ਪੰਜਾਬ ਦੇ ਸਮੂਹ ਜਿਲਿਆਂ ਤੋਂ 800 ਦੇ ਕਰੀਬ ਖਿਡਾਰੀ ਲੈਣਗੇ ਭਾਗ
ਮੋਹਾਲੀ, 12 ਜੂਨ : ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ 3 ਦਿਨਾਂ 8ਵੀ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਨਿਊ ਚੰਡੀਗੜ੍ਹ ਸਥਿਤ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ 13 ਤੋਂ 15 ਜੂਨ ਤੱਕ ਕਰਵਾਈ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਪ੍ਰਧਾਨ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ 3 ਦਿਨ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਕਰਨਗੇ। ਇਸ ਮੌਕੇ ਰਤਵਾੜਾ ਸਾਹਿਬ ਟਰੱਸਟ ਦੇ ਚੇਅਰਮੈਨ ਬਾਬਾ ਲਖਵੀਰ ਸਿੰਘ ਜੀ ਵੀ ਉਚੇਚੇ ਤੌਰ ਤੇ ਆਪਣਾ ਅਸ਼ੀਰਵਾਦ ਦੇਣ ਲਈ ਮੌਜੂਦ ਰਹਿਣਗੇ।
ਸੋਹਲ ਨੇ ਦੱਸਿਆ ਗਤਕਾ ਫੈਡਰੇਸ਼ਨ ਆਫ ਇੰਡੀਆ ਜਿਸਦੇ ਪ੍ਰਧਾਨ ਸ ਹਰਚਰਨ ਸਿੰਘ ਭੁੱਲਰ ਆਈਪੀਐਸ ਹਨ, ਦੀ ਅਗਵਾਈ ਵਾਲੀ ਪੰਜਾਬ ਗਤਕਾ ਐਸੋਸੀਏਸ਼ਨ ਜੋ ਕਿ ਵਰਲਡ ਗਤਕਾ ਫੈਡਰੇਸ਼ਨ ਜਿਸਦੇ ਪ੍ਰਧਾਨ ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਰਾਜ ਸਭਾ ਮੈਂਬਰ ਸ ਸੁਖਦੇਵ ਸਿੰਘ ਢੀਂਡਸਾ ਹਨ ਅਤੇ ਏਸ਼ੀਆ ਦੇ ਪ੍ਰਧਾਨ ਸਰਬੱਤ ਦਾ ਭਲਾ ਟਰਸਟ ਦੇ ਚੇਅਰਮੈਨ ਐਸ ਪੀ ਉਬਰਾਏ ਹਨ, ਦੀ ਦੇਖ-ਰੇਖ ਹੇਠ ਕੰਮ ਕਰਦੀ ਹੈ ਅਤੇ ਇਹ ਪੰਜਾਬ ਸਟੇਟ ਸਪੋਰਟਸ ਕੌਂਸਲ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਅੱਗੇ ਕਿਹਾ ਕਿ ਗਤਕੇ ਦੇ ਨੈਸ਼ਨਲ ਖੇਡਾਂ ਅਤੇ ਖੇਲੋ ਇੰਡੀਆ ਵਿੱਚ ਸ਼ਾਮਲ ਹੋਣ ਮਗਰੋਂ ਵੱਡੀ ਗਿਣਤੀ ਵਿੱਚ ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਬੱਚੇ ਗਤਕੇ ਨਾਲ ਜੁੜ ਰਹੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।
ਸ ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਦੇਖ ਰੇਖ ਵਿੱਚ ਇਸ 3 ਦਿਨਾ ਚੈਂਪੀਅਨਸ਼ਿਪ ਵਿੱਚ ਲੜਕੇ ਅਤੇ ਲੜਕੀਆਂ ਅੰਡਰ 14, 17, 19, 22, 25 ਅਤੇ ਅੰਡਰ 28 ਮੁਕਾਬਲਿਆ ਵਿੱਚ ਕਰੀਬ 800 ਖਿਡਾਰੀ ਭਾਗ ਲੈਣਗੇ। ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐਸੋਸੀਏਸ਼ਨ ਦੁਆਰਾ 40 ਮੈਂਬਰੀ ਟੀਮ ਗਠਿਤ ਕੀਤੀ ਗਈ ਹੈ ਇਸ ਵਾਰ ਦੀ ਚੈਂਪੀਅਨਸ਼ਿਪ ਟੀ.ਐਸ.ਆਰ. ਸਿਸਟਮ ਨਾਲ ਕਰਵਾਈ ਜਾਵੇਗੀ ਅਤੇ ਵੱਡੀਆਂ ਐਲ ਈ ਡੀ ਸਕਰੀਨਾਂ ਤੇ ਨਤੀਜੇ ਨਾਲ ਦੀ ਨਾਲ ਦਿਖਾਈ ਦੇਣਗੇ।
ਇਸ ਮੌਕੇ ਸ਼੍ਰੀ ਰਤਵਾੜਾ ਸਾਹਿਬ ਟਰੱਸਟ ਦੇ ਚੇਅਰਮੈਨ ਬਾਬਾ ਲਖਵੀਰ ਸਿੰਘ ਜੀ ਵੀ ਆਪਣਾ ਆਸ਼ੀਰਵਾਦ ਦੇਣ ਲਈ ਮੌਜੂਦ ਰਹਿਣਗੇ। ਜਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ 7ਵੀ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਦੌਰਾਨ ਬਾਬਾ ਜੀ ਵਲੋਂ 2 ਲੱਖ ਰੁਪਏ ਦੀ ਰਾਸ਼ੀ ਗਤਕੇ ਨੂੰ ਹੋਰ ਜ਼ਿਆਦਾ ਪ੍ਰਫੁੱਲਤ ਕਰਨ ਲਈ ਅਸ਼ੀਰਵਾਦ ਦੇ ਰੂਪ ਵਿੱਚ ਦਿੱਤੀ ਗਈ ਸੀ। ਇਸ ਦੇ ਨਾਲ ਹੀ ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਵੀ ਐਸੋਸੀਏਸ਼ਨ ਨੂੰ ਆਪਣਾ ਥਾਪੜਾ ਦੇ ਚੁੱਕੇ ਹਨ।
ਦੱਸਣਯੋਗ ਹੈ ਕਿ ਐਸੋਸੀਏਸ਼ਨ ਵੱਲੋਂ ਸਮੇਂ ਸਮੇਂ ਤੇ ਸਟੇਟ ਅਤੇ ਨੈਸ਼ਨਲ ਪੱਧਰ ਦੇ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ। ਜਿਨ੍ਹਾਂ ਵਿੱਚ ਬੀਤੇ ਦਿਨੀਂ ਸੀਚੇਵਾਲ ਵਿਖੇ ਗਤਕਾ ਕੱਪ, ਇਸ ਤੋਂ ਪਹਿਲਾਂ ਪਾਉਂਟਾ ਸਾਹਿਬ ਵਿਖੇ ਗਤਕਾ ਕੱਪ, ਦਿੱਲੀ ਵਿਖੇ ਨੈਸ਼ਨਲ ਚੈਂਪੀਅਨਸ਼ਿਪ, ਰਤਵਾੜਾ ਸਾਹਿਬ ਵਿਖੇ ਪਿਛਲੇ ਸਾਲ ਸਟੇਟ ਪੱਧਰੀ ਮੁਕਾਬਲੇ ਆਦਿ ਪ੍ਰਮੁੱਖ ਹਨ।
ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ ਹਰਚਰਨ ਸਿੰਘ ਭੁੱਲਰ ਆਈਪੀਐਸ ਦੀ ਅਗਵਾਈ ਪੰਜਾਬ ਗਤਕਾ ਐਸੋਸੀਏਸ਼ਨ ਵਿਚ ਇਕ ਵੱਡੀ ਟੀਮ ਸੁਚਾਰੂ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਇਨ੍ਹਾਂ ਵਿੱਚ ਸ ਮਨਜੀਤ ਸਿੰਘ, ਬੀਬੀ ਜਗਕਿਰਨ ਕੌਰ ਵੜੈਚ, ਸ ਦਵਿੰਦਰ ਸਿੰਘ ਜੁਗਨੀ, ਸ ਜਗਦੀਸ਼ ਸਿੰਘ ਕੁਰਾਲੀ, ਸ ਜਸਵਿੰਦਰ ਸਿੰਘ ਪਾਬਲਾ, ਪ੍ਰਭਮੀਤ ਸਿੰਘ, ਸ ਮਨਵਿੰਦਰ ਸਿੰਘ, ਸ ਗੁਰਲਾਲ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਰੈਫਰੀ ਅਤੇ ਜੱਜ ਸਾਹਿਬਾਨ ਆਪੋ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ।


No comments:
Post a Comment