SBP GROUP

SBP GROUP

Search This Blog

Total Pageviews

‘ਆਓ ਗੀਤ ਗਾਈਏ ਰੁੱਖਾਂ ਦੇ’ ਪੁਸਤਕ ਲੋਕ ਅਰਪਣ ਅਤੇ ਵਿਚਾਰ ਚਰਚਾ

 ਐਸ ਏ ਐਸ ਨਗਰ : 4 ਅਪ੍ਰੈਲ ; ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘ਆਓ ਗੀਤ ਗਾਈਏ ਰੁੱਖਾਂ ਦੇ' ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ । ਸਮਾਗਮ ਦੀ ਪ੍ਰਧਾਨਗੀ ਡਾ. ਲਾਭ ਸਿੰਘ ਖੀਵਾ (ਸਾਬਕਾ ਪ੍ਰੋਫ਼ੈਸਰ) ਵੱਲੋਂ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼੍ਰੀ ਗੁਰਕਿਰਪਾਲ ਸਿੰਘ ਸੂਰਾਪੁਰੀ (ਪ੍ਰਸਿੱਧ ਗੀਤਕਾਰ ਤੇ ਲੇਖਕ) ਵੱਲੋਂ ਸ਼ਿਰਕਤ ਕੀਤੀ ਗਈ। 

            ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ।ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਉਹਨਾਂ ਵੱਲੋਂ ਦਿਨੋ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ‘ਚ ਅੱਜ ਰੁੱਖਾਂ ਦੀ ਲੋੜ ਦੇ ਵਿਸ਼ੇ 'ਤੇ ਲਿਖੀਆਂ ਇਹਨਾਂ ਕਵਿਤਾਵਾਂ ਦੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਪੁਸਤਕ ਲੋਕ ਅਰਪਣ 'ਤੇ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਵੀ ਕਰਵਾਇਆ ਗਿਆ। 

        

      ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਗੁਰਕਿਰਪਾਲ ਸਿੰਘ ਸੂਰਾਪੁਰੀ ਨੇ ਜਿੱਥੇ ਪੁਸਤਕ ਲੇਖਕ ਨੂੰ ਮੁਬਾਰਕਬਾਦ ਦਿੱਤੀ ਉੱਥੇ ਉਨ੍ਹਾਂ ਕਿਹਾ ਕਿ ਵਾਤਾਵਰਣ ਨਾਲ ਸਬੰਧਤ ਅਜਿਹੀ ਕਿਤਾਬ ਦਾ ਆਉਣਾ ਅੱਜ ਦੇ ਸਮੇਂ ਵਿੱਚ ਬਹੁਤ ਹੀ ਸ਼ੁਭ ਸ਼ਗਨ ਹੈ। ਰੁੱਖਾਂ ਦੇ ਇਸ ਵਿਸ਼ੇ 'ਤੇ ਲੇਖਕ ਦਾ ਫ਼ਿਕਰ ਵੀ ਵਧੇਰੇ ਜਾਪਦਾ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਲਾਭ ਸਿੰਘ ਖੀਵਾ ਵੱਲੋਂ ਆਖਿਆ ਗਿਆ ਕਿ ਇਹ ਕਿਤਾਬ ਰੁੱਖਾਂ ਨਾਲ ਮਨੁੱਖ ਦੇ ਸਦੀਵੀ ਸੰਬੰਧ ਨੂੰ ਦਰਸਾਉਂਦੀ ਹੈ। ਨਸ਼ਿਆਂ, ਧੀਆਂ ਅਤੇ ਹਥਿਆਰਾਂ ਨਾਲ ਜੁੜੇ ਕਈ ਗੀਤ ਜਾਂ ਕਵਿਤਾਵਾਂ ਸਾਨੂੰ ਮਿਲ ਜਾਂਦੀਆਂ ਹਨ ਪਰ ਸਾਡੀ ਜ਼ਿੰਦਗੀ, ਜ਼ਿੰਦਗੀ ਦੇ ਦਵੰਦਾਂ ਤੇ ਜ਼ਿੰਦਗੀ ਦੀਆਂ ਲੋੜਾਂ ਨਾਲ ਸਬੰਧਤ ਗੀਤ ਵੀ ਜ਼ਰੂਰ ਲਿਖੇ ਜਾਣੇ ਚਾਹੀਦੇ ਹਨ, ਜੋ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਇਹ ਕੰਮ ਬਾਖ਼ੂਬੀ ਨਿਭਾਇਆ ਹੈ। ਇਹ ਵਧੀਆ ਗੱਲ ਹੈ ਇਸ ਕਿਤਾਬ ਦਾ ਮੁੱਖ ਧੁਰਾ ਵੀ ਸਾਡੇ ਰੁੱਖ ਹੀ ਹਨ। ਪਰਚਾ ਲੇਖਕ ਸ਼੍ਰੀ ਰਾਜਿੰਦਰ ਸਿੰਘ ਧੀਮਾਨ ਅਨੁਸਾਰ ਕਵੀ ਨੇ ਆਪਣਾ ਰੁਝਾਨ ਵਾਤਾਵਰਣ, ਰੁੱਖਾਂ, ਵੱਲ ਕੇਂਦਰਿਤ ਕਰਦਿਆਂ ਰੁੱਖਾਂ ਦੇ ਸਾਡੀ ਜ਼ਿੰਦਗੀ ਨਾਲ ਅਟੁੱਟ ਰਿਸ਼ਤੇ ਦੀ ਗੱਲ ਕੀਤੀ ਹੈ। 
          ਪੁਸਤਕ ਦੀ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਭੁਪਿੰਦਰ ਸਿੰਘ ਭਾਗੋਮਾਜਰਾ ਵੱਲੋਂ ਆਖਿਆ ਗਿਆ ਕਿ ਇਸ ਕਿਤਾਬ ਨੂੰ ਜੇਕਰ ਘਰ ਦਾ ਵੈਦ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਭਗਤ ਰਾਮ ਰੰਗਾੜਾ ਨੇ ਕਿਹਾ ਕਿ ਇਸ ਕਿਤਾਬ ਵਿੱਚ ਲਗਭਗ ਸਾਰੇ ਰੁੱਖਾਂ ਦਾ ਜ਼ਿਕਰ ਕੀਤਾ ਹੈ।‘ਆਓ ਗੀਤ ਗਾਈਏ ਰੁੱਖਾਂ ਦੇ’ ਕਾਵਿ-ਸੰਗ੍ਰਹਿ ‘ਚੋਂ ਜਗਤਾਰ ਸਿੰਘ ਜੋਗ, ਸਤਵੀਰ ਕੌਰ, ਕਿਰਨ ਬੇਦੀ ਅਤੇ ਰਾਜਵਿੰਦਰ ਸਿੰਘ ਗੰਡੂ ਵੱਲੋਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਗਈਆਂ। 
          ਪੁਸਤਕ ਦੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਆਪਣੀ ਸਿਰਜਣ ਪ੍ਰਕਿਰਿਆ ਦੀ ਗੱਲ ਕਰਦਿਆਂ ਕਿਹਾ ਗਿਆ ਕਿ ਬੱਚਿਆਂ ਦੇ ਕਰੀਬ ਰਹਿਣ ਕਰਕੇ ਜ਼ਿਆਦਾਤਰ ਪੁਸਤਕ ਮੇਰੇ ਜੀਵਨ ਤਜ਼ਰਬਿਆਂ ਦਾ ਹਾਸਲ ਹੈ। ਰੁੱਖਾਂ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ ਇਸ ਕਰਕੇ ਮੈਂ ਕਿਤਾਬ ਅੰਦਰ ਹਰ ਰੁੱਖ ਦੀ ਲੋੜ ਤੇ ਮਹੱਤਵ ਦਰਸ਼ਕਾਂ ਸਾਹਮਣੇ ਪੇਸ਼ ਕੀਤੇ ਹਨ। 
          ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਪ੍ਰਧਾਨਗੀ ਮੰਡਲ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ ਅਤੇ ਸਮਾਗਮ ਵਿੱਚ ਪਹੁੰਚਣ ਲਈ ਸਮੂਹ ਹਾਜ਼ਰੀਨ ਦਾ ਧੰਨਵਾਦ ਵੀ ਕੀਤਾ ਗਿਆ। 
         ਇਸ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਸੱਚਪ੍ਰੀਤ ਖੀਵਾ, ਡਾ. ਮਨਜੀਤ ਸਿੰਘ ਮਝੈਲ, ਬਲਵਿੰਦਰ ਸਿੰਘ, ਦਰਸ਼ਨ ਤਿਉਣਾ, ਗੁਰਚਰਨ ਸਿੰਘ, ਮਨਜੀਤਪਾਲ ਸਿੰਘ, ਡਾ. ਸੁਨੀਤਾ ਰਾਣੀ, ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ, ਸੁਧਾ ਜੈਨ ਸੁਦੀਪ, ਸਰਦਾਰਾ ਸਿੰਘ ਚੀਮਾ, ਪਰਮਿੰਦਰ ਸਿੰਘ, ਧਿਆਨ ਸਿੰਘ ਕਾਹਲੋਂ, ਜਤਿੰਦਰਪਾਲ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।
 ਮੰਚ ਸੰਚਾਲਨ ਮਨਦੀਪ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

No comments:


Wikipedia

Search results

Powered By Blogger