸਖਸ਼ੀਅਤ ਵਿੱਚ ਨਿਖਾਰ ਲਿਆਉਣ ਲਈ ਮਾਂ ਬੋਲੀ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣ ਲਈ ਕਿਹਾ ਤਾਂ ਜੋ ਉਹ ਸਮਾਜ ਦੇ ਜ਼ਿੰਮੇਂਵਾਰ ਨਾਗਰਿਕ ਬਣ ਸਕਣ। ਉਨ੍ਹਾਂ ਕਿਹਾ ਕਿ ਮਾਂ ਬੋਲੀ ਦੇ ਨਾਲ ਉਨ੍ਹਾਂ ਵਿੱਚ ਵਧੇਰੇ ਆਤਮ ਵਿਸ਼ਵਾਸ ਪੈਦਾ ਹੋਵੇਗਾ ਅਤੇ ਉਹ ਸਮਾਜ ਵਿੱਚ ਆਪਣੇ ਆਪ ਨੂੰ ਬੇਹਤਰ ਸਿੱਧ ਕਰ ਸਕਣਗੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ‘ਇੰਫਿਊਂਸ਼ੀਅਲ ਗਰੁੱਪ’ ਬਨਾਉਣ ਦਾ ਸੁਝਾਅ ਦਿੱਤਾ ਜਿਸ ’ਤੇ ਵਿਦਿਆਰਥੀ ਆਪਣੀ ਮਾਂ ਬੋਲੀ, ਸੱਭਿਆਚਾਰ, ਖੇਡਾਂ ਆਦਿ ਦੇ ਵਿਕਾਸ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਜਾਣਕਾਰੀ ਸਾਂਝੀ ਕਰ ਸਕਣ। ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਪਣੀਆਂ ਕੋਸ਼ਿਸ਼ਾਂ ਆਰੰਭੀਆਂ ਹੋਈਆਂ ਹਨ ਅਤੇ 21 ਫ਼ਰਵਰੀ ਨੂੰ ਕੌਮਾਂਤਰੀ ਮਾਂ-ਬੋਲੀ ਦਿਵਸ ਤੱਕ ਸਾਰੇ ਸਰਕਾਰੀ ਤੇ ਨਿੱਜੀ ਅਦਾਰਿਆਂ ਦੇ ਬੋਰਡਾਂ ’ਤੇ ਪੰਜਾਬੀ ਨੂੰ ਪਹਿਲਾ ਸਥਾਨ ਦੇਣ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਨੂੰ ਪਹਿਲ ਦੇਣ ਵਾਸਤੇ ਪੰਜਾਬ ਸਰਕਾਰ ਨੇ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਸਿੱਖਿਆ ਸੰਸਥਾਵਾਂ, ਬੋਰਡਾਂ, ਕਾਰਪੋਰੇਸ਼ਨਾਂ ਤੋਂ ਇਲਾਵਾ ਪਬਲਿਕ ਤੇ ਪ੍ਰਾਈਵੇਟ ਦੁਕਾਨਾਂ, ਵਪਾਰਕ ਅਦਾਰਿਆਂ ’ਤੇ ਵੀ ਪੰਜਾਬੀ ਭਾਸ਼ਾ ਵਿੱਚ ਬੋਰਡ ਲਾਉਣਾ ਜ਼ਰੂਰੀ ਬਣਾਇਆ ਹੈ।
ਇਸ ਦੌਰਾਨ ਡਿਪਟੀ ਕਸ਼ਿਨਰ ਨੇ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਵਿੱਚ ਜਿੱਤ ਹਾਸਲ ਕਰਨ ਵਾਲੇ ਵਿਦਿਆਰਥਆਂ ਨੂੰ ਇਨਾਮ ਵੀ ਤਕਸੀਮ ਕੀਤੇ ਅਤੇ ਪੰਜਾਬੀ ਭਾਸ਼ਾ ਦੇ ਸਬੰਧ ਵਿੱਚ ਇੱਕ ਅਪੀਲ ਨੁਮਾ ਪੋਸਟਰ ਜਾਰੀ ਕੀਤੀ।
ਇਸ ਤੋਂ ਪਹਿਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਬੋਹਾ ਨੇ ਡਿਪਟੀ ਕਮਿਸ਼ਨਰ ਦਾ ਭਾਸ਼ਾ ਵਿਭਾਗ ਦੇ ਦਫ਼ਤਰ ਆਉਣ ’ਤੇ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀ ਬਲਜਿੰਦਰ ਸਿੰਘ, ਡਾ. ਓਂਕਾਰ ਸਿੰਘ, ਜਿਓਤੀ ਅਤਰੀ, ਦਲਵੀਰ ਕੌਰ, ਸੁਧਾ ਜੈਨ ਸੁਦੀਪ, ਨੀਤੀ ਪਸਰੀਚਾ, ਰਾਜ ਕੁਮਾਰ, ਹਰਵਿੰਦਰ ਕੌਰ, ਪ੍ਰੇਰਨਾ ਛਾਬੜਾ, ਚਰਨਇੰਦਰ ਜੀਤ ਸਿੰਘ, ਹਰਮਨਦੀਪ ਸਿੰਘ, ਰਾਕੇਸ਼ ਕੁਮਾਰ, ਜਤਿੰਦਰਪਾਲ ਸਿੰਘ, ਮਨਜੀਤ ਸਿੰਘ ਵੀ ਹਾਜ਼ਰ ਸਨ।
No comments:
Post a Comment